ਕਿਉਂ ਦਿੱਤਾ ਮਨਜੀਤ ਸਿੰਘ ਜੀ.ਕੇ. ਨੇ ਅਸਤੀਫਾ !

12/06/2018 6:57:42 PM

ਜਲੰਧਰ, (ਜਸਬੀਰ ਵਾਟਾਂਵਾਲੀ)— ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਕ ਅਹਿਮ ਮੀਟਿੰਗ ਦੌਰਾਨ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਉਨ੍ਹਾਂ ਤੋਂ ਇਲਾਵਾ ਸਕੱਤਰ ਜਨਰਲ ਮਨਜਿੰਦਰ ਸਿੰਘ ਸਿਰਸਾ ਅਤੇ ਬਾਕੀ ਸਾਰੇ ਅਹੁਦੇਦਾਰਾਂ ਨੇ ਵੀ ਆਪੋ-ਆਪਣੇ ਅਹੁਦਿਆਂ ਤੋਂ ਅਸਤੀਫੇ ਦੇ ਦਿੱਤੇ।  ਜੀ. ਕੇ ਦੇ ਅਸਤੀਫੇ ਨੇ ਮੀਡੀਆ 'ਚ ਨਵੀਂ ਚਰਚਾ ਛੇੜ ਦਿੱਤੀ ਹੈ। ਸਿਆਸੀ ਮਾਹਰਾਂ ਦੀ ਮੰਨੀਏ ਤਾਂ ਜੀ. ਕੇ ਦੇ ਅਸਤੀਫੇ ਦਾ ਕਾਰਨ ਕੁਝ ਹੋਰ ਨਹੀਂ ਬਲਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਦਨਾਮੀ ਤੋਂ ਬਚਾਉਣ ਲਈ ਹੀ ਇਹ ਅਸਤੀਫਾ ਲਿਆ ਗਿਆ ਹੈ। 


ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਕ ਮੈਂਬਰ ਗੁਰਮੀਤ ਸਿੰਘ ਸ਼ੰਟੀ ਮਨਜੀਤ ਸਿੰਘ ਜੀ. ਕੇ 'ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾਏ ਸਨ। ਉਸ ਅਨੁਸਾਰ ਜੀ. ਕੇ ਨੇ ਕਿਤਾਬਾਂ ਦੀ ਛਪਾਈ 'ਚ 51 ਲੱਖ ਰੁਪਏ ਦਾ ਘੋਟਾਲਾ ਕੀਤਾ ਸੀ। ਉਸ ਨੇ ਦੋਸ਼ ਲਗਾਏ ਸਨ ਕਿ ਜੀ. ਕੇ ਨੇ ਇਹ ਘੋਟਾਲਾ ਆਪਣੀ ਧੀ ਦੀ ਬੰਦ ਪਈ ਕੰਪਨੀ ਨੂੰ ਠੇਕਾ ਦੇ ਕੇ ਕੀਤਾ ਸੀ। ਇਸ ਤੋਂ ਬਾਅਦ ਹੀ ਗੁਰਮੀਤ ਸਿੰਘ ਸ਼ੰਟੀ ਨੇ ਜੀ. ਕੇ ਖਿਲਾਫ ਅਦਾਲਤ 'ਚ ਕੇਸ ਵੀ ਦਰਜ ਕਰਵਾਇਆ ਸੀ। ਅਦਾਲਤ 'ਚ ਇਸ ਮਾਮਲੇ ਦੀ ਸੁਣਵਾਈ 7 ਦਸੰਬਰ ਯਾਨੀ ਕੱਲ੍ਹ ਹੋਣੀ ਹੈ। 


ਮਾਹਰਾਂ ਅਨੁਸਾਰ ਕੱਲ੍ਹ ਜੇਕਰ ਇਸ ਸੁਣਵਾਈ ਦੌਰਾਨ ਅਦਾਲਤ ਵੱਲੋਂ ਜੀ. ਕੇ. ਖਿਲਾਫ ਮਾਮਲਾ ਦਰਜ ਕਰਨ ਦੇ ਹੁਕਮ ਦਿੱਤੇ ਜਾਂਦੇ ਹਨ ਤਾਂ ਪੂਰੀ ਦੁਨੀਆਂ 'ਚ ਦਿੱਲੀ ਗੁਰਦੁਆਰਾ ਕਮੇਟੀ ਦੀ ਬਦਨਾਮੀ ਹੋਣ ਦਾ ਡਰ ਸੀ। ਉਨ੍ਹਾਂ ਦਾ ਮੰਨਣਾ ਹੈ ਕਿ ਇਸੇ ਬਦਨਾਮੀ ਤੋਂ ਬਚਣ ਲਈ ਹੀ ਇਹ ਅਸਤੀਫੇ ਜਾਣ ਬੁੱਝ ਕੇ ਲਏ ਗਏ ਹਨ। ਅਸਤੀਫੇ ਤੋਂ ਬਾਅਦ ਭਾਵੇਂ ਕਿ ਜੀ. ਕੇ. ਨੇ ਵੀ ਕੁੱਝ ਇਸੇ ਤਰ੍ਹਾਂ ਦੇ ਹੀ ਸੰਕੇਤ ਦਿੱਤੇ ਅਤੇ ਕਿਹਾ ਕਿ ਕਮੇਟੀ 'ਤੇ ਲੱਗੇ ਇਲਜ਼ਾਮਾਂ ਤੋਂ ਬਾਅਦ ਸਾਰੇ ਅਹੁਦੇਦਾਰਾਂ ਨੇ ਅਸਤੀਫਾ ਦੇਣ ਦਾ ਫੈਸਲਾ ਕੀਤਾ ਹੈ। ਜੀ. ਕੇ. ਨੇ ਇਹ ਵੀ ਕਿਹਾ ਕਿ ਜਦੋਂ ਤੱਕ ਉਨ੍ਹਾਂ 'ਤੇ ਲੱਗੇ ਇਲਜ਼ਾਮ ਧੋਤੇ ਨਹੀਂ ਜਾਂਦੇ ਉਦੋਂ ਤੱਕ ਉਹ ਕਿਸੇ ਵੀ ਅਹੁਦੇ 'ਤੇ ਨਹੀਂ ਬੈਠਣਗੇ।

ਇਸ ਸਭ ਤੋਂ ਬਾਅਦ ਧਾਰਮਿਕ ਅਤੇ ਸਿਆਸੀ ਗਲਿਆਰਿਆਂ ਵਿਚ ਇਹ ਚਰਚਾ ਛਿੜ ਚੁੱਕੀ ਹੈ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਉਣ ਵਾਲੇ ਚਿਹਰੇ ਕੌਣ ਹੋਣਗੇ। ਸੱਚਾਈ ਇਹ ਵੀ ਹੈ ਕਿ ਅਕਾਲੀ ਦਲ ਪਹਿਲਾਂ ਹੀ ਸੰਕਟ ਦੇ ਦੌਰ 'ਚੋਂ ਗੁਜਰ ਰਿਹਾ ਹੈ ਅਜਿਹੇ ਹਾਲਾਤ ਵਿਚ ਪ੍ਰਧਾਨ ਅਤੇ ਸਕੱਤਰ ਸਮੇਤ ਦੂਜੇ ਅਹੁਦਿਆਂ ਲਈ ਭਰੋਸੇਯੋਗ ਚਿਹਰਿਆਂ ਨੂੰ ਲੱਭਣਾ ਉਸ ਲਈ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੋਵੇਗਾ।