ਸ਼੍ਰੋਮਣੀ ਕਮੇਟੀ ਨੇ ਬੀੜ ਥਾਣੇ ਲਿਜਾਣ ’ਤੇ ਖੁਦ ਕਿਉਂ ਨਹੀਂ ਰਿਪੋਰਟ ਲਿਖਾਈ : ਬੀਰ ਦਵਿੰਦਰ

02/28/2023 11:04:16 AM

ਲੁਧਿਆਣਾ (ਮੁੱਲਾਂਪੁਰੀ) : ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬੀੜ ਨੂੰ ਭਾਈ ਅੰਮ੍ਰਿਤਪਾਲ ਅਤੇ ਉਸ ਦੇ ਹਜ਼ੂਮ ਵੱਲੋਂ ਪਿਛਲੇ ਦਿਨੀਂ ਢਾਲ ਬਣਾ ਕੇ ਗੁਰੂ ਸਾਹਿਬ ਦੀ ਬੀੜ ਨੂੰ ਅਜਨਾਲੇ ਥਾਣੇ ਲੈ ਕੇ ਜਾਣਾ ਅਤੇ ਉਸ ਦਿਨ ਵਾਪਰੇ ਕਾਂਡ ਦੀ ਸਹੀ ਰਿਪੋਰਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉਸੇ ਦਿਨ ਹੀ ਥਾਣੇ ਵਿਚ ਦਰਜ ਕਰਵਾਉਣੀ ਚਾਹੀਦੀ ਸੀ ਕਿਉਂਕਿ ਇਹ ਗੁਰੂ ਦਾ ਅਪਮਾਨ ਕਰਨ ਵਰਗੀ ਕਾਰਵਾਈ ਸੀ। ਇਸ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਐੱਫ.ਆਈ.ਆਰ. ਦਰਜ ਕਰਵਾਉਣ ਵਿਚ ਕੀਤੀ ਜਾ ਰਹੀ ਦੇਰ ਦੀ ਸਮਝ ਨਹੀਂ ਆ ਰਹੀ। ਇਹ ਸ਼ਬਦ ਪੰਜਾਬ ਦੇ ਚਿੰਤਕ ਆਗੂ ਤੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਗੱਲਬਾਤ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਉਹ ਚਾਰ ਦਿਨ ਬੀਤ ਜਾਣ ਤੋਂ ਬਾਅਦ ਇਹ ਸੋਚ ਕੇ ਹੁਣ ਬਿਆਨ ਦੇ ਰਹੇ ਹਨ ਕਿ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕੀ ਮਜਬੂਰੀ ਹੈ ਕਿ ਹੁਣ ਤੱਕ ਰਿਪੋਰਟ ਕਿਉਂ ਨਹੀਂ ਦਰਜ ਕਰਵਾਈ। ਬੀਰ ਦਵਿੰਦਰ ਨੇ ਕਿਹਾ ਕਿ ਥਾਣੇ ਵਿਚ ਜਾਂ ਤਾਂ ਕੋਈ ਸ਼ਿਕਾਇਤ ਦਰਜ ਕਰਵਾਉਂਦਾ ਹੈ ਜਾਂ ਫਿਰ ਪੁਲਸ ਮੁਲਜ਼ਮ ਨੂੰ ਫੜ ਕੇ ਥਾਣੇ ਲਿਜਾਂਦੀ ਹੈ ਪਰ ਇਨ੍ਹਾਂ ਲੋਕਾਂ ਨੇ ਸਾਡੇ ਗੁਰੂ ਨੂੰ ਬਿਨਾਂ ਮਲਤਬ ਦੇ ਥਾਣੇ ਲਿਜਾ ਕੇ ਆਪਣੀ ਖੱਲ ਬਚਾਉਣ ਲਈ ਗੁਰੂ ਨੂੰ ਢਾਲ ਬਣਾਉਣ ਵਰਗੀ ਕੋਝੀ ਹਰਕਤ ਕੀਤੀ ਹੈ।

ਇਹ ਵੀ ਪੜ੍ਹੋ : ਸਿਰਫ਼ ਅਰਵਿੰਦ ਕੇਜਰੀਵਾਲ ਹੀ ਪੀ. ਐੱਮ. ਮੋਦੀ ਨੂੰ ਚੋਣ ਜੰਗ ’ਚ ਹਰਾ ਸਕਦੇ ਹਨ : ਰਾਘਵ ਚੱਢਾ    

ਉਨ੍ਹਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇ. ਗਿਆਨੀ ਹਰਪ੍ਰੀਤ ਸਿੰਘ ਵੱਲੋਂ ਵੀ ਵੱਟੀ ਗਈ ਚੁੱਪ ਅਤੇ ਇਸ ਮਾਮਲੇ ’ਚ ਕੋਈ ਸਖਤ ਕਾਰਵਾਈ ਜਾਂ ਦੋਸ਼ੀਆਂ ਖ਼ਿਲਾਫ਼ ਕੋਈ ਵੱਡਾ ਹੁਕਮ ਨਹੀਂ ਸੁਣਾਇਆ ਗਿਆ, ਜਦੋਂਕਿ ਇਕ ਕਮੇਟੀ ਬਣਾ ਕੇ ਖਾਨਾਪੂਰਤੀ ਕਰਨ ਵਰਗੀ ਕਾਰਵਾਈ ਕੀਤੀ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਇਹ ਸਭ ਕੁਝ ਦੇਖ ਰਹੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਸ ਮਾਮਲੇ ਵਿਚ ਖਾਮੋਸ਼ੀ ਅਤੇ ਕੋਈ ਕਾਰਵਾਈ ਕਰਨ ਅਤੇ ਬਿਆਨਬਾਜ਼ੀ ਤੋਂ ਪਾਸੇ ਰਹਿਣਾ ਸਿੱਖ ਸੰਗਤ ਵਿਚ ਰੋਸ ਅਤੇ ਰੋੋਹ ਪੈਦਾ ਕਰਦਾ ਹੈ। ਬੀਰ ਦਵਿੰਦਰ ਨੇ ਕਿਹਾ ਕਿ ਇਸ ਕਾਰਵਾਈ ਨਾਲ ਸੰਸਾਰ ਭਰ ਵਿਚ ਵਸਦੇ ਸਿੱਖਾਂ ਅਤੇ ਇਸ ਦੇ ਨਾਲ ਜੁੜੀ ਸੰਗਤ ਦੇ ਮਨਾਂ ਨੂੰ ਭਾਰੀ ਸੱਟ ਵੱਜੀ ਹੈ। ਅਜੇ ਵੀ ਸ਼੍ਰੋਮਣੀ ਕਮੇਟੀ ਨੂੰ ਹਰਕਤ ਵਿਚ ਆਉਣਾ ਚਾਹੀਦਾ ਹੈ ਤਾਂ ਜੋ ਭਵਿੱਖ ਵਿਚ ਅਜਿਹੀ ਮੰਦਭਾਗੀ ਘਟਨਾ ਨਾ ਵਾਪਰੇ।

ਇਹ ਵੀ ਪੜ੍ਹੋ : ਨੌਜਵਾਨ ਦੀਆਂ ਉਗਲੀਆਂ ਕੱਟਣ ਦਾ ਮਾਮਲਾ, ਮੁਲਜ਼ਮ ਤਰੁਣ ਨੂੰ 6 ਮਾਰਚ ਤੱਕ ਪੁਲਸ ਰਿਮਾਂਡ ’ਤੇ ਭੇਜਿਆ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

Anuradha

This news is Content Editor Anuradha