ਖਹਿਰਾ ਨੇ ਸਨਕਦੀਪ ਨੂੰ ਕਿਉਂ ਬਣਾਇਆ ‘ਪੰਜਾਬ ਏਕਤਾ ਪਾਰਟੀ ਦਾ ਪ੍ਰਧਾਨ’ ?

03/06/2019 6:54:43 PM


ਜਲੰਧਰ (ਜਸਬੀਰ ਵਾਟਾਂ ਵਾਲੀ) ਸੁਖਪਾਲ ਸਿੰਘ ਖਹਿਰਾ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਨਹੀਂ ਹਨ, ਇਸ ਗੱਲ ਦਾ ਜਦੋਂ ਮੀਡੀਆ ਵਿਚ ਖੁਲਾਸਾ ਹੋਇਆ ਤਾਂ ਸਿਆਸੀ ਹਲਕਿਆਂ 'ਚ ਭੂਚਾਲ ਪੈਦਾ ਹੋ ਗਿਆ। ਪਾਰਟੀ ਰਜਿਸਟ੍ਰੇਸ਼ਨ ਲਈ ਚੋਣ ਕਮਿਸ਼ਨ ਦੇ ਦਫਤਰ 'ਚ ਦਿੱਤੇ ਗਏ ਦਸਤਾਵੇਜ਼ਾਂ ਮੁਤਾਬਕ ਪਾਰਟੀ ਦੀ ਪ੍ਰਧਾਨਗੀ ਫਰੀਦਕੋਟ ਦੇ ਸਨਕਦੀਪ ਸਿੰਘ ਨੂੰ ਦਿੱਤੀ ਗਈ ਹੈ ਅਤੇ ਜਨਰਲ ਸਕਤਰ ਦਾ ਅਹੁਦਾ ਫਰੀਦਕੋਟ ਦੇ ਜਸਵੰਤ ਸਿੰਘ ਨੂੰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਫਰੀਦਕੋਟ ਦੇ ਕੁਲਦੀਪ ਸਿੰਘ ਨੂੰ ਪਾਰਟੀ ਦਾ ਖਜਾਨਚੀ ਬਣਾਇਆ ਗਿਆ ਹੈ। ਇਹ ਸਾਰੀ ਜਾਣਕਾਰੀ 16 ਫਰਵਰੀ ਦੇ ਦਿਨ 'ਦਿ ਹਿੰਦੂ' ਅਖਬਾਰ ਰਾਹੀਂ ਚੋਣ ਕਮਿਸ਼ਨ ਵੱਲੋਂ ਜਨਤਕ ਕੀਤੀ ਗਈ। ਇਸ ਤੋਂ ਇਲਾਵਾ ਚੋਣ ਕਮਿਸ਼ਨ ਵੱਲੋਂ ਪੰਜਾਬ ਏਕਤਾ ਪਾਰਟੀ ਵੱਲੋਂ ਦਿੱਤੇ ਗਏ ਬੇਨਤੀ ਪੱਤਰ ਦੀ ਕਾਪੀ ਵੀ ਆਪਣੀ ਵੈਬੱਟਸਾਈਟ 'ਤੇ ਅਪਲੋਡ ਕੀਤੀ ਗਈ ਹੈ। ਚੋਣ ਕਮਿਸ਼ਨ ਵੱਲੋਂ ਇਸ ਪਬਲਿਕ ਨੋਟਿਸ 'ਚ 19 ਮਾਰਚ ਤੱਕ ਇਤਰਾਜ਼ ਮੰਗੇ ਗਏ ਹਨ। ਇਸ ਤੋਂ ਬਾਅਦ ਹੀ ਚੋਣ ਚੋਣ ਕਮਿਸ਼ਨ ਵੱਲੋਂ ਖਹਿਰਾ ਦੀ ਪਾਰਟੀ ਨੂੰ ਰਜਿਸਟਰਡ ਕਰਨ ਸਬੰਧੀ ਕੋਈ ਫੈਸਲਾ ਲਿਆ ਜਾਵੇਗਾ।

ਜ਼ਿਕਰਯੋਗ ਹੈ ਕਿ ਜਿਸ ਵੇਲੇ ‘ਪੰਜਾਬ ਏਕਤਾ ਪਾਰਟੀ’ ਦੀ ਸਥਾਪਨਾ ਕੀਤੀ ਗਈ ਸੀ, ਉਸ ਮੌਕੇ ਸੁਖਪਾਲ ਖਹਿਰਾ ਨੂੰ ਹੀ ਪਾਰਟੀ ਦੇ ਪ੍ਰਧਾਨ ਵਜੋਂ ਐਲਾਨਿਆ ਗਿਆ ਸੀ। 'ਜਗ ਬਾਣੀ' ਨੇ ਇਸ ਗੱਲ ਦੀ ਪੁਸ਼ਟੀ ਲਈ ਜਦੋਂ ਸੁਖਪਾਲ ਖਹਿਰਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਸਨਕਦੀਪ ਦੇ ਪਾਰਟੀ ਪ੍ਰਧਾਨ ਹੋਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਫਿਲਹਾਲ ਉਹ ਕਾਨੂੰਨੀ ਤੌਰ 'ਤੇ ਪਾਰਟੀ ਦੇ ਪ੍ਰਧਾਨ ਨਹੀਂ ਹਨ। 

ਖਹਿਰਾ ਦੀ ਸਨਕਦੀਪ ਨੂੰ ਪ੍ਰਧਾਨ ਬਣਾਉਣ ਪਿੱਛੇ ਕੀ ਹੈ ਮਜਬੂਰੀ ?


ਹੁਣ ਸਵਾਲ ਇਹ ਖੜਾ ਹੁੰਦਾ ਹੈ ਕਿ ਆਖਰਕਾਰ ਸੁਖਪਾਲ ਸਿੰਘ ਖਹਿਰਾ ਨੇ ਇਹ ਸਭ ਕਿਸ ਉਦੇਸ਼ ਨਾਲ ਅਤੇ ਕਿਉਂ ਕੀਤਾ? ਸਿਆਸੀ ਮਾਹਰਾਂ ਦੀ ਮੰਨੀਏ ਤਾਂ ਸੁਖਪਾਲ ਸਿੰਘ ਖਹਿਰਾ ਨੇ ਇਹ ਸਭ ਆਪਣੀ ਵਿਧਾਇਕੀ ਬਚਾਉਣ ਲਈ ਹੀ ਕੀਤਾ ਹੈ। ਪਿਛਲੇ ਸਮੇਂ ਦੌਰਾਨ ਸੁਖਪਾਲ ਸਿੰਘ ਖਹਿਰਾ ਨੂੰ ਉਨ੍ਹਾਂ ਦੇ ਵਿਰੋਧੀਆਂ ਵੱਲੋਂ 'ਅਨੁਸ਼ਾਸ਼ਨ ਭੰਗ' ਕਰਨ ਦੇ ਦੋਸ਼ ਹੇਠ ਪਾਰਟੀ ਵਿਚੋਂ ਕਢਵਾ ਦਿੱਤਾ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਦੇ ਵਿਰੋਧੀਆਂ ਨੇ ਐਂਟੀਡਫੈਕਸ਼ਨ ਲਾਅ ਦਾ ਹਵਾਲਾ ਦਿੰਦਿਆਂ ਖਹਿਰਾਂ ਕੋਲੋਂ ਵਿਧਾਇਕੀ ਖੋਹਣ ਦੀ ਵੀ ਮੰਗ ਕੀਤੀ ਸੀ। ਇਸੇ ਤਹਿਤ ਹੀ ਵਿਧਾਨ ਸਭਾ ਸਪੀਕਰ ਨੂੰ ਵੀ ਸੁਖਪਾਲ ਸਿੰਘ ਖਹਿਰਾ ਦੀ ਵਿਧਾਇਕੀ ਭੰਗ ਕਰਨ ਦੀ ਅਪੀਲ ਕੀਤੀ ਗਈ ਸੀ। ਇਸ ਸਭ ਦੇ ਮੱਦੇਨਜ਼ਰ ਹੀ ਸੁਖਪਾਲ ਖਹਿਰਾ ਨੇ ਖੁਦ ਨੂੰ ਐਂਟੀਡਿਫੈਕਸ਼ਨ ਲਾਅ ਤੋਂ ਬਚਾਉਣ ਲਈ ਸਨਕਦੀਪ ਅਤੇ ਆਪਣੇ ਹੋਰ ਭਰੋਸੇਯੋਗ ਸਾਥੀਆਂ ਨੂੰ ਪਾਰਟੀ ਦੀਆਂ ਮੁੱਖ ਅਹੁਦੇਦਾਰੀਆਂ ਸੌਂਪ ਦਿੱਤੀਆਂ ਹਨ। ਹੁਣ ਦੇਖਣਾ ਹੋਵੇਗਾ ਕਿ ਖਹਿਰਾ ਵੱਲੋਂ ਖੇਡਿਆ ਗਿਆ ਪੱਤਾ ਉਸ ਦੀ ਵਿਧਾਇਕੀ ਨੂੰ ਬਚਾਉਣ 'ਚ ਮਦਦਗਾਰ ਸਾਬਤ ਹੋਵੇਗਾ ਜਾਂ ਨਹੀਂ।


jasbir singh

This news is News Editor jasbir singh