ਚਿੱਟੀ ਮੱਖੀ ਤੋਂ ਪਰੇਸ਼ਾਨ ਕਿਸਾਨਾਂ ਨੇ ਨਰਮੇ ਦੀ ਫਸਲ ਵਾਹਣ ਦਾ ਕੰਮ ਕੀਤਾ ਸ਼ੁਰੂ

09/24/2017 1:10:52 PM

ਬਠਿੰਡਾ (ਮੁਨੀਸ਼) — ਪੰਜਾਬ ਅੰਦਰ ਕਿਸਾਨਾਂ ਦੀਆਂ ਨਰਮੇ ਦੀ ਫਸਲ 'ਤੇ ਚਿੱਟੀ ਮੱਖੀ ਵਲੋਂ ਕੀਤੇ ਹਮਲੇ ਤੋਂ ਬਾਅਦ ਖਰਾਬ ਹੋ ਰਹੀ ਫਸਲ ਨੂੰ ਹੁਣ ਕਿਸਾਨ ਵਾਹਣ ਲੱਗ ਪਏ ਹਨ। ਤਲਵੰਡੀ ਸਾਬੋ ਦੇ ਇਕ ਕਿਸਾਨ ਨੇ ਨਰਮੇ ਦੀ ਫਸਲ ਤੇ ਚਿੱਟੀ ਮੱਖੀ ਨੇ ਬਿਲਕੁਲ ਤਬਾਹ ਕਰਕੇ ਰੱਖ ਦਿੱਤਾ ਹੈ। ਫਸਲ ਨੂੰ ਬਨਾਉਣ ਦੀਆਂ ਸਾਰੀਆਂ ਕੋਸ਼ਿਸ਼ਾਂ ਫੇਲ ਹੋਣ ਤੋਂ ਬਾਅਦ ਆਖਰ ਅੱਜ ਕਿਸਾਨ ਨੇ ਆਪਣੀ ਫਸਲ ਤੇ ਹਲ ਫੇਰ ਦਿੱਤਾ। ਕਿਸਾਨਾਂ ਨੇ ਜ਼ਮੀਨ ਨੂੰ ਠੇਕੇ 'ਤੇ ਲੈ ਕੇ ਨਰਮੇ ਦੀ ਖੇਤੀ ਕੀਤੀ। ਹੁਣ ਕਿਸਾਨ ਚਿੱਟੀ ਮੱਖੀ ਕਰਕੇ ਹੋਏ ਨੁਕਸਾਨ ਲਈ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕਰ ਰਿਹਾ ਹੈ।
ਮਾਲਵੇ ਅੰਦਰ ਇਸ ਵਾਰ ਕਿਸਾਨਾਂ ਦੀ ਨਰਮੇ ਦੀ ਫਸਲ ਨੂੰ ਚਿੱਟੀ ਮੱਖੀ ਕਾਰਨ ਕਾਫੀ ਨੁਕਸਾਨ ਹੋਇਆ ਹੈ ਭਾਵੇਂ ਕਿਸਾਨ ਆਪਣੀਆਂ ਫਸਲਾਂ ਨੂੰ ਬਚਾਉਣ ਲਈ ਕਾਫੀ ਹੱਥ ਕੰਡੇ ਅਪਣਾ ਰਿਹਾ ਹੈ ਪਰ ਤਲਵੰਡੀ ਸਾਬੋ ਦੇ ਇਕ ਕਿਸਾਨ ਰਾਮਦਾਸ ਵਲੋਂ ਕੀਤੇ ਸਾਰੇ ਉਪਰਾਲੇ ਅਸਫਲ ਰਹੇ, ਜਿਸ ਕਰਕੇ ਉਸ ਨੂੰ ਆਪਣੀ ਛੇ ਮਹੀਨੇ ਦੀ ਮਿਹਨਤ ਨਾਲ ਪਾਲੀ ਫਸਲ 'ਤੇ ਹਲ ਚਲਾਉਣਾ ਪਿਆ। ਅਸਲ 'ਚ ਕਿਸਾਨ ਰਾਮਦਾਸ ਨੇ ਆਪਣੀ 2 ਏਕੜ ਜ਼ਮੀਨ 33 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਠੇਕੇ ਤੋਂ ਲੈ ਕੇ ਨਰਮੇ ਦੀ ਖੇਤੀ ਕੀਤੀ ਸੀ। ਨਰਮੇ ਦੀ ਫਸਲ ਤੇ ਜਦੋਂ ਚਿੱਟੀ ਮੱਖੀ ਦਾ ਹਮਲਾ ਹੋਣਾ ਸ਼ੁਰੂ ਹੋਇਆ ਤਾਂ ਕਿਸਾਨਾਂ ਨੇ ਨਰਮੇ ਦੇ ਚਿੱਟੀ ਮੱਖੀ ਦੇ ਹਮਲੇ ਤੋਂ ਆਪਣੀ ਫਸਲ ਬਚਾਉਣ ਲਈ ਹਜ਼ਾਰਾਂ ਰੁਪਏ ਦੀ ਸਪਰੇਅ ਵੀ ਕੀਤੀ ਗਈ ਪਰ ਕਿਸੇ ਵੀ ਸਪਰੇਅ ਦਾ ਅਸਰ ਨਾ ਹੋਇਆ ਤੇ ਕਿਸਾਨਾਂ ਦੀਆਂ ਨਰਮੇ ਦੀਆਂ ਫਸਲਾਂ ਦਾ ਵਾਧਾ ਰੁੱਕ ਗਿਆ ਪੱਤੇ ਮੱਚਣੇ ਸ਼ੁਰੂ ਹੋ ਗਿਆ। ਫੇਲ ਵੀ ਨਹੀਂ ਲੱਗ ਰਿਹਾ ਸੀ, ਕਿਸਾਨ ਆਪਣੀ ਫਸਲ ਨੂੰ ਲੈ ਕੇ ਕਾਫੀ ਚਿੰਤਾ 'ਚ ਸੀ ਤੇ ਹੁਣ ਨਰਮੇ ਦੀ ਫਸਲ ਤੋਂ ਕੁਝ ਵੀ ਨਾ ਹੁੰਦੇ ਦੇਖ ਆਖਰ ਕਿਸਾਨ ਨੇ ਆਪਣੇ ਖੇਤ 'ਚ ਹਲ ਚਲਾ ਕੇ ਆਪਣੇ ਨਰਮੇ ਦੀ ਫਸਲ ਵਾਹ ਦਿੱਤੀ। ਕਿਸਾਨ ਨੇ ਦੱਸਿਆ ਕਿ ਉਸ ਦਾ ਫਸਲ 'ਤੇ ਕਾਫੀ ਖਰਚਾ ਹੈ, ਜਿਸ ਕਰਕੇ ਉਸ ਨੇ ਹੁਣ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।
ਉਧਰ ਭਾਵੇ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਚਿੱਟੀ ਮੱਖੀ ਪ੍ਰਭਵਿਤ ਇਲਾਕੇ ਦਾ ਦੌਰਾ ਕੀਤਾ ਸੀ ਪਰ ਅਜੇ ਤਕ ਉਸ ਦੇ ਦੌਰੇ ਦੌਰਾਨ ਕਿਸਾਨਾਂ ਨੂੰ ਕੀ ਮਿਲਿਆ ਇਸ ਦਾ  ਪਤਾ ਨਹੀਂ ਲੱਗ ਸਕਿਆ ਪਰ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਆਗੂਆਂ ਨੇ ਪੰਜਾਬ ਸਰਕਾਰ ਤੇ ਚਿੱਟੀ ਮੱਖੀ ਨੂੰ ਕਾਬੂ ਕਰਵਾਉਣ 'ਚ ਅਸਫਲ ਦੱਸਦੇ ਹੋਏ ਚਿੱਟੀ ਮੱਖੀ ਨਾਲ ਹੋ ਰਹੇ ਕਿਸਾਨਾਂ ਦੇ ਨੁਕਸਾਨ ਲਈ ਸਰਕਾਰ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ। ਉਧਰ  ਖੇਤੀਬਾੜੀ ਵਿਭਾਗ ਦੇ ਅਧਿਕਾਰੀ ਕਿਸਾਨ ਵਲੋਂ ਨਰਮਾ ਖਰਾਬ ਜਾਂ ਵਾਹਣ ਦੇ ਮਾਮਲੇ ਤੋਂ ਅਣਜਾਣਤਾ ਪ੍ਰਗਟਾਈ ਕਰਵਾਏ ਜਾ ਰਹੇ ਹਨ।