ਪੰਜਾਬ ''ਚ ਖਰਾਬ ਰਹੇਗਾ ਮੌਸਮ, ਗਰਜ ਨਾਲ ਪੈਣਗੇ ਛਿੱਟੇ

05/16/2019 11:13:51 AM

ਚੰਡੀਗੜ੍ਹ (ਯੂ. ਐੱਨ. ਆਈ.) : ਪੰਜਾਬ, ਹਰਿਆਣਾ ਅਤੇ ਨਾਲ ਲੱਗਦੇ ਇਲਾਕਿਆਂ ਵਿਚ ਸ਼ੁੱਕਰਵਾਰ ਦੀ ਸ਼ਾਮ ਤੱਕ ਕਈ ਥਾਈਂ ਹਲਕੀ ਵਰਖਾ ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਹਨ। ਮੌਸਮ ਵਿਭਾਗ ਮੁਤਾਬਕ 17 ਮਈ ਤੱਕ ਮੌਸਮ ਦੇ ਖਰਾਬ ਰਹਿਣ ਦੀ ਸੰਭਾਵਨਾ ਹੈ। ਹਿਮਾਚਲ ਪ੍ਰਦੇਸ਼ ਵਿਚ ਤਾਂ ਦੂਰ-ਦੂਰ ਤੱਕ ਮੀਂਹ ਪੈ ਸਕਦਾ ਹੈ, ਜਦੋਂ ਕਿ ਪੰਜਾਬ ਵਿਚ ਗਰਜ ਚਮਕ ਨਾਲ ਛਿੱਟੇ ਪੈਣਗੇ ਅਤੇ ਕੁਝ ਥਾਵਾਂ 'ਤੇ ਗੜ੍ਹੇਮਾਰੀ ਵੀ ਹੋ ਸਕਦੀ ਹੈ। ਪਿਛਲੇ 24 ਘੰਟਿਆਂ ਦੌਰਾਨ ਪਹਾੜਾਂ ਤੋਂ ਲੈ ਕੇ ਮੈਦਾਨੀ ਇਲਾਕਿਆਂ ਤੱਕ ਮੌਸਮ ਕਈ ਥਾਵਾਂ 'ਤੇ ਖਰਾਬ ਰਿਹਾ, ਜਿਸ ਕਾਰਨ ਤਾਪਮਾਨ ਵਿਚ 3 ਤੋਂ 7 ਡਿਗਰੀ ਤੱਕ ਕਮੀ ਹੋ ਗਈ।
ਚੰਡੀਗੜ੍ਹ ਵਿਚ ਬੁੱਧਵਾਰ ਹਲਕੀ ਤੋਂ ਦਰਮਿਆਨੀ ਵਰਖਾ ਹੋਈ। ਹਰਿਆਣਾ ਦੇ ਕੁਝ ਇਲਾਕਿਆਂ ਵਿਚ ਵੀ ਮੀਂਹ ਪਿਆ। ਚੰਡੀਗੜ੍ਹ ਵਿਚ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਲੁਧਿਆਣਾ ਵਿਚ 34, ਪਟਿਆਲਾ ਵਿਚ 35, ਸ਼੍ਰੀਨਗਰ ਵਿਚ 23 ਅਤੇ ਅੰਮ੍ਰਿਤਸਰ ਵਿਖੇ 33 ਡਿਗਰੀ ਸੈਲਸੀਅਸ ਤਾਪਮਾਨ ਸੀ।

Babita

This news is Content Editor Babita