'ਜਿੱਥੇ ਦਵਾਈ ਨਾ ਕੰਮ ਕਰੇ, ਉੱਥੇ ਪਰਮਾਤਮਾ ਅੱਗੇ ਕੀਤੀ ਅਰਦਾਸ ਹੀ ਦਵਾਈ ਦਾ ਕੰਮ ਕਰਦੀ ਹੈ'

07/19/2020 6:09:58 PM

ਬੁਢਲਾਡਾ(ਮਨਜੀਤ) — ਸਾਉਣ ਦਾ ਮਹੀਨਾ ਸ਼ੁਰੂ ਹੋ ਗਿਆ ਹੈ। ਇਸ ਦੇ ਨਾਲ ਹੀ ਮੌਸਮ ਨੇ ਆਪਣੀ ਕਰਵਟ ਬਦਲਣੀ ਸ਼ੁਰੂ ਕਰ ਦਿੱਤੀ ਹੈ। ਜਿੱਥੇ ਬਾਰਿਸ਼ ਹੋਣ ਦੇ ਨਾਲ ਮੌਸਮ ਚਾਰੇ ਪਾਸੇ ਸੁੰਦਰ ਅਤੇ ਸੁਹਾਵਣਾ ਹੁੰਦਾ ਹੈ। ਉੱਥੇ ਸਾਡੀਆਂ ਕੁਝ ਲਾਪਰਵਾਹੀਆਂ ਕਾਰਨ ਕਈ ਪ੍ਰਕਾਰ ਦੀਆਂ ਬਿਮਾਰੀਆਂ ਪੈਦਾ ਹੋ ਜਾਂਦੀਆਂ ਹਨ। 

ਇਸ ਸੰਬੰਧੀ ਸੁਚੇਤ ਕਰਦਿਆਂ ਡੇਰਾ ਬਾਬਾ ਹਰੀਦਾਸ ਡੇਰਾ ਬਾਬਾ ਪਰਮਾਨੰਦ ਹਵੇਲੀ ਵਾਲੇ ਦੇ ਗੱਦੀਨਸੀਨ ਮਹੰਤ ਸ਼ਾਂਤਾ ਨੰਦ ਜੀ ਨੇ ਕਿਹਾ ਕਿ ਜਿਵੇਂ ਕਿ ਬਰਸਾਤ ਦੇ ਮੌਸਮ ਵਿਚ ਬੇਹਾ ਭੋਜਨ ਅਤੇ ਜ਼ਿਆਦਾ ਠੰਡੀਆਂ ਚੀਜਾਂ ਨਹੀਂ ਖਾਣੀਆਂ ਚਾਹੀਦੀਆਂ ਕਿਉਂਕਿ ਇਨ੍ਹਾਂ ਨਾਲ ਸਾਨੂੰ ਸਰਦੀ, ਜੁਕਾਮ ਅਤੇ ਕਈ ਹੋਰ ਪ੍ਰਕਾਰ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ। ਉੱਥੇ ਹੀ ਸਾਨੂੰ ਅਤੇ ਸਾਡੇ ਪਰਿਵਾਰ ਨੂੰ ਡੇਂਗੂ, ਮਲੇਰੀਆ ਜਿਹੀਆਂ ਭਿਆਨਕ ਬਿਮਾਰੀਆਂ ਦੀ ਰੋਕਥਾਮ ਲਈ ਜਿਆਦਾ ਪਾਣੀ ਇੱਕ ਜਗ੍ਹਾ 'ਤੇ ਖੜ੍ਹਾ ਨਹੀਂ ਹੋਣ ਦੇਣਾ ਚਾਹੀਦਾ। ਸਾਡੀ ਛੱਤ ਅਤੇ ਕਬਾੜ ਦੇ ਆਲੇ-ਦੁਆਲੇ ਪਾਣੀ ਖੜ੍ਹ ਜਾਂਦਾ ਹੈ, ਜਿਸ ਨਾਲ ਡੇਂਗੂ ਅਤੇ ਮਲੇਰੀਏ ਦੇ ਕੀਟਾਣੂ ਪੈਦਾ ਹੋਣ ਲੱਗ ਜਾਂਦਾ ਹਨ। ਸਾਨੂੰ ਸਭ ਨੂੰ ਇਨ੍ਹਾਂ ਗੱਲਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਜਾਗਰੂਕ ਰਹਿ ਕੇ ਹੀ ਅਸੀਂ ਇਨ੍ਹਾਂ ਬਿਮਾਰੀਆਂ ਤੋਂ ਬਚਾਅ ਕਰ ਸਕਦੇ ਹਾਂ। ਅੱਜ-ਕੱਲ੍ਹ ਕੋਰੋਨਾ ਦੀ ਲਾਗ ਨੇ ਵੀ ਪੂਰੇ ਵਿਸ਼ਵ ਨੂੰ ਆਪਣੀ ਲਪੇਟ ਵਿਚ ਲੈ ਰੱਖਿਆ ਹੈ। ਸਾਨੂੰ ਸਭ ਨੂੰ ਇਸ ਤੋਂ ਸੁਚੇਤ ਰਹਿਣਾ ਚਾਹੀਦਾ ਹੈ ਅਤੇ ਸਿਹਤ ਵਿਭਾਗ ਅਤੇ ਪ੍ਰਸ਼ਾਸ਼ਨ ਵੱਲੋਂ ਸਮੇਂ-ਸਮੇਂ 'ਤੇ ਦਿੱਤੀਆਂ ਜਾ ਰਹੀਆਂ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਜਿਆਦਾ ਭੀੜ-ਭੜੱਕੇ ਅਤੇ ਇੱਕਠ ਵਾਲੀ ਜਗ੍ਹਾ ਵਿਚ ਜਾਣ ਤੋਂ ਜਿੱਥੋਂ ਤੱਕ ਹੋ ਸਕੇ ਸੰਕੋਚ ਕਰਨਾ ਚਾਹੀਦਾ ਹੈ। ਜੇਕਰ ਮਜਬੂਰੀ ਕਾਰਨ ਸਾਨੂੰ ਕੋਈ ਅਜਿਹੀ ਥਾਂ 'ਤੇ ਜਾਣਾ ਵੀ ਪੈਂਦਾ ਹੈ ਤਾਂ ਸਾਨੂੰ ਚਿਹਰੇ 'ਤੇ ਮਾਸਕ ਪਾ ਕੇ ਰੱਖਣਾ ਚਾਹੀਦਾ ਹੈ ਅਤੇ ਘੱਟੋ-ਘੱਟ ਦੋ ਗਜ ਦੀ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ ਕਿਉਂਕਿ ਬਚਾਅ ਵਿਚ ਹੀ ਆਪਣਾ ਬਚਾਅ ਹੁੰਦਾ ਹੈ।

ਮਹੰਤ ਸ਼ਾਂਤਾ ਨੰਦ ਜੀ ਨੇ ਕਿਹਾ ਕਿ ਜਦੋਂ ਕੋਈ ਕਿਸੇ ਬਿਮਾਰੀ 'ਤੇ ਦਵਾਈ ਕੰਮ ਨਾ ਆਵੇ, ਉੱਥੇ ਪ੍ਰਮਾਤਾਮਾ ਅੱਗੇ ਕੀਤੀ ਅਰਦਾਸ ਹੀ ਦਵਾਈ ਦਾ ਕੰਮ ਕਰਦੀ ਹੈ। ਇਸ ਕਰਕੇ ਸਾਨੂੰ ਸਭ ਨੂੰ ਸਵੇਰੇ-ਸ਼ਾਮ ਪ੍ਰਮਾਤਾਮਾ ਦਾ ਸਿਮਰਨ ਅਤੇ ਭਜਨ ਬੰਦਗੀ ਕਰਨੀ ਚਾਹੀਦੀ ਹੈ। ਜਿਸ ਨਾਲ ਸਾਡੇ ਮਨ ਨੂੰ ਆਤਮਿਕ  ਸ਼ਾਂਤੀ ਮਿਲਦੀ ਹੈ ਅਤੇ ਕੋਰੋਨਾ ਜਿਹੀਆਂ ਨਾਮੁਰਾਦ ਬਿਮਾਰੀਆਂ ਨਾਲ ਲੜਣ ਦੀ ਸ਼ਕਤੀ ਪ੍ਰਾਪਤ ਹੁੰਦੀ ਹੈ।ਇਸ ਮੌਕੇ ਸਰਪੰਚ ਗੁਰਵਿੰਦਰ ਸਿੰਘ ਬੀਰੋਕੇ, ਸੰਤ ਸਾਧੂ ਰਾਮ ਵੀ ਮੌਜੂਦ ਸਨ।

Harinder Kaur

This news is Content Editor Harinder Kaur