ਜਦੋਂ ਚੌਰਾਹੇ ''ਚ ਕਰਵਾਇਆ ਗਿਆ ਪ੍ਰੇਮੀ ਜੋੜੇ ਦਾ ਵਿਆਹ

07/27/2018 11:18:10 PM

ਬਠਿੰਡਾ (ਬਲਵਿੰਦਰ)— ਅਕਸਰ ਤੁਸੀਂ ਆਪਣੇ ਗੁਆਂਢ 'ਚ ਵਿਆਹ ਸਮਾਗਮ ਦੇਖੇ ਹੋਣਗੇ ਪਰ ਬਠਿੰਡਾ 'ਚ ਸ਼ੁੱਕਰਵਾਰ ਨੂੰ ਹੋਏ ਵਿਆਹ ਨੇ ਕਈ ਲੋਕਾਂ ਨੂੰ ਹੈਰਾਨ ਕਰ ਦਿੱਤਾ। ਇਥੇ ਸਮਾਜ ਸੇਵਕ ਤੇ ਅਕਾਲੀ ਆਗੂ ਵਿਜੇ ਐੱਮ.ਸੀ. ਨੇ ਸ਼ੁੱਕਰਵਾਰ ਨੂੰ ਇਕ ਪ੍ਰੇਮੀ ਜੇੜ ਦਾ ਵਿਆਹ ਚੌਰਾਹੇ 'ਚ ਹੀ ਕਰਵਾ ਦਿੱਤਾ, ਜਿਸ ਦੀ ਸ਼ਲਾਘਾ ਹੋ ਰਹੀ ਹੈ ਕਿਉਂਕਿ ਲੜਕੀ ਦੇ ਮਾਣ-ਇੱਜ਼ਤ ਨੂੰ ਬਰਕਰਾਰ ਰੱਖਣ ਲਈ ਇਹ ਜ਼ਰੂਰੀ ਮੰਨਿਆ ਜਾ ਰਿਹਾ ਹੈ।
ਵਿਜੇ ਐੱਮ.ਸੀ. ਨੇ ਦੱਸਿਆ ਕਿ ਹੈਪੀ ਸਿੰਘ ਵਾਸੀ ਜੈਤੋ ਇਲੈਕਟ੍ਰੀਸ਼ਨ ਦਾ ਕੰਮ ਕਰਦਾ ਹੈ। ਉਹ ਕੰਮ ਕਰਨ ਲਈ ਬਠਿੰਡਾ 'ਚ ਹੀ ਆਉਂਦਾ ਸੀ। ਇਸ ਦੌਰਾਨ ਉਸ ਦੇ ਪ੍ਰੇਮ ਸੰਬੰਧ ਪ੍ਰਿਆ ਵਾਸੀ ਪਰਸ ਰਾਮ ਨਗਰ ਬਠਿੰਡਾ ਨਾਲ ਹੋ ਗਏ। ਉਸ ਨੇ ਪ੍ਰਿਆ ਨਾਲ ਵਿਆਹ ਕਰਵਾਉਣ ਦਾ ਵਾਅਦਾ ਕੀਤਾ ਸੀ। ਪ੍ਰੰਤੂ ਕਰੀਬ ਇਕ ਸਾਲ ਤੋਂ ਉਹ ਲਾਰੇ ਲਗਾ ਰਿਹਾ ਸੀ। ਪਰਿਵਾਰਕ ਮੈਂਬਰਾਂ ਨੇ ਇਹ ਮਾਮਲਾ ਉਨ੍ਹਾਂ ਦੇ ਧਿਆਨ 'ਚ ਲਿਆਂਦਾ ਤਾਂ ਉਹ ਪੰਚਾਇਤ ਲੈ ਕੇ ਹੈਪੀ ਸਿੰਘ ਦੇ ਮਾਪਿਆਂ ਨੂੰ ਮਿਲਣ ਲਈ ਚਲੇ ਗਏ। ਉਕਤ ਦੇ ਮਾਪਿਆਂ ਨੂੰ ਸਾਰੀ ਕਹਾਣੀ ਦੱਸੀ ਤਾਂ ਉਨ੍ਹਾਂ ਲੜਕੀ ਦੀ ਇੱਜ਼ਤ ਨੂੰ ਧਿਆਨ 'ਚ ਰੱਖਦਿਆਂ ਆਪਣੇ ਲੜਕੇ ਨੂੰ ਪ੍ਰਿਆ ਨਾਲ ਹੀ ਵਿਆਹ ਕਰਵਾਉਣ ਲਈ ਕਿਹਾ, ਹੈਪੀ ਸਿੰਘ ਇਸ ਵਾਸਤੇ ਤਿਆਰ ਨਹੀਂ ਸੀ ਹੋ ਰਿਹਾ। ਅੰਤ ਹੈਪੀ ਸਿੰਘ, ਪਰਿਵਾਰਕ ਮੈਂਬਰ ਤੇ ਪੰਚਾਇਤ ਨੂੰ ਬਠਿੰਡਾ ਵਿਖੇ ਬੁਲਾਇਆ ਗਿਆ। ਇਥੇ ਹੈਪੀ ਨੇ ਪ੍ਰਿਆ ਨਾਲ ਪ੍ਰੇਮ ਸੰਬੰਧਾ ਹੋਣਾ ਤੇ ਵਿਆਹ ਦਾ ਵਾਅਦਾ ਕਰਨਾ ਮੰਨ ਲਿਆ। ਹੈਪੀ ਤੇ ਪ੍ਰਿਆ ਦਾ ਵਿਆਹ ਪਰਸ ਰਾਮ ਨਗਰ ਚੁਰਾਹੇ 'ਚ ਵੀ ਵਰਮਾਲਾ ਪੁਆ ਕੇ ਕਰਵਾ ਦਿੱਤਾ ਗਿਆ। ਮੌਕੇ 'ਤੇ ਲੜਕੀ ਤੇ ਲੜਕੇ ਦੇ ਪਰਿਵਾਰਕ ਮੈਬਰਾਂ ਤੋਂ ਇਲਾਵਾ ਦੋਵੇਂ ਪਾਸਿਆਂ ਦੀਆਂ ਪੰਚਾਇਤਾਂ ਵੀ ਮੌਜ਼ੂਦ ਸਨ। ਵਿਜੇ ਐੱਮ.ਸੀ. ਨੇ ਕਿਹਾ ਕਿ ਲੜਕਾ-ਲੜਕੀ ਬਾਲਗ ਹਨ ਤੇ ਉਨ੍ਹਾਂ ਦੀ ਮਰਜ਼ੀ ਨਾਲ ਹੀ ਇਹ ਵਿਆਹ ਕਰਵਾਇਆ ਗਿਆ ਹੈ। ਦੋਵੇਂ ਧਿਰਾਂ ਨੂੰ ਮਿਠਾਈ ਖੁਆ ਕੇ ਉਨ੍ਹਾਂ ਨੇ ਹੀ ਵਿਆਹ ਸੰਪੰਨ ਕਰਵਾਇਆ। 
ਕੀ ਕਹਿੰਦੇ ਹਨ ਪੁਲਸ ਅਧਿਕਾਰੀ 
ਡੀ.ਐੱਸ.ਪੀ. ਗੁਰਜੀਤ ਸਿੰਘ ਰੋਮਾਣਾ ਦਾ ਕਹਿਣਾ ਹੈ ਕਿ ਵਿਆਹ ਬਾਰੇ ਪਤਾ ਲੱਗਾ ਹੈ। ਜੇਕਰ ਕਿਸੇ ਤਰ੍ਹਾਂ ਦੀ ਸ਼ਿਕਾਇਤ ਆਉਂਦੀ ਹੈ ਤਾਂ ਮਾਮਲੇ ਦੀ ਜਾਂਚ ਵੀ ਕੀਤੀ ਜਾਵੇਗੀ। ਜ਼ਰੂਰਤ ਪਈ ਤਾਂ ਬਣਦੀ ਕਾਰਵਾਈ ਵੀ ਜ਼ਰੂਰ ਹੋਵੇਗੀ।