ਹੁਣ ਪੰਜਾਬ ਦੇ ਕਿਸਾਨਾਂ ਨੂੰ ਸਬਸਿਡੀ ’ਤੇ ਆਨਲਾਈਨ ਮਿਲੇਗਾ ਕਣਕ ਦਾ ਬੀਜ

10/25/2021 10:12:42 AM

ਲੁਧਿਆਣਾ (ਸਲੂਜਾ) : ਖੇਤੀਬਾੜੀ ਵਿਭਾਗ ਪੰਜਾਬ ਦੇ ਸੰਯੁਕਤ ਡਾਇਰੈਕਟਰ (ਇਨਪੁੱਟ) ਬਲਦੇਵ ਸਿੰਘ ਨੇ ‘ਜਗ ਬਾਣੀ’ ਨਾਲ ਵਿਸ਼ੇਸ਼ ਗੱਲਬਾਤ ’ਚ ਦੱਸਿਆ ਕਿ ਪੰਜਾਬ ਭਰ ਦੇ ਕਿਸਾਨਾਂ ਨੂੰ 2 ਲੱਖ ਕੁਇੰਟਲ ਕਣਕ ਦਾ ਬੀਜ਼ ਸਬਸਿਡੀ ’ਤੇ ਆਨਲਾਈਨ ਮੁਹੱਈਆ ਹੋਵੇਗਾ। ਕੋਈ ਵੀ ਕਿਸਾਨ 30 ਅਕਤੂਬਰ, 2021 ਤੱਕ ਅਪਲਾਈ ਕਰ ਸਕਦਾ ਹੈ। ਹੁਣ ਤੱਕ 35 ਹਜ਼ਾਰ ਕਿਸਾਨਾਂ ਨੇ 65 ਹਜ਼ਾਰ ਕੁਇੰਟਲ ਕਣਕ ਲਈ ਆਨਲਾਈਨ ਅਪਲਾਈ ਕੀਤਾ ਹੈ। ਇਸੇ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਸਬਸਿਡੀ ਕਿਸਾਨਾਂ ਦੇ ਖ਼ਾਤੇ ’ਚ ਪਾ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ ਸਰਕਾਰ ਅੱਖਾਂ ਦੀ ਰੌਸ਼ਨੀ ਵਾਪਸ ਪਾ ਸਕਣ ਵਾਲੇ 'ਨੇਤਰਹੀਣਾਂ' ਦਾ ਕਰਵਾਏਗੀ ਇਲਾਜ
ਕੇਂਦਰ ਸਰਕਾਰ ਨੇ 25 ਰੈਕ ਡੀ. ਏ. ਪੀ. ਖ਼ਾਦ ਦੇ ਭੇਜੇ
ਸੰਯੁਕਤ ਡਾਇਰੈਕਟਰ (ਇਨਪੁੱਟ) ਖੇਤੀਬਾੜੀ ਵਿਭਾਗ ਪੰਜਾਬ ਬਲਦੇਵ ਸਿੰਘ ਨੇ ਦੱਸਿਆ ਕਿ ਹਾੜ੍ਹੀ ਦੇ ਸੀਜ਼ਨ ਲਈ 5 ਲੱਖ 50 ਹਜ਼ਾਰ ਮੀਟ੍ਰਿਕ ਟਨ ਡੀ. ਏ. ਪੀ. ਖ਼ਾਦ ਦੀ ਲੋੜ ਪੈਂਦੀ ਹੈ। ਇਸ ਸਮੇਂ ਵਿਭਾਗ ਕੋਲ 1 ਲੱਖ 80 ਮੀਟ੍ਰਿਕ ਟਨ ਡੀ. ਏ. ਪੀ. ਖ਼ਾਦ ਦਾ ਸਟਾਕ ਉਪਲੱਬਧ ਹੈ। ਉਨ੍ਹਾਂ ਨੇ ਇਹ ਜਾਣਕਾਰੀ ਵੀ ਸਾਂਝੀ ਕੀਤੀ ਕਿ ਪੰਜਾਬ ਦੇ ਖੇਤੀਬਾੜੀ ਮੰਤਰੀ ਕਾਕਾ ਰਣਬੀਰ ਸਿੰਘ ਨਾਭਾ ਨੇ ਕੇਂਦਰੀ ਖੇਤੀ ਮੰਤਰੀ ਨਾਲ ਮੁਲਾਕਾਤ ਕਰ ਕੇ ਡੀ. ਏ. ਪੀ. ਖ਼ਾਦ ਦਾ ਮੁੱਦਾ ਉਠਾਉਂਦੇ ਹੋਏ ਸਟਾਕ ਭੇਜਣ ਦੀ ਅਪੀਲ ਕੀਤੀ, ਜਿਸ ਨੂੰ ਮਨਜ਼ੂਰ ਕਰਦਿਆਂ ਕੇਂਦਰ ਨੇ 25 ਰੈਕ ਪੰਜਾਬ ਲਈ ਰਵਾਨਾ ਕਰ ਦਿੱਤੇ ਹਨ।

ਇਹ ਵੀ ਪੜ੍ਹੋ : ਕਰਵਾਚੌਥ ਵਾਲੇ ਦਿਨ ਵਾਪਰੇ ਹਾਦਸੇ ਦੌਰਾਨ 3 ਲੋਕਾਂ ਦੀ ਮੌਤ, ਲਾਸ਼ਾਂ ਚੁੱਕਣ ਦੀ ਬਜਾਏ ਰਫ਼ੂਚੱਕਰ ਹੋਇਆ ਐਂਬੂਲੈਂਸ ਚਾਲਕ

ਇਨ੍ਹਾਂ ’ਚੋਂ 8-9 ਰੈਕ ਪੰਜਾਬ ਪੁੱਜ ਚੁੱਕੇ ਹਨ। ਇਸੇ ਮਹੀਨੇ ਬਾਕੀ ਰਹਿੰਦੇ ਰੈਕ ਵੀ ਪੁੱਜ ਜਾਣਗੇ। ਪੰਜਾਬ ਭਰ ਦੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਡੀ. ਏ. ਪੀ. ਖ਼ਾਦ ਸਬੰਧੀ ਘਬਰਾਹਟ ’ਚ ਨਾ ਆਉਣ। ਖੇਤੀਬਾੜੀ ਵਿਭਾਗ ਦੀ ਇਹ ਹਰ ਸੰਭਵ ਕੋਸ਼ਿਸ਼ ਰਹੇਗੀ ਕਿ ਕਿਸਾਨ ਨੂੰ ਲੋੜ ਮੁਤਾਬਕ ਡੀ. ਏ. ਪੀ. ਮਿਲੇ।

ਇਹ ਵੀ ਪੜ੍ਹੋ : ਜੇਲ੍ਹ ਦੇ ਵਿਹੜੇ ’ਚ ਲੱਗੀ ਮਹਿੰਦੀ, ਬੰਦੀ ਔਰਤਾਂ ਨੇ ਰੱਖਿਆ ਕਰਵਾਚੌਥ ਦਾ ਵਰਤ
ਡੇਰਾ ਬਾਬਾ ਨਾਨਕ ’ਚ ਝੋਨੇ ਦੀ ਫ਼ਸਲ ਦਾ ਨੁਕਸਾਨ ਹੋਇਆ
ਲਗਾਤਾਰ ਭਾਰੀ ਬਾਰਸ਼ ਕਾਰਨ ਡੇਰਾ ਬਾਬਾ ਨਾਨਕ ’ਚ ਝੋਨੇ ਦੀ ਫ਼ਸਲ ਦਾ ਨੁਕਸਾਨ ਹੋਇਆ ਹੈ, ਜਦੋਂ ਕਿ ਫਿਰੋਜ਼ਪੁਰ, ਗੁਰਦਾਸਪੁਰ ਅਤੇ ਤਰਨਤਾਰਨ ਤੋਂ ਵੀ ਨੁਕਸਾਨ ਹੋਣ ਦੀਆਂ ਰਿਪੋਰਟਾਂ ਆ ਰਹੀਆਂ ਹਨ। ਇਨ੍ਹਾਂ ’ਚ ਕਿੰਨਾ ਨੁਕਸਾਨ ਹੋਇਆ ਹੈ, ਸਬੰਧੀ ਜ਼ਿਲ੍ਹਾ ਖੇਤੀਬਾੜੀ ਅਫ਼ਸਰ ਸੋਮਵਾਰ ਸਵੇਰ ਤੱਕ ਰਿਪੋਰਟਾਂ ਉਨ੍ਹਾਂ ਕੋਲ ਭੇਜ ਦੇਣਗੇ। ਉਸ ਤੋਂ ਬਾਅਦ ਵਿਭਾਗ ਆਪਣੇ ਪੱਧਰ ’ਤੇ ਬਣਦੀ ਕਾਰਵਾਈ ਨੂੰ ਅਮਲ ’ਚ ਲਿਆਵੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
 

Babita

This news is Content Editor Babita