ਕਣਕ ਦਾ ਇਕ-ਇਕ ਦਾਣਾ ਖਰੀਦਣ ਲਈ ਸੂਬਾ ਸਰਕਾਰ ਵਚਨਬੱਧ : ਲਾਲ ਚੰਦ ਕਟਾਰੂਚੱਕ

04/10/2022 9:56:34 PM

ਚੰਡੀਗੜ੍ਹ (ਬਿਊਰੋ) : ਕਣਕ ਦੀ ਆਮਦ ਕੁਝ ਜ਼ਿਲ੍ਹਿਆਂ 'ਚ ਤੇਜ਼ੀ ਦਿਖਾਉਣ ਲੱਗੀ ਹੈ। ਇਹ ਪ੍ਰਗਟਾਵਾ ਕਰਦਿਆਂ ਅੱਜ ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਦੱਸਿਆ ਕਿ ਹਰੇਕ ਮੰਡੀ ਜਿੱਥੇ ਕੋਈ ਵੀ ਕਿਸਾਨ ਆਪਣੀ ਫ਼ਸਲ ਲੈ ਕੇ ਆਇਆ ਹੈ, ਉਸ ਦੀ ਸਮੇਂ ਸਿਰ ਖਰੀਦ ਸ਼ੁਰੂ ਹੋ ਗਈ ਹੈ। ਉਨ੍ਹਾਂ ਕਿਹਾ ਕਿ ਸੂਬੇ ਭਰ 'ਚ ਬਾਰਦਾਨਾ, ਮੰਡੀ ਲੇਬਰ ਅਤੇ ਆਵਾਜਾਈ ਦੇ ਸਾਰੇ ਪ੍ਰਬੰਧ ਢੁੱਕਵੇਂ ਹਨ। ਖਰੀਦ ਦੀ ਰਫ਼ਤਾਰ ਬਾਰੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਸੂਬੇ ਭਰ 'ਚ 5.5 ਲੱਖ ਟਨ ਕਣਕ ਦੀ ਆਮਦ ਹੋ ਚੁੱਕੀ ਹੈ ਅਤੇ 4.3 ਲੱਖ ਟਨ ਦੀ ਖਰੀਦ ਕੀਤੀ ਜਾ ਚੁੱਕੀ ਹੈ। ਅੱਜ ਮੰਡੀਆਂ 'ਚ 2.6 ਲੱਖ ਟਨ ਕਣਕ ਦੀ ਆਮਦ ਹੋਈ ਤੇ ਦਿਨ ਦੇ ਅੰਤ ਤੱਕ ਸੂਬੇ ਭਰ 'ਚ ਸਿਰਫ਼ 1.2 ਲੱਖ ਟਨ ਕਣਕ ਦੀ ਖਰੀਦ ਨਹੀਂ ਹੋ ਸਕੀ। ਇਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਕਈ ਮੰਡੀਆਂ ਵਿਚ ਕਣਕ ਦੀ ਸਫ਼ਾਈ ਉਪਰੰਤ ਖਰੀਦ ਆਮਦ ਵਾਲੇ ਦਿਨ ਹੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਮਾਸੂਮ ਬੱਚੇ ਨੂੰ ਖੇਤਾਂ 'ਚ ਲਿਜਾ ਖੂੰਖਾਰ ਕੁੱਤਿਆਂ ਨੇ ਬੁਰੀ ਤਰ੍ਹਾਂ ਨੋਚਿਆ

ਢੋਆ-ਢੁਆਈ ਦੀਆਂ ਸਹੂਲਤਾਂ ਬਾਰੇ ਪੁੱਛੇ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਸਰਕਾਰ ਨੇ ਖਰੀਦ ਦੇ 72 ਘੰਟਿਆਂ ਦੇ ਅੰਦਰ ਕਣਕ ਦੀ ਲਿਫਟਿੰਗ ਦਾ ਮਾਪਦੰਡ ਤੈਅ ਕੀਤਾ ਹੈ, ਜਦੋਂ ਕਿ ਰਾਜ ਦੀਆਂ ਏਜੰਸੀਆਂ ਨੇ 7 ਅਪ੍ਰੈਲ ਭਾਵ 72 ਘੰਟੇ ਪਹਿਲਾਂ 26,872 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਸੀ, ਜਦਕਿ ਮੰਡੀਆਂ 'ਚੋਂ 67,449 ਮੀਟ੍ਰਿਕ ਟਨ ਕਣਕ ਦੀ ਚੁਕਾਈ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਹ ਸਪੱਸ਼ਟ ਤੌਰ 'ਤੇ ਦਰਸਾਉਂਦਾ ਹੈ ਕਿ ਰਾਜ ਸਰਕਾਰ ਦੁਆਰਾ ਜੋ ਹੁਕਮ ਦਿੱਤਾ ਗਿਆ ਹੈ, ਉਸ ਤੋਂ ਕਿਤੇ ਵੱਧ ਤੇਜ਼ੀ ਨਾਲ ਫਸਲ ਚੁੱਕੀ ਜਾ ਰਹੀ ਹੈ। ਐੱਮ. ਐੱਸ. ਪੀ. ਭੁਗਤਾਨ ਦੇ ਵੇਰਵੇ ਦਿੰਦਿਆਂ ਉਨ੍ਹਾਂ ਕਿਹਾ ਕਿ 9 ਕਰੋੜ ਰੁਪਏ ਪਹਿਲਾਂ ਹੀ ਸਿੱਧੇ ਕਿਸਾਨਾਂ ਦੇ ਖਾਤਿਆਂ ਵਿਚ ਜਾਰੀ ਕੀਤੇ ਜਾ ਚੁੱਕੇ ਹਨ ਤੇ ਹੋਰ 133 ਕਰੋੜ ਰੁਪਏ ਦੀ ਅਦਾਇਗੀ ਲਈ ਮਨਜ਼ੂਰੀ ਦਿੱਤੀ ਗਈ ਹੈ, ਜੋ ਸੋਮਵਾਰ ਨੂੰ ਬੈਂਕਾਂ ਦੇ ਖੁੱਲ੍ਹਣ ਤੋਂ ਬਾਅਦ ਜਾਰੀ ਕੀਤੇ ਜਾਣਗੇ।

ਇਹ ਵੀ ਪੜ੍ਹੋ : ਕਾਂਗਰਸ ਵਿਧਾਇਕ ਦਲ ਦਾ ਪ੍ਰਧਾਨ ਬਣ ਬਾਜਵਾ ਨੇ ਮਾਝਾ ਬ੍ਰਿਗੇਡ ਨੂੰ ਦਿੱਤੀ ਪਟਕਣੀ

ਮੰਤਰੀ ਨੇ ਕਿਹਾ ਕਿ ਉਹ ਨਿੱਜੀ ਤੌਰ 'ਤੇ ਖਰੀਦ ਗਤੀਵਿਧੀਆਂ 'ਤੇ ਤਿੱਖੀ ਨਜ਼ਰ ਰੱਖ ਰਹੇ ਹਨ ਤੇ ਸਾਰੀਆਂ ਖਰੀਦ ਏਜੰਸੀਆਂ ਦੇ ਪ੍ਰਬੰਧਕੀ ਡਾਇਰੈਕਟਰਾਂ ਨੂੰ ਸੋਮਵਾਰ ਤੋਂ ਮੰਡੀਆਂ ਦਾ ਦੌਰਾ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਕਿਸਾਨਾਂ ਦੇ ਪਸੀਨੇ ਅਤੇ ਮਿਹਨਤ ਨਾਲ ਪੈਦਾ ਕੀਤੇ ਇਕ-ਇਕ ਦਾਣੇ ਨੂੰ ਖਰੀਦਣ ਲਈ ਸੂਬਾ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ।

Manoj

This news is Content Editor Manoj