ਕਣਕ ਵੰਡਣਾ ਤਾਂ ਦੂਰ ਸੂਬੇ ''ਚ ਡਿਪੂ ਵੀ ਨਹੀਂ ਖੁੱਲ੍ਹਣਗੇ

02/17/2018 1:45:27 PM

ਲੁਧਿਆਣਾ (ਖੁਰਾਣਾ) : ਇਕ ਪਾਸੇ ਜਿੱਥੇ ਖਾਧ ਤੇ ਸਪਲਾਈ ਵਿਭਾਗ ਵੱਲੋਂ ਰਾਜ ਭਰ 'ਚ ਡਿਪੂ ਮਾਲਕਾਂ ਨੂੰ ਮਿੰਨੀ ਕਾਂਟ੍ਰੈਕਟਰ ਦੇ ਰੂਪ 'ਚ ਉਭਾਰਨ ਲਈ ਸਰਕਾਰੀ ਅਨਾਜ ਗੋਦਾਮਾਂ 'ਚ ਆਪਣੇ ਡਿਪੂਆਂ 'ਤੇ ਕਣਕ ਲੈ ਜਾਣ ਲਈ ਢੁਆਈ ਕਿਰਾਇਆ (ਮਾਲ ਭਾੜਾ) ਪਾਲਿਸੀ ਦੇ ਮੁਤਾਬਕ ਦੇਣ ਦੀ ਗੱਲ ਕਹੀ ਜਾ ਰਹੀ ਹੈ। ਉੱਥੇ ਦੂਜੇ ਪਾਸੇ ਪੰਜਾਬ 'ਚ ਡਿਪੂ ਹੋਲਡਰ ਵਿਭਾਗ ਦੇ ਉਕਤ ਫੈਸਲੇ ਦੇ ਵਿਰੋਧ 'ਚ ਲਾਭਪਾਤਰ ਪਰਿਵਾਰਾਂ ਤੱਕ ਕਣਕ ਦਾ ਲਾਭ ਪਹੁੰਚਾਉਣਾ ਤਾਂ ਦੂਰ ਆਪਣੇ ਡਿਪੂ ਹੀ ਨਾ ਖੋਲ੍ਹਣ ਦੀ ਗੱਲ ਨੂੰ ਲੈ ਕੇ ਅੜ ਗਏ ਹਨ। ਇਸ ਨੂੰ ਲੈ ਕੇ ਰਾਜਭਰ ਦੇ ਲਗਭਗ 28 ਹਜ਼ਾਰ ਡਿਪੂ ਹੋਲਡਰਾਂ ਤੇ ਵਿਭਾਗ ਦੇ ਅਧਿਕਾਰੀਆਂ ਵਿਚਕਾਰ ਤਣਾਅ ਵਧਣ ਦੀ ਸੰਭਾਵਨਾ ਤੇਜ਼ ਹੋ ਗਈ ਹੈ।
ਵਿਭਾਗ ਵੱਲੋਂ ਜਾਰੀ ਕੀਤੇ ਗਏ ਪੱਤਰ 'ਚ ਜਿੱਥੇ ਪਹਿਲਾਂ ਹਰੇਕ ਡਿਪੂ ਮਾਲਕ ਨੂੰ ਕਣਕ ਦੀ ਲੋਡਿੰਗ-ਅਨਲੋਡਿੰਗ ਤੇ ਢੁਆਈ ਕਿਰਾਏ 'ਤੇ 40 ਫੀਸਦੀ ਪ੍ਰਤੀ ਕੁਇੰਟਲ ਖਰਚ ਦੇਣ ਦੀ ਕਥਿਤ ਗੱਲ ਕੀਤੀ ਗਈ ਸੀ, ਉੱਥੇ ਬਾਅਦ 'ਚ ਇਕ ਹੋਰ ਪੱਤਰ ਜਾਰੀ ਕਰ ਕੇ ਵਿਭਾਗ ਨੇ ਡਿਪੂ ਮਾਲਕਾਂ ਨੂੰ ਕਿਰਾਇਆ ਰਾਸ਼ੀ ਸਰਕਾਰੀ ਅਨਾਜ ਗੋਦਾਮ ਤੋਂ ਉਨ੍ਹਾਂ ਦੇ ਡਿਪੂਆਂ ਦੀ ਦੂਰੀ ਮੁਤਾਬਕ ਦੇਣ ਤੇ ਜ਼ਿਆਦਾ ਤੋਂ ਜ਼ਿਆਦਾ ਰਾਸ਼ੀ ਲਗਭਗ 3 ਰੁਪਏ ਪ੍ਰਤੀ ਕੁਇੰਟਲ ਦੇਣ ਦੀ ਗੱਲ ਕਹਿ ਦਿੱਤੀ। ਇਸ ਨੂੰ ਲੈ ਕੇ ਗੁੱਸੇ 'ਚ ਆਏ ਡਿਪੂ ਮਾਲਕਾਂ ਨੇ ਪੰਜਾਬ ਭਰ ਦੇ ਲਗਭਗ 28 ਹਜ਼ਾਰ ਡਿਪੂਆਂ 'ਤੇ ਕਣਕ ਵੰਡ ਪ੍ਰਣਾਲੀ ਦੇ ਬਾਈਕਾਟ ਦਾ ਹੀ ਐਲਾਨ ਕਰ ਦਿੱਤਾ ਹੈ।
ਡਿਪੂ ਮਾਲਕਾਂ ਤੋਂ ਅੰਡਰਟੇਕਿੰਗ ਲੈ ਕੇ ਜਲਦ ਸ਼ੁਰੂ ਕੀਤਾ ਜਾਵੇ ਕੰਮ  
ਹੁਣ ਵਿਭਾਗ ਦੇ ਮੁੱਖ ਦਫਤਰ ਵਲੋਂ 15 ਫਰਵਰੀ ਨੂੰ ਜਾਰੀ ਕੀਤੇ ਗਏ ਇਕ ਹੋਰ ਪੱਤਰ ਵਿਚ ਕੰਟਰੋਲਰਸ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਰਾਜ ਭਰ 'ਚ ਜੋ ਵੀ ਡਿਪੂ ਹੋਲਡਰ ਬਤੌਰ ਮਿੰਨੀ ਕਾਂਟ੍ਰੈਕਟਰ ਕੰਮ ਕਰਨ ਲਈ ਤਿਆਰ ਹਨ, ਉਨ੍ਹਾਂ ਕੋਲੋਂ ਅੰਡਰਟੇਕਿੰਗ ਪ੍ਰਾਪਤ ਕਰ ਕੇ ਕੰਮ ਨੂੰ ਸਮਾਂ ਰਹਿੰਦੇ ਕਰਵਾਇਆ ਜਾਵੇ ਤੇ ਜੋ ਡਿਪੂ ਹੋਲਡਰ ਕਣਕ ਦੀ ਲੋਡਿੰਗ-ਅਨਲੋਡਿੰਗ ਅਤੇ ਢੁਆਈ ਕਿਰਾਇਆ ਪਾਲਿਸੀ ਨੂੰ ਲੈ ਕੇ ਅਸਮਰਥ ਹਨ, ਉਨ੍ਹਾਂ ਤੋਂ ਵੀ ਅੰਡਰਟੇਕਿੰਗ ਲੈ ਕੇ ਉਨ੍ਹਾਂ ਡਿਪੂਆਂ 'ਤੇ ਕਣਕ ਪਹਿਲਾਂ ਦੀ ਤਰ੍ਹਾਂ ਹੀ ਪਹੁੰਚਾਅ ਕੇ ਲਾਭਪਾਤਰ ਪਰਿਵਾਰਾਂ 'ਚ ਵੰਡਣ ਦੇ ਕੰਮ 'ਚ ਤੇਜ਼ੀ ਲਿਆਂਦੀ ਜਾਵੇ।