ਵਿਦਿਆਰਥਣਾਂ ਦੀ ਸੁਰੱਖਿਆ ਲਈ ''ਫਰੈਂਡਸ ਕਾਪ'' ਵਟਸਐਪ ਗਰੁੱਪ ਲਾਂਚ

08/09/2017 8:09:36 AM

ਪਟਿਆਲਾ (ਬਲਜਿੰਦਰ) - ਪਟਿਆਲਾ ਪੁਲਸ ਨੇ ਵਿਦਿਆਰਥਣਾਂ ਦੀ ਸੁਰੱਖਿਆ ਲਈ ਸੋਸ਼ਲ ਮੀਡੀਆ ਦਾ ਪ੍ਰਯੋਗ ਕਰਦਿਆਂ 'ਫਰੈਂਡਸ ਕਾਪ' ਨਾਂ ਦਾ ਵਟਸਐਪ ਗਰੁੱਪ ਸ਼ੁਰੂ ਕੀਤਾ ਹੈ। ਸਰਕਾਰੀ ਗਰਲਜ਼ ਕਾਲਜ ਵਿਖੇ ਏ. ਡੀ. ਜੀ. ਪੀ. ਲਾਅ ਐਂਡ ਆਰਡਰ ਰੋਹਿਤ ਚੌਧਰੀ ਨੇ ਕਾਲਜ ਦੀਆਂ ਲੜਕੀਆਂ ਨਾਲ ਗੱਲਬਾਤ ਤੋਂ ਬਾਅਦ ਇਸ ਵਟਸਐਪ ਗਰੁੱਪ ਦੀ ਸ਼ੁਰੂਆਤ ਕੀਤੀ।  ਉਨ੍ਹਾਂ ਦੱਸਿਆ ਕਿ ਇਸ ਗਰੁੱਪ ਵਿਚ ਸਕੂਲ ਜਾਂ ਕਾਲਜ ਦੀ ਪ੍ਰਿੰਸੀਪਲ ਤੋਂ ਇਲਾਵਾ 2 ਅਧਿਆਪਕ ਅਤੇ 4 ਤੋਂ 5 ਵਿਦਿਆਰਥਣਾਂ ਨੂੰ ਸ਼ਾਮਿਲ ਕੀਤਾ ਜਾਵੇਗਾ। ਗਰੁੱਪ ਵਿਚ ਪੁਲਸ ਅਧਿਕਾਰੀਆਂ ਤੋਂ ਇਲਾਵਾ ਐੈੱਸ. ਪੀ. ਟ੍ਰੈਫਿਕ ਅਤੇ ਕਮਿਊਨਿਟੀ ਪੁਲਸਿੰਗ ਕਮਲਦੀਪ ਕੌਰ ਆਈ. ਪੀ. ਐੈੱਸ. ਨੂੰ ਵੀ ਰੱਖਿਆ ਗਿਆ ਹੈ। ਇਸ ਗਰੁੱਪ 'ਤੇ ਕੋਈ ਵੀ ਵਿਦਿਆਰਥਣ ਗਰੁੱਪ ਮੈਂਬਰ ਨੂੰ ਕਿਸੇ ਵੀ ਤਰ੍ਹਾਂ ਦੀ ਸੁਰੱਖਿਆ ਸਬੰਧੀ ਪ੍ਰੇਸ਼ਾਨੀ ਦੱਸ ਸਕਦੀ ਹੈ, ਜਿਸ 'ਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ।
ਏ. ਡੀ. ਜੀ. ਪੀ. ਰੋਹਿਤ ਚੌਧਰੀ ਨੇ ਇਸ ਮੌਕੇ ਸਰਕਾਰੀ ਗਰਲਜ਼ ਕਾਲਜ ਤੋਂ ਇਲਾਵਾ ਮੋਦੀ ਕਾਲਜ ਅਤੇ ਥਾਪਰ ਯੂਨੀਵਰਸਿਟੀ ਤੋਂ ਪੁੱਜੀਆਂ ਵਿਦਿਆਰਥਣਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ। ਉੁਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਖਾਸ ਤੌਰ 'ਤੇ ਲੜਕੀਆਂ 'ਚ ਸੁਰੱਖਿਆ ਦੀ ਭਾਵਨਾ ਜਗਾਉਣ ਲਈ ਕਮਿਊਂਨਟੀ ਪੁਲਸਿੰਗ ਤਹਿਤ ਇਹ ਕਾਰਵਾਈ ਕੀਤੀ ਜਾ ਰਹੀ ਹੈ। ਕਿਸੇ ਖਾਸ ਇਲਾਕੇ ਵਿੱਚ ਔਰਤਾਂ ਨੂੰ ਕੁਝ ਵਿਸ਼ੇਸ਼ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਦੇਖਿਆ ਜਾਂਦਾ ਹੈ ਕਿ ਇਨ੍ਹਾਂ ਵਿਸ਼ੇਸ਼ ਸਮੱਸਿਆਵਾਂ ਦਾ ਹੱਲ ਵੀ ਉਸੇ ਇਲਾਕੇ ਵਿਚ ਵੱਖਰੇ ਤੌਰ 'ਤੇ ਕੱਢਿਆ ਜਾ ਸਕਦਾ ਹੈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਸ਼੍ਰੀ ਚੌਧਰੀ ਨੇ ਦੱਸਿਆ ਕਿ ਅਪਰਾਧ ਨੂੰ ਰੋਕਣ ਲਈ ਪਾਇਲਟ ਪ੍ਰਾਜੈਕਟ ਤਹਿਤ ਪਟਿਆਲਾ ਸ਼ਹਿਰ ਵਿਚ ਇੱਕ ਆਧੁਨਿਕ ਕੰਟਰੋਲ ਰੂਮ ਬਣਾਇਆ ਜਾ ਰਿਹਾ ਹੈ। ਇਸ ਲਈ ਇੱਕ ਕਰੋੜ ਰੁਪਏ ਤੋਂ ਵੱਧ ਦੇ ਵਾਹਨ ਵੀ ਖਰੀਦ ਕੇ ਪਟਰੋਲਿੰਗ 'ਚ ਲਾਏ ਜਾਣਗੇ।