ਪਾਵਨ ਸੰਗ ਦਾ ਟਾਂਡਾ ’ਚ ਪਹੁੰਚਣ ’ਤੇ ਹੋਇਆ ਭਰਵਾਂ ਸਵਾਗਤ, ਹਜ਼ਾਰਾਂ ਸੰਗਤਾਂ ਨੇ ਲੁਆਈ ਹਾਜ਼ਰੀ

03/02/2021 11:55:10 AM

ਟਾਂਡਾ ਉੜਮੁੜ (ਵਰਿੰਦਰ ਪੰਡਿਤ, ਕੁਲਦੀਸ਼ ਚੌਹਾਨ) : ਦੋਆਬਾ ਇਲਾਕੇ ਦੀ ਸਭ ਤੋਂ ਵੱਡੀ ਪੈਦਲ ਧਾਰਮਿਕ ਯਾਤਰਾ ਪਾਵਨ ਸੰਗ ਦਾ ਟਾਂਡਾ ਦੇ ਪਿੰਡ ਮਿਆਣੀ ਪਹੁੰਚਣ ’ਤੇ ਸੰਗਤਾਂ ਵੱਲੋ ਭਰਵਾਂ ਸਵਾਗਤ ਕੀਤਾ ਗਿਆ | ਜਥੇਦਾਰ ਬਾਬਾ ਜੋਗਿੰਦਰ ਸਿੰਘ ਦੀ ਅਗਵਾਈ ’ਚ ਖਡਿਆਲਾ ਸੈਨੀਆਂ ਤੋਂ  ਡੇਰਾ ਬਾਬਾ ਨਾਨਕ ਜਾ ਰਹੀਆਂ ਸੰਗਤਾਂ ਵੱਲੋਂ ਪਹਿਲੀ ਰਾਤ ਪਿੰਡ ਕੋਟਲੀ ਜੰਡ ਵਿਖੇ ਵਿਸ਼ਰਾਮ ਕਰਨ ਉਪਰੰਤ ਪਾਵਨ ਸੰਗ ਅੱਜ ਸਵੇਰੇ 5 ਵਜੇ ਚਾਲੇ ਪਿਆ | ਸਭ ਤੋਂ ਪਹਿਲਾਂ ਇਤਿਹਾਸਿਕ ਗੁਰਦੁਆਰਾ ਪੁਲ ਪੁਖ਼ਤਾ ਸਾਹਿਬ ਵਿਖੇ ਸੰਗ ਦਾ ਸਵਾਗਤ ਕੀਤਾ ਗਿਆ | ਬਾਅਦ ਵਿੱਚ ਪਿੰਡ ਮਿਆਣੀ ਪਹੁੰਚਣ ’ਤੇ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਵਿਧਾਇਕ ਸੰਗਤ ਸਿੰਘ ਗਿਲਜੀਆ, ਜੋਗਿੰਦਰ ਸਿੰਘ ਗਿਲਜੀਆ, ਸਾਬਕਾ ਮੰਤਰੀ ਬਲਬੀਰ ਸਿੰਘ ਮਿਆਣੀ, ਲਖਵਿੰਦਰ ਸਿੰਘ ਲੱਖੀ, ਮਨਜੀਤ ਸਿੰਘ ਦਸੂਹਾ, ਫੁੱਮਣ ਸਿੰਘ ਇਬ੍ਰਹਿਮਪੁਰ ਆਦਿ ਆਗੂਆਂ ਵੱਲੋ ਸੰਗ ਦਾ ਸਵਾਗਤ ਕੀਤਾ ਗਿਆ |

ਇਸ ਦੌਰਾਨ ਹਜ਼ਾਰਾਂ ਸੰਗਤਾਂ ਨੇ ਹਾਜ਼ਰੀ ਲੁਆਈ | ਸੰਗ ਦੌਰਾਨ ਸੰਗਤਾਂ ਵੱਲੋਂ ਚੱਪੇ-ਚੱਪੇ ’ਤੇ ਵੱਖ-ਵੱਖ ਤਰ੍ਹਾਂ ਦੇ ਲੰਗਰ ਲਾਏ ਹੋਏ ਸਨ | ਬਿਆਸ ਦਰਿਆ ਦੇ ਕੰਢੇ ਸੰਗਤ ਦੇ ਇਕੱਠ ਦਾ ਨਜ਼ਾਰਾ ਵੇਖਣ ਯੋਗ ਸੀ, ਜਿੱਥੋਂ ਸੰਗ ਬਿਆਸ ਦਰਿਆ ਪਾਰ ਕਰਕੇ ਆਪਣੀ ਮੰਜ਼ਲ ਵੱਲ ਵਧਿਆ। ਪਾਵਨ ਸੰਗ ਦੂਸਰੀ ਰਾਤ ਪਿੰਡ ਹਰਚੋਵਾਲ ਅਤੇ ਤੀਸਰੀ ਰਾਤ ਘੁੱਮਣਾ ਕਲਾਂ ਵਿਖੇ ਰਾਤ ਦੇਵਿਸ਼ਰਾਮ ਕਰਨ ਤੋਂ ਬਾਅਦ ਚੌਥੇ ਦਿਨ ਡੇਰਾ ਬਾਬਾ ਨਾਨਕ ਵਿਖੇ ਸ੍ਰੀ ਚੋਲਾ ਸਾਹਿਬ ਜੀ ਦੇ ਦਰਸ਼ਨ ਕਰਨਗੀਆਂ। ਇਸ ਸੰਗ ਦੇ ਦਰਸ਼ਨਾਂ ਲਈ ਦੇਸ਼ ਵਿਦੇਸ਼ ਦੀਆਂ ਸੰਗਤਾਂ ਵਿਸ਼ੇਸ਼ ਤੌਰ ’ਤੇ ਪਹੁੰਚਦੀਆਂ ਹਨ।

Anuradha

This news is Content Editor Anuradha