''ਟ੍ਰਾਈਸਿਟੀ ''ਚ ''ਕੋਰੋਨਾ'' ਨੇ ਮਚਾਈ ਤੜਥੱਲੀ, ਚੰਡੀਗੜ੍ਹ ''ਚ ਵੀ ਲਾਗੂ ਹੋਇਆ ''ਵੀਕੈਂਡ ਲਾਕਡਾਊਨ''

08/22/2020 11:35:08 AM

ਚੰਡੀਗੜ੍ਹ (ਰਜਿੰਦਰ, ਪਾਲ) : ਸ਼ੁੱਕਰਵਾਰ ਨੂੰ ਟ੍ਰਾਈਸਿਟੀ 'ਚ ਕੋਰੋਨਾ ਨਾਲ 4 ਲੋਕਾਂ ਦੀ ਮੌਤ ਹੋਈ ਹੈ ਉੱਥੇ ਹੀ 316 ਨਵੇਂ ਕੇਸ ਆਏ ਹਨ। ਕੇਸ ਵੱਧਦੇ ਦੇਖ ਪੰਜਾਬ ਅਤੇ ਹਰਿਆਣਾ ਤੋਂ ਬਾਅਦ ਚੰਡੀਗੜ੍ਹ ਨੇ ਵੀ ਸ਼ੁੱਕਰਵਾਰ ਦੇਰ ਰਾਤ ਵੀਕੈਂਡ ਲਾਕਡਾਊਨ ਦਾ ਐਲਾਨ ਕਰ ਦਿੱਤਾ। ਪ੍ਰਸ਼ਾਸਕ ਵੀ. ਪੀ. ਸਿੰਘ ਬਦਨੌਰ ਅਤੇ ਸਲਾਹਕਾਰ ਮਨੋਜ ਪਰਿਦਾ ਨੇ ਟਵੀਟ ਕਰ ਕੇ ਇਸ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਅਨੁਸਾਰ ਹੁਣ ਤੋਂ ਹਰ ਸ਼ਨੀਵਾਰ ਅਤੇ ਐਤਵਾਰ ਨੂੰ ਸ਼ਹਿਰ ਦੀਆਂ ਸਾਰੀਆਂ ਮਾਰਕਿਟਾਂ ਅਤੇ ਸਰਕਾਰੀ ਦਫ਼ਤਰ ਬੰਦ ਰਹਿਣਗੇ। ਇਸ ਦੌਰਾਨ ਲਾਜ਼ਮੀ ਸੇਵਾਵਾਂ ਨਾਲ ਜੁੜੀਆਂ ਦੁਕਾਨਾਂ ਖੁੱਲ੍ਹੀਆਂ ਰਹਿਣਗੀਆਂ।
ਹੋਟਲ, ਰੈਸਟੋਰੈਂਟ ਅਤੇ ਨਿੱਜੀ ਦਫ਼ਤਰ ਖੁੱਲ੍ਹਣਗੇ
ਸਲਾਹਕਾਰ ਮਨੋਜ ਪਰਿਦਾ ਅਨੁਸਾਰ ਵੀਕੈਂਡ ਲਾਕਡਾਊਨ ਦੌਰਾਨ ਨਿੱਜੀ ਦਫ਼ਤਰ, ਹੋਟਲ ਅਤੇ ਰੈਸਟੋਰੈਂਟ ਖੁੱਲ੍ਹੇ ਰਹਿ ਸਕਦੇ ਹਨ ਪਰ ਦੁਕਾਨਾਂ, ਸ਼ਾਪਿੰਗ ਮਾਲ, ਮਾਰਕਿਟ ਅਤੇ ਸਰਕਾਰੀ ਦਫ਼ਤਰ ਪੂਰੀ ਤਰ੍ਹਾਂ ਬੰਦ ਰਹਿਣਗੇ। ਇਸ ਤੋਂ ਇਲਾਵਾ ਸ਼ਹਿਰ 'ਚ ਲੋਕਾਂ ਦੇ ਘੁੰਮਣ ’ਤੇ ਰੋਕ ਨਹੀਂ ਰਹੇਗੀ। ਵੀਕੈਂਡ ਲਾਕਡਾਊਨ ਨੂੰ ਲੈ ਕੇ ਸਪੱਸ਼ਟ ਹੁਕਮ ਜਾਰੀ ਨਾ ਹੋਣ ਕਾਰਣ ਕਈ ਵਿਸ਼ਿਆਂ ’ਤੇ ਦੁਚਿੱਤੀ ਦੀ ਸਥਿਤੀ ਹੈ। ਧਿਆਨਯੋਗ ਹੈ ਕਿ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ. ਪੀ. ਸਿੰਘ ਬਦਨੌਰ ਨੇ ਟ੍ਰਾਈਸਿਟੀ ਦੇ ਅਧਿਕਾਰੀਆਂ ਨਾਲ ਦੁਪਹਿਰ 12 ਵਜੇ ਬੈਠਕ ਕੀਤੀ ਸੀ, ਜਿਸ 'ਚ ਵੀਕੈਂਡ ਲਾਕਡਾਊਨ ਲਗਾਉਣ ਦੇ ਮਤੇ ਨੂੰ ਟਾਲ ਦਿੱਤਾ ਸੀ ਪਰ ਫਿਰ ਸ਼ਾਮ ਨੂੰ ਪੰਜਾਬ ਤੋਂ ਬਾਅਦ ਹਰਿਆਣਾ ਨੇ ਵੀ ਵੀਕੈਂਡ ਲਾਕਡਾਊਨ ਦਾ ਐਲਾਨ ਕਰ ਦਿੱਤਾ। ਇਸ ਲਈ ਜਲਦਬਾਜ਼ੀ 'ਚ ਰਾਤ ਨੂੰ ਚੰਡੀਗੜ੍ਹ 'ਚ ਵੀ ਤਾਲਾਬੰਦੀ ਦਾ ਐਲਾਨ ਕੀਤਾ ਗਿਆ।
ਟ੍ਰਾਈਸਿਟੀ 'ਚ ਇੱਕ ਦਿਨ 'ਚ ਆਏ 316 ਨਵੇਂ ਕੇਸ
ਟ੍ਰਾਈਸਿਟੀ 'ਚ ਬੀਤੇ ਦਿਨ ਕੋਰੋਨਾ ਦੇ 316 ਨਵੇਂ ਕੇਸ ਸਾਹਮਣੇ ਆਏ ਹਨ, ਇਨ੍ਹਾਂ 'ਚ ਚੰਡੀਗੜ੍ਹ ਤੋਂ 116, ਮੋਹਾਲੀ ਤੋਂ 147 ਅਤੇ ਪੰਚਕੂਲਾ ਤੋਂ 53 ਕੇਸ ਹਨ। ਮ੍ਰਿਤਕਾਂ 'ਚ ਦੋ ਲੋਕ ਚੰਡੀਗੜ੍ਹ ਦੇ ਸੈਕਟਰ-45 ਅਤੇ ਬੁੜੈਲ ਦੇ ਰਹਿਣ ਵਾਲੇ ਸਨ, ਜਦੋਂ ਕਿ ਚੰਡੀਗੜ੍ਹ ਦੇ ਮੌਲੀਜਾਗਰਾਂ ਵਾਸੀ ਦੀ ਮੌਤ ਪੰਚਕੂਲਾ 'ਚ ਹੋਈ ਹੈ, ਉੱਥੇ ਹੀ ਮੁਬਾਰਕਪੁਰ 'ਚ 40 ਸਾਲਾਂ ਦੀ ਜਨਾਨੀ ਦੀ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਪਟਿਆਲਾ 'ਚ ਮੌਤ ਹੋ ਗਈ। ਉਹ ਸ਼ੂਗਰ ਦੇ ਰੋਗ ਤੋਂ ਪੀੜਤ ਸੀ। ਹੁਣ ਤੱਕ ਮੋਹਾਲੀ ਜ਼ਿਲ੍ਹੇ 'ਚ 46 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਸੈਕਟਰ-45 ਵਾਸੀ 67 ਸਾਲਾ ਮਰੀਜ਼ ਜੀ. ਐੱਮ. ਸੀ. ਐੱਚ.-32 'ਚ ਦਾਖਲ ਸੀ। ਮਰੀਜ਼ ਨੂੰ ਕੋਰੋਨਾ ਲਾਗ ਨਾਲ ਹੀ ਟਾਈਪ-2 ਹਾਈ ਡਾਈਬਿਟੀਜ਼ ਸੀ। 19 ਅਗਸਤ ਨੂੰ ਮਰੀਜ਼ ਦੀ ਮੌਤ ਹੋਈ। ਦੂਜਾ ਮਰੀਜ਼ ਬੁੜੈਲ ਦਾ ਰਹਿਣ ਵਾਲਾ ਸੀ। ਉਸ ਦੀ ਮੌਤ ਵੀ ਜੀ. ਐੱਮ. ਸੀ. ਐੱਚ.-32 'ਚ ਹੋਈ। 66 ਸਾਲਾ ਇਸ ਮਰੀਜ਼ ਨੂੰ ਗੌਲ ਬਲੈਡਰ ਦਾ ਕੈਂਸਰ ਅਤੇ ਟਾਈਪ-2 ਡਾਇਬਿਟੀਜ਼ ਵੀ ਸੀ। ਇਸ ਦੇ ਨਾਲ ਹੀ ਚੰਡੀਗੜ੍ਹ 'ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਹੁਣ 33 ਹੋ ਗਈ ਹੈ, ਉੱਥੇ ਹੀ, ਪੰਚਕੂਲਾ ਦੇ ਸੈਕਟਰ-6 ਦੇ ਹਸਪਤਾਲ 'ਚ ਚੰਡੀਗੜ੍ਹ ਵਾਸੀ ਕੋਰੋਨਾ ਮਰੀਜ਼ ਦੀ ਮੌਤ ਹੋ ਗਈ। ਚੰਡੀਗੜ੍ਹ ਦੇ ਮੌਲੀਜਾਗਰਾਂ ਵਾਸੀ ਬਜ਼ੁਰਗ ਨੂੰ ਦਿਲ ਸਬੰਧੀ ਸਮੱਸਿਆ ਦੇ ਚੱਲਦੇ ਨਾਜ਼ੁਕ ਹਾਲਤ 'ਚ ਦਾਖ਼ਲ ਕਰਵਾਇਆ ਗਿਆ ਸੀ। ਕੋਵਿਡ ਆਈ. ਸੀ. ਯੂ. 'ਚ ਇਲਾਜ ਦੌਰਾਨ ਉਸ ਦੀ ਮੌਤ ਹੋਈ ਹੈ।

Babita

This news is Content Editor Babita