ਗੁਰੂ ਨਗਰੀ ਪੁੱਜੇ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ

04/19/2017 8:47:21 PM

ਅੰਮ੍ਰਿਤਸਰ— ਕੈਨੇਡਾ ਦੇ ਗੁਰਸਿੱਖ ਰੱਖਿਆ ਮੰਤਰੀ ਆਪਣੇ ਭਾਰਤ ਦੌਰੇ ਦੌਰਾਨ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਪੁੱਜ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਸੱਜਣ ਸਿੰਘ ਦਾ ਏਅਰਪੋਰਟ ਪੁੱਜਣ ''ਤੇ ਜ਼ਿਲਾ ਪ੍ਰਸ਼ਾਸਨ ਅਤੇ ਸ਼੍ਰੋਮਣੀ ਕਮੇਟੀ ਮੈਂਬਰਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ। 
ਤੁਹਾਨੂੰ ਦੱਸ ਦਈਏ ਕਿ ਸੱਜਣ ਸਿੰਘ ਗੁਰੂ ਨਗਰੀ ਦੇ ਇਕ ਨਵੇਂ ਬਣੇ ਆਲੀਸ਼ਾਨ ਹੋਟਲ ਵਿਚ ਰਾਤ ਬਿਤਾਉਣਗੇ। 20 ਅਪ੍ਰੈਲ ਨੂੰ ਉਹ ਸਵੇਰੇ 8 ਵਜੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਜਾਣਗੇ। ਹਰਜੀਤ ਸਿੰਘ ਸੱਜਣ ਆਪਣੇ ਇਸ ਦੌਰੇ ਦੌਰਾਨ ਪੰਜਾਬ ਵਿਚ ਚਾਰ ਦਿਨ ਬਿਤਾਉਣਗੇ। ਉਹ ਅੰਮ੍ਰਿਤਸਰ, ਜਲੰਧਰ ਅਤੇ ਹੁਸ਼ਿਆਰਪੁਰ ਦਾ ਦੌਰਾ ਕਰਨਗੇ। ਇਸ ਤੋਂ ਪਹਿਲਾਂ ਹਰਜੀਤ ਸਿੰਘ ਸੱਜਣ ਨੇ ਭਾਰਤ ਦੇ ਰੱਖਿਆ ਮੰਤਰੀ ਅਰੁਣ ਜੇਤਲੀ ਅਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਦੁਵੱਲੇ ਮਸਲਿਆਂ ਬਾਰੇ ਗੱਲਬਾਤ ਕੀਤੀ।