ਵਿਆਹਾਂ ''ਚ ਗੋਲੀਬਾਰੀ ''ਤੇ ਜਾਗਰੂਕ ਹੋਇਆ ਸਮਾਜ, ਅਸਲੇ ਵਾਲਿਆਂ ਦੀ ਵਿਆਹਾਂ ''ਚ ''ਨੋ ਐਂਟਰੀ''

12/06/2016 7:24:04 PM

ਜਲੰਧਰ (ਗੁਰਮਿੰਦਰ ਸਿੰਘ) : ਵਿਆਹ ਸਮਾਗਮਾਂ ਦੌਰਾਨ ਵਾਪਰ ਰਹੀਆਂ ਅਣਸੁਖਾਵੀਆਂ ਘਟਨਾਵਾਂ ਤੋਂ ਬਾਅਦ ਲੋਕ ਜਾਗਰੂਕ ਹੋਣੇ ਸ਼ੁਰੂ ਹੋ ਗਏ ਹਨ ਅਤੇ ਇਕ ਨਵੇਕਲੀ ਮੁਹਿੰਮ ਰਾਹੀਂ ਵਿਆਹ ਵਿਚ ਸ਼ਿਰਕਤ ਕਰਨ ਵਾਲੇ ਮਹਿਮਾਨਾਂ ਨੂੰ ਵਿਆਹ ਸਮਾਗਮ ਵਿਚ ਅਸਲਾ ਨਾ ਲੈ ਕੇ ਆਉਣ ਦੀ ਤਾਕੀਦ ਕੀਤੀ ਜਾ ਰਹੀ ਹੈ। ਵਿਆਹ ਸਮੇਂ ਮਾਹੌਲ ਖੁਸ਼ੀਆਂ ਭਰਿਆ ਹੁੰਦਾ ਹੈ ਅਤੇ ਇਸ ਨੂੰ ਖੁਸ਼ੀ ਨਾਲ ਹੀ ਮਾਨਣਾ ਚਾਹੀਦਾ ਹੈ ਪਰ ਅਕਸਰ ਵੇਖਣ ਵਿਚ ਆਇਆ ਹੈ ਕਿ ਕਈ ਵਾਰ ਮੈਰਿਜ ਪੈਲੇਸਾਂ ਵਿਚ ਬਾਰਾਤੀਆਂ ਦੇ ਹਥਿਆਰ ਖੁਸ਼ੀਆਂ ਨੂੰ ਗਮੀਆਂ ਵਿਚ ਬਦਲ ਦਿੰਦੇ ਹਨ। ਵਿਆਹ ਸਮਾਗਮਾਂ ਵਿਚ ਚੱਲਦੀਆਂ ਗੋਲੀਆਂ ਕਾਰਨ ਹੁਣ ਤਕ ਕਈ ਲੋਕਾਂ ਦੀ ਜਾਨਾਂ ਵੀ ਜਾ ਚੁੱਕੀਆਂ ਹਨ।
ਸਰਕਾਰ ਵਲੋਂ ਅਸਲਾ ਧਾਰਕ ਨੂੰ ਇਸ ਦਾ ਲਾਇਸੈਂਸ ਆਤਮ ਰੱਖਿਆ ਲਈ ਦਿੱਤਾ ਜਾਂਦਾ ਹੈ ਪਰ ਅਕਸਰ ਲੋਕ ਵਿਆਹ ਸਮਾਗਮਾਂ ਵਿਚ ਤੈਸ਼ ''ਚ ਆ ਕੇ ਹਵਾਈ ਫਾਇਰ ਕਰ ਦਿੰਦੇ ਹਨ ਜਿਸ ਨਾਲ ਅਣਸੁਖਾਵੀਆਂ ਘਟਨਾ ਵਾਪਰ ਜਾਂਦੀਆਂ ਹਨ ਅਤੇ ਦੇਖਦੇ-ਦੇਖਦੇ ਖੁਸ਼ੀ ਦਾ ਮਾਹੌਲ ਮਾਤਮ ਵਿਚ ਬਦਲ ਜਾਂਦਾ ਹੈ। ਮੈਰਿਜ ਪੈਲੇਸਾ ਵਿਚ ਭਾਂਵੇ ਪੁਲਸ ਪ੍ਰਸ਼ਾਸਨ ਵੱਲੋਂ ਹਥਿਆਰ ਲਿਜਾਣ ''ਤੇ ਪੂਰਨ ਤੌਰ ''ਤੇ ਪਾਬੰਦੀ ਲਗਾਈ ਹੋਈ ਹੈ ਪਰ ਫਿਰ ਵੀ ਲੋਕ ਸਿਆਸੀ ਪਹੁੰਚ ਕਾਰਨ ਮੈਰਿਜ ਪੈਲੇਸਾਂ ਵਿਚ ਹਥਿਆਰਾਂ ਸਮੇਤ ਆਮ ਦੇਖੇ ਜਾ ਸਕਦੇ ਹਨ।
ਇਸ ਕਾਰਨ ਹੁਣ ਲੋਕ ਵਿਆਹ ਵਾਲੇ ਕਾਰਡ ''ਤੇ ਹੀ ਆਪਣਾ ਹਥਿਆਰ ਘਰ ਰੱਖ ਕੇ ਆਉਣ ਦੀ ਕ੍ਰਿਪਾਲਤਾ ਕਰਨੀ ਲਿੱਖ ਰਹੇ ਹਨ ਤਾਂ ਕਿ ਵਿਆਹ ਦੀ ਖੁਸ਼ੀ ਨੂੰ ਪੂਰੇ ਆਨੰਦ ਨਾਲ ਮਾਣਿਆ ਜਾਵੇ। ਇਕ ਇਸੇ ਤਰ੍ਹਾਂ ਦਾ ਕਾਰਡ ਜਿਸ ਉਪਰ ''ਕ੍ਰਿਪਾ ਕਰਕੇ ਆਪਣਾ ਅਸਲਾ ਘਰ ਰੱਖ ਕਿ ਆਉਣਾ ਜੀ'' ਲਿਖਿਆ ਹੋਇਆ ਹੈ, ਸੋਸ਼ਲ ਮੀਡੀਆ ''ਤੇ ਇੰਨ੍ਹੀਂ ਦਿਨੀਂ ਪੂਰੀ ਚਰਚਾ ਵਿਚ ਹੈ ਅਤੇ ਉਕਤ ਕਾਰਡ ਲੋਕਾਂ ਵਿਚ ਜਾਗਰੂਕਤਾ ਵੀ ਪੈਦਾ ਕਰ ਰਿਹਾ ਜਿਸ ਨਾਲ ਆਉਣ ਵਾਲੇ ਸਮੇਂ ਵਿਚ ਲੋਕਾਂ ਨੂੰ ਇਕ ਚੰਗੀ ਸੇਧ ਮਿਲੇਗੀ। ''ਜਗ ਬਾਣੀ'' ਇਸ ਨਵੇਕਲੀ ਮੁਹਿੰਮ ਦੀ ਸ਼ਲਾਘਾ ਕਰਦਾ ਹੈ ਅਤੇ ਲੋਕਾਂ ਨੂੰ ਇਸ ਮੁਹਿੰਮ ਨਾਲ ਜੁੜਨ ਅਤੇ ਹੋਰ ਲੋਕਾਂ ਨੂੰ ਜਾਗਰੂਕ ਕਰਨ ਦੀ ਤਾਕੀਦ ਕਰਦਾ ਹੈ।

Gurminder Singh

This news is Content Editor Gurminder Singh