ਵਿਆਹ ਸਮਾਗਮ ''ਚ ਪਿਆ ਖਲਲ, ਨੌਜਵਾਨ ਦੀ ਮੌਤ

05/13/2019 6:56:13 PM

ਜਲੰਧਰ (ਮਹੇਸ਼)— ਇਕ ਵਿਆਹ ਸਮਾਗਮ ਦੌਰਾਨ ਅਚਾਨਕ ਹਾਲਤ ਵਿਗੜਨ 'ਤੇ 24 ਸਾਲਾ ਵੇਟਰ ਹੈੱਡ ਰਜਤ ਦੀ ਮੌਤ ਹੋਣ ਦਾ ਖਬਰ ਮਿਲੀ ਹੈ। ਰਜਤ ਥਾਣਾ ਕੈਂਟ ਦੇ ਪਿੰਡ ਰਹਿਮਾਨਪੁਰ ਦਾ ਰਹਿਣ ਵਾਲਾ ਸੀ। ਮਾਮਲੇ ਦੀ ਜਾਂਚ ਕਰ ਰਹੇ ਥਾਣਾ ਕੈਂਟ ਦੇ ਏ. ਐੱਸ. ਆਈ. ਕੁਲਦੀਪ ਸਿੰਘ ਨੇ ਦੱਸਿਆ ਕਿ ਰਜਤ ਬੀਤੇ ਦਿਨ ਪਰਾਗਪੁਰ ਜੀ. ਟੀ. ਰੋਡ 'ਤੇ ਸਥਿਤ ਇਕ ਮੈਰਿਜ ਪੈਲੇਸ 'ਚ ਕਿਸੇ ਵਿਆਹ ਨੂੰ ਲੈ ਕੇ ਵੇਟਰਾਂ ਨਾਲ ਕੰਮ ਕਰਵਾ ਰਿਹਾ ਸੀ, ਰਾਤ ਨੂੰ ਉਸ ਦੀ ਸਿਹਤ ਇਕ ਦਮ ਖਰਾਬ ਹੋ ਗਈ, ਜਿਸ ਤੋਂ ਬਾਅਦ ਉਸ ਦੇ ਸਾਥੀ ਉਸ ਨੂੰ ਰਾਮਾਮੰਡੀ ਦੇ ਜੌਹਲ ਹਸਪਤਾਲ ਲੈ ਗਏ ਅਤੇ ਇਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। 
ਰਜਤ ਆਪਣੀ ਮਾਂ ਦੇ ਨਾਲ ਪਿੰਡ ਰਹਿਮਾਨਪੁਰ 'ਚ ਰਹਿੰਦਾ ਹੈ। ਉਸ ਦੇ ਪਿਤਾ ਰਛਪਾਲ ਦੀ ਮੌਤ ਡੇਢ ਸਾਲ ਪਹਿਲਾਂ ਹੀ ਹੋ ਚੁੱਕੀ ਸੀ ਅਤੇ ਉਸ ਦਾ ਵੱਡਾ ਭਰਾ ਦੁਬਾਈ 'ਚ ਰਹਿੰਦਾ ਹੈ। ਜਾਂਚ ਅਧਿਕਾਰੀ ਕੁਲਦੀਪ ਸਿੰਘ ਨੇ ਦੱਸਿਆ ਕਿ ਪੁਲਸ ਨੇ 174 ਦੀ ਕਾਰਵਾਈ ਕਰਦੇ ਹੋਏ ਮ੍ਰਿਤਕ ਰਜਤ ਦਾ ਪੋਸਟਮਾਰਟਮ ਕਰਵਾ ਕੇ ਉਸ ਦੀ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ। ਪੁਲਸ ਦਾ ਕਹਿਣਾ ਹੈ ਕਿ ਪੋਸਟਮਾਰਟਮ ਰਿਪੋਰਟ ਆਉਣ 'ਤੇ ਹੀ ਮੌਤ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ। ਦੱਸਿਆ ਜਾ ਰਿਹਾ ਹੈ ਕਿ ਵੱਡੇ ਭਰਾ ਦੇ ਵਿਦੇਸ਼ ਤੋਂ ਵਾਪਸ ਆਉਣ 'ਤੇ ਹੀ ਮ੍ਰਿਤਕ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।

shivani attri

This news is Content Editor shivani attri