ਕਿਸਾਨਾਂ ਦੀ ਮਦਦ ਲਈ ਮੌਸਮ ਨਾਲ ਸਬੰਧਤ 3 ਮੋਬਾਇਲ ਐਪ ਜਾਰੀ

09/19/2020 2:53:02 PM

ਲੁਧਿਆਣਾ (ਸਲੂਜਾ) : ਭਾਰਤ ਸਰਕਾਰ ਨੇ ਕਿਸਾਨਾਂ ਦੀ ਮਦਦ ਲਈ ਮੌਸਮ ਨਾਲ ਸਬੰਧਿਤ 3 ਮੋਬਾਇਲ ਐਪ ਜਾਰੀ ਕੀਤੀਆਂ ਹਨ। ਜੋ ਕਿ ਕਿਸਾਨਾਂ ਦੇ ਨਾਲ-ਨਾਲ ਆਮ ਲੋਕਾਂ ਲਈ ਵੀ ਬਹੁਤ ਲਾਹੇਵੰਦ ਸਾਬਿਤ ਹੋ ਰਹੀਆਂ ਹਨ। ਪਹਿਲਾਂ ਜਾਰੀ ਕੀਤੀ 'ਮੇਘਦੂਤ' ਐਪ ਜਿੱਥੇ ਮੌਸਮ ਸਬੰਧੀ ਜਾਣਕਾਰੀ ਦੇ ਨਾਲ-ਨਾਲ ਖੇਤੀ ਸਬੰਧੀ ਧੰਦਿਆਂ ਨੂੰ ਉਲੀਕਣ ਲਈ ਸਹਾਇਕ ਸਿੱਧ ਹੋ ਰਹੀ ਹੈ, ਉਥੇ 'ਮੋਸਮ' ਨਾਮੀ ਐਪ ਦੇਸ਼ ਦੇ ਕਰੀਬ 150 ਜ਼ਿਲ੍ਹਿਆਂ ਦੇ ਮੌਸਮ ਦੇ ਅੰਕੜਿਆਂ ਅਤੇ ਪੂਰਵ-ਅਨੁਮਾਨ ਸਬੰਧੀ ਹਰ ਤਰ੍ਹਾਂ ਦੀ ਜਾਣਕਾਰੀ ਮੁਹੱਈਆ ਕਰਦੀ ਹੈ। ਇਨ੍ਹਾਂ ਦੋਵਾਂ ਤੋਂ ਇਲਾਵਾ 'ਦਾਮਿਨੀ' ਐਪ ਅਸਮਾਨੀ ਬਿਜਲੀ ਡਿੱਗਣ ਬਾਰੇ ਸੁਚੇਤ ਕਰਦੀ ਹੈ। 'ਮੇਘਦੂਤ ਐਪ' ਭਾਰਤ ਸਰਕਾਰ ਦੇ ਧਰਤ ਵਿਗਿਆਨ ਅਤੇ ਖੇਤੀਬਾੜੀ ਮੰਤਰਾਲੇ ਵੱਲੋਂ ਲਾਂਚ ਕੀਤੀ ਗਈ ਇਕ ਮੋਬਾਇਲ ਐਪਲੀਕੇਸ਼ਨ ਹੈ, ਜੋ ਕਿ ਕਿਸਾਨਾਂ ਨੂੰ ਕਿਸੇ ਵੀ ਜਗ੍ਹਾ ਦੇ ਮੌਸਮ ਅਨੁਸਾਰ ਫਸਲ ਅਤੇ ਪਸ਼ੂ-ਪਾਲਣ ਸਬੰਧੀ ਜਾਣਕਾਰੀ ਪ੍ਰਦਾਨ ਕਰਦੀ ਹੈ। ਇਹ ਐਪ ਭਾਰਤ ਮੌਸਮ ਵਿਗਿਆਨ ਮਹਿਕਮੇ ਅਤੇ ਭਾਰਤੀ ਖੇਤੀ ਖੋਜ ਕੌਂਸਲ ਦੇ ਸਾਂਝੇ ਯਤਨਾਂ ਦੀ ਦੇਣ ਹੈ ਅਤੇ ਜਿਸ ਸਦਕਾ ਕਿਸਾਨਾਂ ਤੱਕ ਹਰ ਭਾਸ਼ਾ 'ਚ ਮੌਸਮ 'ਤੇ ਆਧਾਰਿਤ ਖੇਤੀ ਸਲਾਹ ਪਹੁੰਚਾਈ ਜਾਂਦੀ ਹੈ। ਇਸ ਐਪ ਵਿਚ ਤਾਪਮਾਨ, ਬਾਰਿਸ਼, ਨਮੀ, ਹਵਾ ਦੀ ਦਿਸ਼ਾ ਤੇ ਗਤੀ ਆਦਿ ਬਾਰੇ ਵਿਸਤਾਰਪੂਰਵਕ ਜਾਣਕਾਰੀ ਪੂਰੇ ਦੇਸ਼ ਦੇ 150 ਜ਼ਿਲਿਆਂ ਲਈ ਉਪਲੱਬਧ ਹੈ। ਇਸ ਐਪ ਰਾਹੀਂ ਖੇਤੀ ਸਲਾਹ ਤੋਂ ਇਲਾਵਾ ਵੱਖ-ਵੱਖ ਜ਼ਿਲ੍ਹਿਆਂ ਦੇ ਮੌਸਮ ਅਤੇ ਮੌਸਮ ਦੀ ਭਵਿੱਖਬਾਣੀ ਬਾਰੇ ਵੀ ਜਾਣਕਾਰੀ ਦਰਜ ਹੈ।

ਇਹ ਵੀ ਪੜ੍ਹੋ : ICP ਅਟਾਰੀ 'ਤੇ ਸਨਿਫਰ ਡਾਗਸ ਅਰਜੁਨ ਨੇ ਫੜੀ ਸੀ 2700 ਕਰੋੜ ਦੀ ਹੈਰੋਇਨ ਦੀ ਖੇਪ

ਇਸ ਐਪ ਨੂੰ ਵਟਸਐਪ ਅਤੇ ਫੇਸਬੁੱਕ ਨਾਲ ਵੀ ਜੋੜਿਆ ਜਾ ਰਿਹਾ ਹੈ ਤਾਂ ਕਿ ਵੱਧ ਤੋਂ ਵੱਧ ਲੋਕ ਇਸ ਦਾ ਫਾਇਦਾ ਲੈ ਸਕਣ। ਇਸ ਐਪ ਰਾਹੀਂ ਬਹੁਤ ਹੀ ਸੁਖਾਲੇ ਤਰੀਕੇ ਨਾਲ ਕਿਸਾਨ ਜਾਂ ਆਮ ਲੋਕ ਹਰ ਤਰ੍ਹਾਂ ਦੀ ਜਾਣਕਾਰੀ ਲੈ ਸਕਦੇ ਹਨ ਅਤੇ ਇਸ 'ਚ ਮੌਸਮ ਸਬੰਧੀ ਜਾਣਕਾਰੀ ਜਾਂ ਖੇਤੀ ਸਲਾਹ ਹਰ ਮੰਗਲਵਾਰ ਅਤੇ ਸ਼ੁੱਕਰਵਾਰ ਨੂੰ ਅੱਪਡੇਟ ਕੀਤੀ ਜਾਂਦੀ ਹੈ। ਜਿਸ 'ਚ ਆਉਣ ਵਾਲ 3-4 ਦਿਨਾਂ ਦੇ ਮੌਸਮ ਦੀ ਜਾਣਕਾਰੀ ਅਤੇ ਮੌਸਮ ਅਨੁਸਾਰ ਖੇਤੀ ਧੰਦੇ ਉਲੀਕਣ ਬਾਰੇ ਦੱਸਿਆ ਜਾਂਦਾ ਹੈ। ਇਹ ਐਪ ਗੂਗਲ ਪਲੇ ਸਟੋਰ ਅਤੇ ਐਪਲ ਸਟੋਰ 'ਤੇ ਉਪਲੱਬਧ ਹੈ। ਇਸ ਨੂੰ ਡਾਊਨਲੋਡ ਕਰਨ ਲਈ ਉਪਭੋਗਤਾ ਨੂੰ ਆਪਣਾ ਨਾਂ ਅਤੇ ਜ਼ਿਲ੍ਹਾ ਦਰਜ ਕਰਨਾ ਪਵੇਗਾ ਤਾਂ ਕਿ ਉਸ ਨੂੰ ਆਪਣੀ ਫਸਲ ਅਤੇ ਜਗ੍ਹਾ ਅਨੁਸਾਰ ਹੀ ਜਾਣਕਾਰੀ ਮਿਲ ਸਕੇ। ਇਸ ਐੱਪ ਨੂੰ ਹੋਰ ਆਕਰਸ਼ਿਤ ਅਤੇ ਮਹੱਤਵਪੂਰਨ ਬਨਾਉਣ ਲਈ ਇਸ ਵਿਚ ਜਾਣਕਾਰੀ ਅਨੁਸਾਰ ਚਿੱਤਰ, ਫੋਟੋ ਅਤੇ ਨਕਸ਼ੇ ਵੀ ਦਿਖਾਏ ਗਏ ਹਨ। ਮੌਸਮ ਨੂੰ ਦਰਸਾਉਂਦੀ ਇਕ ਹੋਰ ਐਪ 'ਮੌਸਮ' ਵੀ ਭਾਰਤ ਸਰਕਾਰ ਦੇ ਧਰਤ ਵਿਗਿਆਨ ਮੰਤਰਾਲੇ ਦੇ ਮੌਸਮ ਵਿਗਿਆਨ ਮਹਿਕਮੇ ਵੱਲੋਂ ਜਾਰੀ ਕੀਤੀ ਗਈ ਹੈ। ਇਹ ਇਕ ਆਪਣੇ ਤਰ੍ਹਾਂ ਦੀ ਵਿਲੱਖਣ ਐਪ ਹੈ, ਜੋ ਕਿ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਭਾਗਦਾਰੀ ਨਾਲ ਵਿਕਸਿਤ ਕੀਤੀ ਗਈ ਹੈ। ਜੋ ਕਿ ਮੌਸਮ ਸਬੰਧੀ ਹਰ ਤਰ੍ਹਾਂ ਦੀ ਜਾਣਕਾਰੀ ਮੁਹੱਈਆ ਕਰ ਰਹੀ ਹੈ।

ਇਹ ਵੀ ਪੜ੍ਹੋ : ਖਰੜ 'ਚ ਵੱਡੀ ਵਾਰਦਾਤ, ਹਥਿਆਰਾਂ ਨਾਲ ਲੈਸ ਨੌਜਵਾਨਾਂ ਨੇ ਘਰ 'ਤੇ ਕੀਤੀ ਅੰਨ੍ਹੇਵਾਹ ਫਾਇਰਿੰਗ

Anuradha

This news is Content Editor Anuradha