ਰਿਸ਼ਵਤ ਲੈਣ ਦੇ ਦੋਸ਼ ''ਚ ਵੇਅਰ ਹਾਊਸ ਕਾਰਪੋਰੇਸ਼ਨ ਦੇ ਇੰਸਪੈਕਟਰ ਨੂੰ 2 ਸਾਲ ਦੀ ਕੈਦ

11/18/2017 2:48:49 AM

ਹੁਸ਼ਿਆਰਪੁਰ, (ਅਮਰਿੰਦਰ)- ਪੰਜਾਬ ਵੇਅਰ ਹਾਊਸ ਕਾਰਪੋਰੇਸ਼ਨ 'ਚ ਤਾਇਨਾਤ ਰਹੇ ਤਕਨੀਕੀ ਸਹਾਇਕ ਰਵਨ ਕੁਮਾਰ ਪੁੱਤਰ ਜੋਗਿੰਦਰ ਸਿੰਘ ਵਾਸੀ ਹੈਬੋਵਾਲ ਮੁਹੱਲਾ ਹਾਜੀਪੁਰ ਨੂੰ ਰਿਸ਼ਵਤ ਲੈਣ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦਿਆਂ ਵਧੀਕ ਜ਼ਿਲਾ ਤੇ ਸੈਸ਼ਨ ਜੱਜ ਸੰਦੀਪ ਕੁਮਾਰ ਸਿੰਗਲਾ ਦੀ ਅਦਾਲਤ ਨੇ ਅੱਜ 2 ਸਾਲ ਦੀ ਕੈਦ ਅਤੇ 10 ਹਜ਼ਾਰ ਰੁਪਏ ਨਕਦ ਜੁਰਮਾਨਾ ਅਦਾ ਕਰਨ ਦੀ ਸਜ਼ਾ ਸੁਣਾਈ ਹੈ। ਜੁਰਮਾਨਾ ਅਦਾ ਨਾ ਕੀਤੇ ਜਾਣ ਦੀ ਸੂਰਤ 'ਚ ਇਕ ਸਾਲ ਦੀ ਕੈਦ ਹੋਰ ਕੱਟਣੀ ਪਵੇਗੀ। 
ਪ੍ਰਾਪਤ ਜਾਣਕਾਰੀ ਅਨੁਸਾਰ ਆੜ੍ਹਤੀ ਵਰਿੰਦਰ ਕੁਮਾਰ ਪੁੱਤਰ ਸੋਹਣ ਲਾਲ ਵਾਸੀ ਮੁਹੱਲਾ ਲੰਬੜਦਾਰ ਹਾਜੀਪੁਰ ਨੇ ਵਿਜੀਲੈਂਸ ਵਿਭਾਗ ਜਲੰਧਰ ਕੋਲ ਸਾਲ 2014 'ਚ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ 2002 ਤੋਂ ਵਰਿੰਦਰ ਟਰੇਡਰਜ਼ ਦੇ ਨਾਂ 'ਤੇ ਹਾਜੀਪੁਰ 'ਚ ਹੀ ਆੜ੍ਹਤੀ ਦੀ ਦੁਕਾਨ ਕਰਦਾ ਹੈ। ਉਸ ਨੇ ਦੱਸਿਆ ਕਿ ਝੋਨੇ ਦੀ ਖਰੀਦ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਵਿਭਾਗ ਵੱਲੋਂ ਪੰਜਾਬ ਵੇਅਰ ਹਾਊਸ ਕਾਰਪੋਰੇਸ਼ਨ ਨੂੰ ਝੋਨੇ ਦੀ ਖਰੀਦ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਵੇਅਰ ਹਾਊਸ ਵੱਲੋਂ ਤਕਨੀਕੀ ਸਹਾਇਕ ਅਫ਼ਸਰ (ਇੰਸਪੈਕਟਰ) ਰਵਨ ਕੁਮਾਰ ਨੂੰ ਮੰਡੀ 'ਚ ਬਿੱਲ ਕਲੀਅਰੈਂਸ ਲਈ ਲਾਇਆ ਗਿਆ ਹੈ। ਉਸ ਨੇ ਦੱਸਿਆ ਕਿ ਜਦੋਂ ਉਹ ਆਪਣੇ 42 ਹਜ਼ਾਰ ਰੁਪਏ ਦੇ ਬਿੱਲ ਰਵਨ ਕੁਮਾਰ ਕੋਲ ਲੈ ਕੇ ਗਿਆ ਤਾਂ ਉਹ ਉਨ੍ਹਾਂ ਬਿੱਲਾਂ ਨੂੰ ਪਾਸ ਕਰਨ 'ਚ ਆਨਾਕਾਨੀ ਕਰਦਾ ਰਿਹਾ। ਬਿੱਲ ਪਾਸ ਕਰਵਾਉਣ ਲਈ ਉਸ ਨੇ ਕਈ ਚੱਕਰ ਵੀ ਲਾਏ ਪਰ ਉਕਤ ਇੰਸਪੈਕਟਰ ਨੇ ਬਿੱਲ ਪਾਸ ਨਹੀਂ ਕੀਤੇ। ਜਦੋਂ ਉਹ 17 ਨਵੰਬਰ 2014 ਨੂੰ ਰਵਨ ਕੁਮਾਰ ਕੋਲ ਗਿਆ ਤਾਂ ਉਸ ਨੇ ਕਿਹਾ ਕਿ ਜੇਕਰ ਬਿੱਲ ਪਾਸ ਕਰਵਾਉਣੇ ਹਨ ਤਾਂ 10 ਹਜ਼ਾਰ ਰੁਪਏ ਲੱਗਣਗੇ, ਫਿਰ ਤੁਹਾਡਾ ਕੋਈ ਬਿੱਲ ਨਹੀਂ ਰੁਕੇਗਾ। ਗੱਲ ਕਰਨ 'ਤੇ ਉਹ 7 ਹਜ਼ਾਰ ਰੁਪਏ 'ਤੇ ਆ ਗਿਆ। 
ਵਿਜੀਲੈਂਸ ਨੇ ਰੰਗੇ ਹੱਥੀਂ ਕੀਤਾ 
ਗ੍ਰਿਫ਼ਤਾਰ : ਆੜ੍ਹਤੀ ਵਰਿੰਦਰ ਕੁਮਾਰ ਨੇ ਆਪਣੇ ਦੋਸਤਾਂ ਦੀ ਸਲਾਹ ਨਾਲ ਇਸ ਸਬੰਧੀ ਸ਼ਿਕਾਇਤ ਵਿਜੀਲੈਂਸ ਵਿਭਾਗ ਜਲੰਧਰ ਨੂੰ ਕਰ ਦਿੱਤੀ। ਵਿਜੀਲੈਂਸ ਵਿਭਾਗ ਦੇ ਨਿਰਦੇਸ਼ਾਂ ਅਨੁਸਾਰ ਉਸ ਨੇ 18 ਨਵੰਬਰ 2014 ਨੂੰ ਦੋਸ਼ੀ ਇੰਸਪੈਕਟਰ ਰਵਨ ਕੁਮਾਰ ਨੂੰ ਪੈਸੇ ਲੈਣ ਲਈ ਆਪਣੀ ਦੁਕਾਨ 'ਤੇ ਬੁਲਾ ਲਿਆ ਅਤੇ ਜਿਉਂ ਹੀ ਉਸ ਨੇ ਰਵਨ ਕੁਮਾਰ ਨੂੰ 7000 ਰੁਪਏ ਦਿੱਤੇ ਤਾਂ ਪਹਿਲਾਂ ਹੀ ਤਿਆਰ ਬੈਠੀ ਵਿਜੀਲੈਂਸ ਦੀ ਟੀਮ ਨੇ ਉਸ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ।