ਪੈਟਰੋਲ ਪੰਪ 'ਤੇ ਲੁਟੇਰਿਆਂ ਵੱਲੋਂ ਪਿਸਤੌਲ ਦੀ ਨੋਕ 'ਤੇ ਲੱਖਾਂ ਦੀ ਲੁੱਟ

01/17/2018 10:28:03 PM

ਅਬੋਹਰ— ਪਿੰਡ ਦੋਦਾ ਨੇੜੇ ਡਿਫੈਂਸ ਰੋਡ 'ਤੇ ਹਥਿਆਰਾਂ ਨਾਲ ਲੈਸ ਲੁਟੇਰਿਆਂ ਨੇ ਇਕ ਪੈਟਰੋਲ ਪੰਪ 'ਤੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਲੱਖਾਂ ਰੁਪਏ ਦੀ ਨਗਦੀ ਲੁੱਟ ਫਰਾਰ ਹੋ ਗਏ। ਇਸ ਘਟਨਾ 'ਚ ਇਕ ਕਰਮਚਾਰੀ ਗੋਲੀ ਲੱਗਣ ਨਾਲ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਹੈ। ਉਸ ਨੂੰ ਮੁਢਲੀ ਡਾਕਟਰੀ ਸਹਾਇਤਾ ਦੇਣ ਤੋਂ ਬਾਅਦ ਰੈਫਰ ਕਰ ਦਿੱਤਾ ਗਿਆ ਹੈ।
ਮੌਜੂਦਾ ਜਾਣਕਾਰੀ ਮੁਤਾਬਕ ਡਿਫੈਂਸ ਰੋਡ 'ਤੇ ਸਥਿਤ ਡਬਵਾਲੀ ਨਿਵਾਸੀ ਜੀਵਨ ਬਾਂਸਲ ਦੇ ਪੈਟਰੋਲ ਪੰਪ ਤਿਲਕ ਮੋਟਰਸ 'ਤੇ ਦੇਰ ਸ਼ਾਮ ਤਿੰਨ ਨਕਾਬਪੋਸ਼ ਲੁਟੇਰੇ ਆਏ ਤੇ ਪਿਸਤੌਲ ਦੀ ਨੋਕ 'ਤੇ ਕਰਮਚਾਰੀਆਂ ਤੋਂ ਨਗਦੀ ਖੋਹ ਕੇ ਲੈ ਗਏ। ਕਰਮਚਾਰੀਆਂ ਨੇ ਦੱਸਿਆ ਕਿ ਨਕਾਬਪੋਸ਼ਾਂ ਨੇ ਉਨ੍ਹਾਂ ਤੋਂ ਕਰੀਬ 17 ਲੱਖ ਰੁਪਏ ਦੀ ਨਗਦੀ ਖੋਹੀ ਹੈ। ਉਨ੍ਹਾਂ ਦੱਸਿਆ ਕਿ ਉਕਤ ਨਕਾਬਪੋਸ਼ਾਂ ਨੇ ਆਉਂਦਿਆਂ ਹੀ ਪਿਸਤੌਲ ਕੱਢ ਲਈ ਤੇ ਫਾਇਰ ਕਰ ਦਿੱਤਾ। ਕਰਮਚਾਰੀ ਨੇ ਆਪਣੇ ਬਚਾਅ 'ਚ ਲਈ ਕੁਰਸੀ ਅੱਗੇ ਕਰ ਦਿੱਤੀ। ਪਹਿਲੀ ਗੋਲੀ ਕੁਰਸੀ 'ਤੇ ਲੱਗੀ ਜਦਕਿ ਦੂਜੀ ਗੋਲੀ ਕਰਮਚਾਰੀ ਦੇ ਗਲੇ 'ਤੇ ਲੱਗ ਗਈ।
ਦੱਸਿਆ ਜਾ ਰਿਹਾ ਹੈ ਕਿ ਡਬਵਾਲੀ ਤੋਂ ਹੀ ਇਕ ਕਰਮਚਾਰੀ ਪੈਟਰੋਲ ਪੰਪ 'ਤੇ ਇਹ ਕੈਸ਼ ਲੈਣ ਆਇਆ ਸੀ ਪਰ ਜਿਵੇ ਹੀ ਉਹ ਪੇਮੈਂਟ ਲੈਣ ਆਇਆ ਉਸੇ ਸਮੇਂ ਇਨ੍ਹਾਂ ਲੁਟੇਰਿਆਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਘਟਨਾ 'ਚ ਕਰਮਚਾਰੀ ਮੁਲਾਇਮ ਪੁੱਤਰ ਜਬਰੂਰਾਮ ਦੇ ਗਲੇ 'ਚ ਗੋਲੀ ਲੱਗੀ। ਕਰਮਚਾਰੀਆਂ ਨੇ ਉਸ  ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ। ਜਿਥੇ ਉਸ ਦੀ ਹਾਲਤ ਗੰਭੀਰ ਹੋਣ 'ਤੇ ਰੈਫਰ ਕਰ ਦਿੱਤਾ ਗਿਆ। ਸੂਚਨਾ ਮਿਲਦੇ ਹੀ ਬਹਾਵਵਾਲਾ ਦੀ ਪੁਲਸ ਤੇ ਸਥਾਨਕ ਪੁਲਸ ਉੱਚ ਅਧਿਕਾਰੀ ਮੌਕੇ 'ਤੇ ਪਹੁੰਚੇ ਤੇ ਮਾਮਲੇ ਦੀ ਜਾਂਚ ਕੀਤੀ।