ਨਾਭਾ ਜੇਲ ਕਾਂਡ : ਗੰਨ ਹਾਊਸ ਮਾਲਕ ਨੇ ਯੂ. ਪੀ. ''ਚੋਂ ਖਰੀਦਿਆ ਸੀ 2 ਲੱਖ ਦਾ ਅਸਲਾ, ਗੈਂਗਸਟਰ ਸੇਖੋਂ ਨੂੰ ਦੁੱਗਣੇ ਮੁੱਲ ''ਤੇ ਵੇਚਿਆ

02/20/2017 10:47:16 AM

 ਪਟਿਆਲਾ : ਮੋਗਾ ''ਚ ਸਥਿਤ ਪੰਜਾਬ ਗੰਨ ਹਾਊਸ ਦੇ ਮਾਲਕ ਕਿਰਨਪਾਲ ਸਿੰਘ ਨੇ ਨਾਭਾ ਜੇਲ ਕਾਂਡ ਲਈ ਗੈਂਗਸਟਰ ਗੁਰਪ੍ਰੀਤ ਸੇਖੋਂ ਨੂੰ ਯੂ. ਪੀ. ਤੋਂ ਅਸਲਾ ਮੰਗਵਾ ਕੇ ਦਿੱਤਾ ਸੀ। ਕਿਰਨਪਾਲ ਸਿੰਘ ਨੇ ਇਹ ਅਸਲਾ ਯੂ. ਪੀ. ''ਚੋਂ 2 ਲੱਖ ਰੁਪਏ ''ਚ ਖਰੀਦਿਆ ਸੀ ਪਰ ਗੁਰਪ੍ਰੀਤ ਸੇਖੋਂ ਕੋਲੋਂ ਇਨ੍ਹਾਂ ਹਥਿਆਰਾਂ ਦੀ ਕੀਮਤ 4 ਲੱਖ, 40 ਹਜ਼ਾਰ ਰੁਪਏ ਵਸੂਲੀ ਸੀ। ਇਸ ਤੋਂ ਬਾਅਦ ਕਿਰਨਪਾਲ ਸਿੰਘ ਨੇ ਗੁਰਪ੍ਰੀਤ ਸੇਖੋਂ ਨਾਲੋਂ ਸੰਪਰਕ ਤੋੜ ਲਿਆ ਸੀ। ਗੁਰਪ੍ਰੀਤ ਸੇਖੋਂ ਨੇ ਜੇਲ ''ਚੋਂ ਭੱਜਣ ਤੋਂ ਬਾਅਦ ਵਾਪਸ ਕਿਰਨਪਾਲ ਸਿੰਘ ਨਾਲ ਸੰਪਰਕ ਕੀਤਾ ਸੀ ਅਤੇ ਹਥਿਆਰਾਂ ਦੀ ਮੰਗ ਕੀਤੀ ਸੀ ਤਾਂ ਜੋ ਉਹ ਅਗਲੀ ਵਾਰਦਾਤ ਨੂੰ ਅੰਜਾਮ ਦੇ ਸਕੇ ਪਰ ਇਸ ਤੋਂ ਪਹਿਲਾਂ ਹੀ ਪਟਿਆਲਾ ਪੁਲਸ ਨੇ ਦੋਸ਼ੀਆਂ ਨੂੰ ਕਾਬੂ ਕਰ ਲਿਆ। ਇਹ ਜਾਣਕਾਰੀ ਹਾਸਲ ਕਰਨ ਤੋਂ ਬਾਅਦ ਪੁਲਸ ਨੇ ਅਦਾਲਤ ਤੋਂ ਰਿਮਾਂਡ ਵਧਵਾ ਲਿਆ ਹੈ ਤਾਂ ਜੋ ਯੂ. ਪੀ. ਦੇ ਗੰਨ ਸਪਲਾਇਰ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਸਕੇ। ਐੱਸ. ਪੀ. ਵਿਰਕ ਦਾ ਕਹਿਣਾ ਹੈ ਕਿ ਗੰਨ ਹਾਊਸ ਦੇ ਮਾਲਕ ਕਿਰਨਪਾਲ ਸਿੰਘ ਨੇ ਕਬੂਲ ਕੀਤਾ ਹੈ ਕਿ ਉਸ ਨੇ ਹਥਿਆਰ ਗੁਰਪ੍ਰੀਤ ਸੇਖੋਂ ਨੂੰ ਵੇਚੇ ਹਨ। ਫਿਲਹਾਲ ਦੋਸ਼ੀਆਂ ਦੇ ਰਿਮਾਂਡ ਦੌਰਾਨ ਇਸ ਮਾਮਲੇ ਸੰਬੰਧੀ ਹੋਰ ਵੀ ਕਈ ਅਹਿਮ ਸੁਰਾਗ ਪੁਲਸ ਦੇ ਹੱਥ ਲੱਗ ਸਕਦੇ ਹਨ।

Babita Marhas

This news is News Editor Babita Marhas