ਪੰਜਾਬ ''ਚ ''ਆਪ'' ''ਤੇ ਫਿਰ ਸੰਕਟ, ਭਗਵੰਤ ਮਾਨ ਧੜੇ ''ਤੇ ਖਹਿਰਾ ਨੇ ਖੜ੍ਹੇ ਕੀਤੇ ਸਵਾਲ

10/24/2018 2:49:15 PM

ਚੰਡੀਗੜ੍ਹ— ਪੰਜਾਬ 'ਚ ਆਮ ਆਦਮੀ ਪਾਰਟੀ ਦੀ ਏਕਤਾ ਦੀ ਰਾਹ ਸੌਖੀ ਨਹੀਂ ਦਿਸ ਰਹੀ। ਬੀਤੇ ਦਿਨ ਆਮ ਆਦਮੀ ਪਾਰਟੀ ਪੰਜਾਬ ਦੀ ਕੋਰ ਕਮੇਟੀ ਵੱਲੋਂ ਪਾਰਟੀ ਦੇ ਢਾਂਚੇ ਦਾ ਵਿਸਥਾਰ ਕਰਦਿਆਂ ਕਈ ਨਿਯੁਕਤੀਆਂ ਕੀਤੀਆਂ ਗਈਆਂ, ਜਿਸ 'ਤੇ ਸੁਖਪਾਲ ਖਹਿਰਾ ਨੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਦੀ ਨਿਰਾਸ਼ਾ ਇਸ ਗੱਲ 'ਤੇ ਹੈ ਕਿ ਪਾਰਟੀ ਵੱਲੋਂ ਉਨ੍ਹਾਂ ਨਾਲ ਕੋਈ ਸਲਾਹ ਮਸ਼ਵਰਾ ਨਹੀਂ ਕੀਤਾ ਗਿਆ।
ਸੁਖਪਾਲ ਖਹਿਰਾ ਨੇ ਕਿਹਾ ਕਿ ਅਸੀਂ ਆਪਣੇ ਸਾਥੀਆਂ ਦੇ ਦੋਹਰੇ ਮਾਪਦੰਡਾਂ ਤੋਂ ਨਿਰਾਸ਼ ਹਾਂ। ਉਨ੍ਹਾਂ ਕਿਹਾ ਕਿ ਬੀਤੇ ਦਿਨ ਮੰਗਲਵਾਰ ਨੂੰ ਇਕ ਪਾਸੇ ਪਾਰਟੀ ਵੱਲੋਂ ਸ਼ਾਂਤੀ ਗੱਲਬਾਤ ਲਈ ਮੀਟਿੰਗ ਕੀਤੀ ਗਈ ਅਤੇ ਨਾਲ ਹੀ ਇਕਪਾਸੜ ਫੈਸਲਾ ਲੈਂਦੇ ਹੋਏ ਪਾਰਟੀ ਨੇ 14 ਅਹੁਦੇਦਾਰਾਂ ਦਾ ਐਲਾਨ ਕਰ ਦਿੱਤਾ, ਕੀ ਇਹ ਏਕਤਾ ਦਾ ਰਾਹ ਹੈ? ਖਹਿਰਾ ਨੇ ਕਿਹਾ ਕਿ ਅਗਲੀ ਗੱਲਬਾਤ ਹੁਣ ਉਦੋਂ ਹੀ ਹੋਵੇਗੀ ਜਦੋਂ ਇਕਤਰਫਾ ਕੀਤੀਆਂ ਗਈਆਂ ਨਿਯੁਕਤੀਆਂ ਨੂੰ ਰੱਦ ਕੀਤਾ ਜਾਵੇਗਾ।

ਜ਼ਿਕਰਯੋਗ ਹੈ ਕਿ ਪੰਜਾਬ 'ਚ ਆਮ ਆਦਮੀ ਪਾਰਟੀ (ਆਪ) 'ਚ ਮਚੇ ਘਮਾਸਾਨ ਵਿਚਕਾਰ ਪਾਰਟੀ ਨੇ 2019 ਦੀਆਂ ਲੋਕ ਸਭਾ ਚੋਣਾਂ ਦੀ ਤਿਆਰੀ ਖਿੱਚਣੀ ਸ਼ੁਰੂ ਕਰ ਦਿੱਤੀ ਹੈ। ਪਾਰਟੀ ਨੇ ਦਸੰਬਰ ਤਕ ਲੋਕ ਸਭਾ ਉਮੀਦਵਾਰ ਐਲਾਨ ਕਰਨ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਪਾਰਟੀ ਵੱਲੋਂ ਕੋਰ ਕਮੇਟੀ ਦੀ ਬੈਠਕ 'ਚ ਲਿਆ ਗਿਆ। ਪੰਜਾਬ 'ਚ 'ਆਪ' ਦੀ ਕੋਰ ਕਮੇਟੀ ਦੀ ਮੀਟਿੰਗ ਇਸ ਦੇ ਚੇਅਰਮੈਨ ਅਤੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਸੰਸਦ ਮੈਂਬਰ ਭਗਵੰਤ ਮਾਨ, ਪ੍ਰੋ. ਸਾਧੂ ਸਿੰਘ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਸਮੇਤ ਬਾਕੀ ਮੈਂਬਰਾਂ ਨੇ ਹਿੱਸਾ ਲਿਆ।
ਇਸ ਬੈਠਕ 'ਚ ਪਾਰਟੀ ਦੇ ਢਾਂਚੇ ਦਾ ਵਿਸਥਾਰ ਕਰਦਿਆਂ ਕੋਟਕਪੂਰਾ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੂੰ 'ਆਪ' ਕਿਸਾਨ ਵਿੰਗ ਦਾ ਪ੍ਰਧਾਨ, ਰੋਪੜ ਤੋਂ ਵਿਧਾਇਕ ਅਮਰਜੀਤ ਸਿੰਘ ਸੰਧੋਆ ਨੂੰ ਟਰਾਂਸਪੋਰਟ ਵਿੰਗ ਦਾ ਸੂਬਾ ਪ੍ਰਧਾਨ ਅਤੇ ਐਡਵੋਕੇਟ ਜਸਤੇਜ ਸਿੰਘ ਅਰੋੜਾ ਨੂੰ ਲੀਗਲ ਸੈੱਲ ਦਾ ਸੂਬਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਦੇ ਇਲਾਵਾ ਹੋਰ ਵੀ ਕਈ ਨਿਯੁਕਤੀਆਂ ਕੀਤੀਆਂ ਗਈਆਂ ਹਨ।