ਜਲ ਸਪਲਾਈ ਕਾਮੇ ਬੋਲੇ; ਅਧਿਕਾਰੀਆਂ ਦੀ ਲਾਪ੍ਰਵਾਹੀ ਨਾਲ ਕੱਟ ਰਹੇ ਹਾਂ ਫਾਕੇ

07/20/2017 1:42:15 AM

ਹੁਸ਼ਿਆਰਪੁਰ,  (ਘੁੰਮਣ)-  ਪੀ. ਡਬਲਿਊ. ਡੀ. ਫੀਲਡ ਤੇ ਵਰਕਸ਼ਾਪ ਵਰਕਰਜ਼ ਯੂਨੀਅਨ ਬ੍ਰਾਂਚ ਹੁਸ਼ਿਆਰਪੁਰ ਵੱਲੋਂ ਸੂਬਾ ਕਮੇਟੀ ਦੇ ਸੱਦੇ 'ਤੇ ਕਾਰਜਕਾਰੀ ਇੰਜੀਨੀਅਰ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਡਲ-2 ਅੱਗੇ ਤਨਖਾਹਾਂ ਨਾ ਮਿਲਣ ਕਾਰਨ ਰੋਸ ਰੈਲੀ ਕੀਤੀ ਗਈ। ਰੈਲੀ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਮੱਖਣ ਸਿੰਘ ਵਾਹਿਦਪੁਰੀ ਨੇ ਕਿਹਾ ਕਿ ਠੇਕਾ ਮੁਲਾਜ਼ਮਾਂ ਨੂੰ ਜੂਨ ਮਹੀਨੇ ਦੀ ਤਨਖਾਹ ਅਜੇ ਤੱਕ ਨਹੀਂ ਮਿਲੀ, ਜਿਸ ਕਰ ਕੇ ਮੁਲਾਜ਼ਮਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਕਾਰ ਵੱਲੋਂ ਤਨਖਾਹਾਂ ਲਈ ਲੋੜੀਂਦਾ ਬਜਟ ਅਤੇ ਡੀ. ਡੀ. ਓ. ਪਾਵਰਾਂ ਨਾ ਭੇਜਣ ਕਰ ਕੇ ਅਜੇ ਤੱਕ ਤਨਖਾਹ ਨਹੀਂ ਮਿਲ ਸਕੀ। ਇਸ ਤੋਂ ਇਲਾਵਾ ਮੰਡਲ ਦਫ਼ਤਰ ਵੱਲੋਂ ਪਲੇਸਮੈਂਟਾਂ, ਸੇਵਾ ਮੁਕਤ ਹੋ ਚੁੱਕੇ ਕਰਮਚਾਰੀਆਂ ਦੇ ਬਕਾਏ ਅਤੇ ਜੀ. ਪੀ. ਫੰਡ ਦੇ ਕੱਟੇ ਹੋਏ ਪੈਸੇ ਅਜੇ ਤੱਕ ਨਹੀਂ ਮਿਲੇ ਹਨ। ਠੇਕਾ ਮੁਲਾਜ਼ਮਾਂ ਨੂੰ ਵਿਭਾਗ ਵਿਚ ਲੈਣ ਦੀ ਪ੍ਰਕਿਰਿਆ ਚਾਲੂ ਕੀਤੀ ਜਾਵੇ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਉਪਰੋਕਤ ਮੰਗਾਂ ਦਾ ਹੱਲ ਤੁਰੰਤ ਕੀਤਾ ਜਾਵੇ, ਠੇਕਾ ਅਤੇ ਰੈਗੂਲਰ ਮੁਲਾਜ਼ਮਾਂ ਦੀਆਂ ਤਨਖਾਹਾਂ ਤੁਰੰਤ ਜਾਰੀ ਕੀਤੀਆਂ ਜਾਣ ਨਹੀਂ ਤਾਂ ਜਥੇਬੰਦੀ ਵੱਲੋਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।
ਇਸ ਰੈਲੀ ਨੂੰ ਜ਼ਿਲਾ ਜਨਰਲ ਸਕੱਤਰ ਅਮਰਜੀਤ ਕੁਮਾਰ, ਚੇਅਰਮੈਨ ਸੁੱਚਾ ਸਿੰਘ ਸਤਨੌਰ, ਸ਼ਾਂਤੀ ਸਰੂਪ ਪ੍ਰਧਾਨ ਦਸੂਹਾ ਬ੍ਰਾਂਚ, ਜਸਵੀਰ ਸਿੰਘ, ਰਕੇਸ਼ ਕੁਮਾਰ, ਕੈਲਾਸ਼ ਰਾਮ, ਰਜਿੰਦਰ ਕੁਮਾਰ, ਅਸ਼ੋਕ ਕੁਮਾਰ, ਬਲਵੰਤ ਸਿੰਘ, ਮਨਜੀਤ ਰਾਏ, ਰਵਿੰਦਰ ਪਾਲ, ਦਵਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ।