ਠੇਕੇਦਾਰ ਵੱਲੋਂ ਪਬਲਿਕ ਹੈਲਥ ਦੇ ਅਫਸਰ ''ਤੇ 85 ਹਜ਼ਾਰ ਰਿਸ਼ਵਤ ਮੰਗਣ ਦਾ ਦੋਸ਼

03/23/2018 4:53:09 PM

ਪਟਿਆਲਾ (ਕੰਬੋਜ, ਰਾਣਾ)-ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਪੰਜਾਬ ਦੇ ਇਕ ਅਫਸਰ 'ਤੇ ਇਕ ਹੋਰ ਠੇਕੇਦਾਰ ਨੇ ਰਿਸ਼ਵਤ ਮੰਗਣ ਦੇ ਦੋਸ਼ ਲਾਏ ਹਨ। ਇਹ ਦੋਸ਼ ਨਵਜੀਤ ਚੋਪੜਾ ਵਾਸੀ ਅਨੰਦ ਨਗਰ-ਬੀ ਪਟਿਆਲਾ ਵੱਲੋਂ ਲਾਏ ਗਏ ਹਨ। 
ਨਵਜੀਤ ਚੋਪੜਾ ਨੇ ਹਲਫੀਆ ਬਿਆਨ ਦਿੰਦਿਆਂ ਸ਼ਿਕਾਇਤ ਦੀ ਅਰਜ਼ੀ ਨਾਲ ਲਾ ਕੇ ਨਿਗਰਾਨ ਇੰਜੀਨੀਅਰ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਪੰਜਾਬ ਨੂੰ ਦਿੰਦਿਆਂ ਕਾਪੀ ਮੁੱਖ ਮੰਤਰੀ ਪੰਜਾਬ, ਮੁੱਖ ਸਕੱਤਰ, ਸਕੱਤਰ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਅਤੇ ਚੀਫ ਇੰਜੀਨੀਅਰ ਜਲ ਸਪਲਾਈ ਨੂੰ ਵੀ ਭੇਜੀ ਹੈ। ਨਿਗਰਾਨ ਇੰਜੀਨੀਅਰ ਨੂੰ ਦਸਤੀ ਅਰਜ਼ੀ ਫੜਾਉਣ ਤੋਂ ਬਾਅਦ ਸ੍ਰੀ ਚੋਪੜਾ ਨੇ ਇਸ ਦੀਆਂ ਕਾਪੀਆਂ ਮੀਡੀਆ ਨੂੰ ਜਾਰੀ ਕਰਦਿਆਂ ਕਿਹਾ ਕਿ ਉਹ ਬਹੁਤ ਜ਼ਿਆਦਾ ਮਾਨਸਿਕ ਪ੍ਰੇਸ਼ਾਨੀ ਵਿਚੋਂ ਗੁਜ਼ਰ ਰਿਹਾ ਹੈ। ਉਹ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਪੰਜਾਬ ਮੰਡਲ-2 ਵਿਚ ਬਤੌਰ ਏ-ਗਰੇਡ ਠੇਕੇਦਾਰ ਕੰਮ ਕਰਦਾ ਹੈ।  
ਸ੍ਰੀ ਚੋਪੜਾ ਨੇ ਉਕਤ ਅਫਸਰ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਮੈਂ ਚੂਹੜਪੁਰ ਜੱਟਾਂ (ਬਲਾਕ ਸਨੌਰ ਜ਼ਿਲਾ ਪਟਿਆਲਾ) ਵਿਖੇ ਵਿਸ਼ਵ ਬੈਂਕ ਦੀ ਸਕੀਮ ਤਹਿਤ ਕੰਮ ਕੀਤਾ ਹੈ। ਇਸ ਦੇ ਬਿੱਲ ਪਾਸ ਹੋਣ ਲਈ ਯੋਗ ਪ੍ਰਣਾਲੀ ਰਾਹੀਂ ਉਕਤ ਅਫਸਰ ਨੂੰ ਪਾਸ ਭੇਜੇ ਸਨ। ਉਸ ਵੱਲੋਂ ਬਿੱਲ ਪਾਸ ਕਰਨ ਲਈ ਮੇਰੇ ਕੋਲੋਂ 85 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ ਗਈ, ਜੋ ਮੈਂ ਦੇਣ ਤੋਂ ਇਨਕਾਰ ਕਰ ਦਿੱਤਾ। ਨਵਜੀਤ ਚੋਪੜਾ ਨੇ ਅੱਗੇ ਲਿਖਿਆ ਕਿ ਮੇਰੇ ਵੱਲੋਂ ਕੀਤੇ ਕੰਮ ਤਸੱਲੀਬਖਸ਼ ਹਨ। 
ਸ੍ਰੀ ਚੋਪੜਾ ਨੇ ਅੱਗੇ ਲਿਖਿਆ ਹੈ ਕਿ ਰਿਸ਼ਵਤ ਦੇਣ ਤੋਂ ਇਨਕਾਰ ਕਰਨ 'ਤੇ ਮੈਨੂੰ ਦਫਤਰ ਬੁਲਾ ਕੇ ਮੇਰਾ ਮੋਬਾਇਲ ਫੜ ਕੇ ਜ਼ਬਰਦਸਤੀ ਬਾਹਰ ਰਖਵਾ ਦਿੱਤਾ। ਮੈਨੂੰ ਅਸ਼ਲੀਲੀ ਗਾਲ੍ਹਾਂ ਕੱਢੀਆਂ ਤੇ ਬੇਇਜ਼ਤੀ ਕੀਤੀ, ਜਿਸ ਕਰ ਕੇ ਉਹ ਮਾਨਸਿਕ ਪ੍ਰੇਸ਼ਾਨੀ ਵਿਚੋਂ ਲੰਘ ਰਿਹਾ ਹੈ। ਉਨ੍ਹਾਂ ਅੱਗੇ ਲਿਖਿਆ ਕਿ ਕੰਮ ਦੌਰਾਨ ਵਰਤੇ ਗਏ ਸਾਮਾਨ ਦੀਆਂ ਅਦਾਇਗੀਆਂ ਮੇਰੇ ਵੱਲ ਖੜ੍ਹੀਆਂ ਹਨ। ਦੇਣਦਾਰੀ ਨਾ ਹੋ ਸਕਣ ਕਾਰਨ ਮੈਂ ਮਾਨਸਿਕ ਪੀੜਾ ਵਿਚੋਂ ਗੁਜ਼ਰ ਰਿਹਾ ਹਾਂ।  
ਮੇਰੇ 'ਤੇ ਲੱਗੇ ਸਾਰੇ ਦੋਸ਼ ਝੂਠੇ : ਸਬੰਧਤ ਅਫਸਰ
ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਉਕਤ ਸਬੰਧਤ ਅਫਸਰ ਨੇ ਸਾਰੇ ਦੋਸ਼ ਸਿਰ ਤੋਂ ਨਕਾਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਠੇਕੇਦਾਰ ਗਲਤ ਕੰਮ ਕਰ ਕੇ ਮੈਥੋਂ ਸਹੀ ਕਰਵਾਉਣਾ ਚਾਹੁੰਦਾ ਹੈ। ਮੈਂ ਪਰਸੋਂ ਬਿੱਲ ਪਾਸ ਕਰ ਚੁੱਕਾ ਹਾਂ। ਹੁਣ ਕੋਈ ਵੀ ਬਿੱਲ ਮੇਰੇ ਕੋਲ ਬਕਾਇਆ ਨਹੀਂ ਹੈ। ਜੋ ਵੀ ਦੋਸ਼ ਲੱਗ ਰਹੇ ਹਨ ਸਭ ਝੂਠੇ ਹਨ।