ਪਾਣੀ ਦੇ ਗੰਭੀਰ ਸੰਕਟ ਨਾਲ ਜੂਝ ਰਿਹਾ ਹੈ ਦੇਸ਼, 40 ਫੀਸਦੀ ਆਬਾਦੀ ਲਈ ਖਤਮ ਹੋ ਜਾਏਗਾ ਪਾਣੀ

06/26/2019 10:06:16 PM

ਨਵੀਂ ਦਿੱਲੀ–ਦੇਸ਼ ਵਿਚ ਪੈ ਰਹੀ ਭਿਆਨਕ ਗਰਮੀ ਦੇ ਨਾਲ ਹੀ ਪਾਣੀ ਦਾ ਸੰਕਟ ਵੀ ਗੰਭੀਰ ਹੁੰਦਾ ਜਾ ਰਿਹਾ ਹੈ। ਆਉਣ ਵਾਲੇ ਸਮੇਂ ਵਿਚ ਇਸ ਦੇ ਹੋਰ ਵੀ ਗੰਭੀਰ ਹੋ ਜਾਣ ਦਾ ਡਰ ਹੈ। ਨੀਤੀ ਆਯੋਗ ਨੇ ਆਪਣੀ ਰਿਪੋਰਟ ਵਿਚ ਇਹ ਗੱਲ ਸਪੱਸ਼ਟ ਕਰ ਦਿੱਤੀ ਹੈ ਕਿ 2030 ਤੱਕ ਦੇਸ਼ ਦੀ 40 ਫੀਸਦੀ ਆਬਾਦੀ ਲਈ ਪੀਣ ਯੋਗ ਪਾਣੀ ਨਹੀਂ ਬਚੇਗਾ। ਪਾਣੀ ਦੇ ਸੰਕਟ ਦਾ ਸਭ ਤੋਂ ਵੱਧ ਅਸਰ ਵੱਡੇ ਸ਼ਹਿਰਾਂ ਵਿਚ ਪਏਗਾ। ਰਿਪੋਰਟ ਮੁਤਾਬਕ 2020 ਤੋਂ ਹੀ ਪਾਣੀ ਨੂੰ ਲੈ ਕੇ ਪ੍ਰੇਸ਼ਾਨੀਆਂ ਹੋ ਜਾਣਗੀਆਂ। ਲਗਭਗ 10 ਕਰੋੜ ਲੋਕ ਪਾਣੀ ਦੀ ਉਪਲੱਬਧਤਾ ਤੋਂ ਵਾਂਝੇ ਹੋ ਜਾਣਗੇ। ਨੀਤੀ ਆਯੋਗ ਨੇ 3 ਸਾਲ ਪਹਿਲਾਂ ਵੀ ਚੌਕਸ ਕੀਤਾ ਕਿ ਦੇਸ਼ ਵਿਚ ਪਾਣੀ ਦੀ ਸੰਭਾਲ ਨੂੰ ਲੈ ਕੇ ਵਧੇਰੇ ਸੂਬਿਆਂ ਦਾ ਕੰਮ ਤਸੱਲੀਬਖਸ਼ ਨਹੀਂ ਹੈ। ਅਜਿਹੀ ਹਾਲਤ ਵਿਚ ਪਾਣੀ ਦੇ ਸੰਕਟ ਦਾ ਵਧਣਾ ਲਾਜ਼ਮੀ ਹੈ। 2030 ਤੱਕ ਦੇਸ਼ ਵਿਚ ਪਾਣੀ ਦੀ ਮੰਗ ਉਪਲੱਬਧ ਪਾਣੀ ਤੋਂ ਦੁੱਗਣੀ ਹੋ ਜਾਏਗੀ। ਇਸ ਦਾ ਮਤਲਬ ਇਹ ਹੈ ਕਿ ਕਰੋੜਾਂ ਲੋਕਾਂ ਸਾਹਮਣੇ ਪਾਣੀ ਦਾ ਗੰਭੀਰ ਸੰਕਟ ਪੈਦਾ ਹੋ ਜਾਏਗਾ। ਦੇਸ਼ ਦੀ ਜੀ. ਡੀ. ਪੀ. ਵਿਚ 6 ਫੀਸਦੀ ਦੀ ਕਮੀ ਵੇਖੀ ਜਾਏਗੀ। ਅਹਿਮ ਸੂਬਿਆਂ ਮਾਨਸੂਨ ਨੂੰ ਲੈ ਕੇ ਗੈਰ-ਯਕੀਨੀ ਵੱਧ ਰਹੀ ਹੈ। ਅਜਿਹੀ ਹਾਲਤ ਵਿਚ ਸਰਕਾਰ ਨੂੰ ਪਾਣੀ ਦੇ ਸੰਕਟ ਦੇ ਦੂਰਰਸ ਹੱਲ ਲੱਭਣੇ ਪੈਣਗੇ।

ਡਿਗਦਾ ਜਾ ਰਿਹਾ ਹੈ ਜ਼ਮੀਨ ਹੇਠਲੇ ਪਾਣੀ ਦਾ ਪੱਧਰ

ਆਸਾਮ ਅਤੇ ਹਿਮਾਚਲ ਪ੍ਰਦੇਸ਼ ਦਾ ਨਾਂ ਵੀ ਪਾਣੀ ਸੰਕਟ ਵਾਲੇ ਖੇਤਰਾਂ ਵਿਚ ਆਇਆ ਸੀ। ਉਦੋਂ ਮੌਸਮ ਵਿਭਾਗ ਨੇ ਦੱਸਿਆ ਕਿ ਕਈ ਸਾਲਾਂ ਤੋਂ ਦੇਸ਼ ਦੇ ਕੁਝ ਸੂਬਿਆਂ ਵਿਚ ਔਸਤ ਤੋਂ ਵੀ ਘੱਟ ਮੀਂਹ ਪਿਆ। ਕਈ ਸੂਬੇ ਤਾਂ ਸੋਕੇ ਦਾ ਸ਼ਿਕਾਰ ਹੋ ਗਏ। ਇਹੀ ਕਾਰਨ ਹੈ ਕਿ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਹੇਠਾਂ ਡਿੱਗਦਾ ਜਾ ਰਿਹਾ ਹੈ।

ਭਿਆਨਕ ਪਾਣੀ ਸੰਕਟ ਵਿਚੋਂ ਲੰਘ ਰਿਹਾ ਹੈ ਚੇਨਈ

ਅੱਜਕਲ ਤਾਮਿਲਨਾਡੂ ਦੀ ਰਾਜਧਾਨੀ ਚੇਨਈ ਵਿਖੇ ਪਾਣੀ ਭਰਨ ਲਈ ਲੰਬੀਆਂ-ਲੰਬੀਆਂ ਕਤਾਰਾਂ ਲੱਗੀਆਂ ਵੇਖੀਆਂ ਜਾਂਦੀਆਂ ਹਨ। ਕਈ ਵਾਰ ਕਤਾਰਾਂ ਵਿਚ ਲੋਕ ਆਪਸ ਵਿਚ ਲੜਦੇ ਵੀ ਵੇਖੇ ਗਏ ਹਨ। ਲੋਕਾਂ ਨੂੰ ਪਾਣੀ ਦੀ ਵਰਤੋਂ ਕੰਜੂਸੀ ਨਾਲ ਕਰਨ ਲਈ ਚੌਕਸ ਕੀਤਾ ਜਾ ਰਿਹਾ ਹੈ। ਭਾਰਤ ਦੇ 6ਵੇਂ ਸਭ ਤੋਂ ਵੱਡੇ ਸ਼ਹਿਰ ਚੇਨਈ ਵਿਖੇ ਪਾਣੀ ਦੇ 4 ਵੱਡੇ ਭੰਡਾਰ ਸੁੱਕ ਗਏ ਹਨ। ਸ਼ਹਿਰ ਦੀ 40 ਲੱਖ ਦੀ ਆਬਾਦੀ ਲਈ ਸਰਕਾਰੀ ਟੈਂਕਰ ਹੀ ਇਕੋ-ਇਕ ਆਸਰਾ ਹਨ। ਤਾਮਿਲਨਾਡੂ ਦੀ ਸਥਿਤੀ ਹੋਰ ਵੀ ਭਿਆਨਕ ਹੋ ਸਕਦੀ ਹੈ। ਆਉਂਦੇ ਕੁਝ ਦਿਨਾਂ ਦੌਰਾਨ ਚੇਨਈ ਦੇ 3 ਦਰਿਆ, 4 ਪਾਣੀ ਦੇ ਭੰਡਾਰ, 5 ਝੀਲਾਂ ਅਤੇ 6 ਜੰਗਲ ਬਿਲਕੁੱਲ ਸੁੱਕ ਜਾਣਗੇ।

450 ਦਰਿਆਵਾਂ ਨੂੰ ਜੋੜਨ ਦਾ ਪ੍ਰਸਤਾਵ

ਪਾਣੀ ਦੇ ਸੰਕਟ ਨਾਲ ਨਜਿੱਠਣ ਲਈ ਨੀਤੀ ਆਯੋਗ ਨੇ ਦੇਸ਼ ਦੇ ਅੱਧੇ ਦਰਿਆਵਾਂ, ਜਿਨ੍ਹਾਂ ਦੀ ਗਿਣਤੀ ਲਗਭਗ 450 ਬਣਦੀ ਹੈ, ਨੂੰ ਆਪਸ ਵਿਚ ਜੋੜਨ ਲਈ ਇਕ ਵਿਸਤ੍ਰਿਤ ਪ੍ਰਸਤਾਵ ਤਿਆਰ ਕੀਤਾ ਹੈ। ਮੀਂਹ ਦੇ ਮੌਸਮ ਵਿਚ ਜਾਂ ਉਸ ਤੋਂ ਬਾਅਦ ਬਹੁਤ ਸਾਰੇ ਦਰਿਆਵਾਂ ਦਾ ਪਾਣੀ ਸਮੁੰਦਰ ਵਿਚ ਜਾ ਡਿੱਗਦਾ ਹੈ। ਜੇ ਉਕਤ ਪਾਣੀ ਨੂੰ ਉਨ੍ਹਾਂ ਦਰਿਆਵਾਂ ਵਿਚ ਭੇਜਿਆ ਜਾਏ ਜੋ ਸਾਲ ਵਿਚ ਵਧੇਰੇ ਸਮੇਂ ਸੁੱਕੇ ਰਹਿੰਦੇ ਹਨ ਤਾਂ ਵੱਡੀ ਗਿਣਤੀ ਵਿਚ ਖੇਤਰਾਂ ਵਿਖੇ ਸਿੰਚਾਈ ਲਈ ਖੇਤਾਂ ਨੂੰ ਪਾਣੀ ਮਿਲ ਜਾਏਗਾ।

2 ਲੱਖ ਲੋਕਾਂ ਦੀ ਮੌਤ ਹਰ ਸਾਲ

ਨੀਤੀ ਆਯੋਗ ਨੇ ਪਿਛਲੇ ਸਾਲ ਜਾਰੀ ਰਿਪੋਰਟ ਵਿਚ ਕਿਹਾ ਸੀ ਕਿ ਦੇਸ਼ ਵਿਚ ਲਗਭਗ 60 ਕਰੋੜ ਲੋਕ ਪਾਣੀ ਦੇ ਗੰਭੀਰ ਸੰਕਟ ਦਾ ਸਾਹਮਣਾ ਕਰ ਰਹੇ ਹਨ। ਲਗਭਗ 2 ਲੱਖ ਲੋਕਾਂ ਦੀ ਮੌਤ ਦਾ ਕਾਰਨ ਸਾਫ ਪਾਣੀ ਨਾ ਮਿਲਣਾ ਦੱਸਿਆ ਜਾਂਦਾ ਹੈ। ਭਾਰਤ ਪਾਣੀ ਦੀ ਗੁਣਵੱਤਾ ਦੇ ਸੂਚਕ ਅੰਕ ਵਿਚ 122 ਦੇਸ਼ਾਂ ਵਿਚੋਂ 120ਵੇਂ ਨੰਬਰ ’ਤੇ ਹੈ।

ਮਹਾਰਾਸ਼ਟਰ ’ਚ ਸੁੱਕ ਗਏ ਪਾਣੀ ਦੇ ਭੰਡਾਰ

ਮਹਾਰਾਸ਼ਟਰ ਦੇ 4 ਵੱਡੇ ਪਾਣੀ ਭੰਡਾਰਾਂ ਵਿਚ ਵੀ ਸਿਰਫ 2 ਫੀਸਦੀ ਪਾਣੀ ਬਾਕੀ ਬਚਿਆ ਹੈ। 6 ਵੱਡੇ ਭੰਡਾਰਾਂ ਦਾ ਪਾਣੀ ਵਰਤੋਂ ਯੋਗ ਨਹੀਂ ਹੈ। ਸੂਬੇ ਵਿਚ ਮੰਗ ਹੋ ਰਹੀ ਹੈ ਕਿ ਸਰਕਾਰ ਪਾਣੀ ਦੇ ਭੰਡਾਰਾਂ ਨੂੰ ਜੋੜਨ ਦੀ ਯੋਜਨਾ ਬਣਾਏ ਅਤੇ ਇਸ ਸਬੰਧੀ ਕਾਨੂੰਨ ਵੀ ਤਿਆਰ ਕਰੇ।

ਦਿੱਲੀ ਵਿਚ 90 ਫੀਸਦੀ ਪਾਣੀ ਦਾ ਪੱਧਰ ਗੰਭੀਰ

ਦਿੱਲੀ ਵਿਚ ਜ਼ਮੀਨ ਹੇਠਲੇ ਪਾਣੀ ਦਾ 90 ਫੀਸਦੀ ਪੱਧਰ ਗੰਭੀਰ ਹਾਲਤ ਵਿਚ ਪਹੁੰਚ ਗਿਆ ਹੈ। ਇਥੋਂ ਦੇ ਵੱੱਖ-ਵੱਖ ਖੇਤਰਾਂ ਵਿਚ ਪਾਣੀ ਦਾ ਪੱਧਰ 2 ਮੀਟਰ ਪ੍ਰਤੀ ਸਾਲ ਦੇ ਹਿਸਾਬ ਨਾਲ ਹੇਠਾਂ ਜਾ ਰਿਹਾ ਹੈ। 15 ਫੀਸਦੀ ਖੇਤਰ ਤਾਂ ਨਾਜ਼ੁਕ ਹਾਲਤ ਵਿਚ ਹੈ। ਇਹੀ ਹਾਲ ਦੇਸ਼ ਦੇ ਹੋਰਨਾਂ ਪ੍ਰਮੁੱਖ ਵੱਡੇ ਸ਼ਹਿਰਾਂ ਦਾ ਹੋ ਰਿਹਾ ਹੈ।

ਇਨ੍ਹਾਂ ਸੂਬਿਆਂ ਦੀ ਹਾਲਤ ਹੈ ਮਾੜੀ

ਛੱਤੀਸਗੜ੍ਹ, ਰਾਜਸਥਾਨ, ਗੋਆ, ਕੇਰਲ, ਓਡਿਸ਼ਾ, ਬਿਹਾਰ, ਉੱਤਰ ਪ੍ਰਦੇਸ਼, ਹਰਿਆਣਾ, ਝਾਰਖੰਡ, ਸਿੱਕਮ, ਆਸਾਮ, ਨਾਗਾਲੈਂਡ, ਉੱਤਰਾਖੰਡ ਅਤੇ ਮੇਘਾਲਿਆ।

Arun chopra

This news is Content Editor Arun chopra