ਲੋਕਾਂ ਨੇ ਟਰੱਸਟ ਖਿਲਾਫ ਰੋਸ ਪ੍ਰਦਰਸ਼ਨ ਕਰਨ ਦੀ ਦਿੱਤੀ ਚਿਤਾਵਨੀ

04/09/2018 3:30:05 AM

ਅੰਮ੍ਰਿਤਸਰ,   (ਮਹਿੰਦਰ)-  ਕਰੀਬ 13 ਸਾਲ ਪਹਿਲਾਂ ਸਾਲ 2005 'ਚ ਸਥਾਨਕ ਮਾਲ ਮੰਡੀ ਇਲਾਕੇ ਵਿਚ ਨਗਰ ਸੁਧਾਰ ਟਰੱਸਟ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਨਗਰ 'ਚ ਸਥਾਪਤ ਕਰਦੇ ਹੋਏ ਲੋਕਾਂ ਨੂੰ ਪਲਾਟ ਵੇਚੇ ਗਏ ਸਨ, ਜਿਥੇ ਪਲਾਟ ਖਰੀਦਣ ਵਾਲੇ ਕਈ ਲੋਕਾਂ ਨੇ ਮਕਾਨ ਵੀ ਬਣਾ ਲਏ ਹਨ ਪਰ 13 ਸਾਲ ਬੀਤ ਜਾਣ ਦੇ ਮਗਰੋਂ ਵੀ ਇਲਾਕਾ ਨਿਵਾਸੀ ਪੀਣ ਵਾਲੇ ਪਾਣੀ, ਸੀਵਰੇਜ, ਸਟਰੀਟ ਲਾਈਟਾਂ ਤੇ ਸੜਕਾਂ ਸਮੇਤ ਮਿਲਣ ਵਾਲੀਆਂ ਸਾਰੀਆਂ ਮੁੱਢਲੀਆਂ ਸਹੂਲਤਾਂ ਤੋਂ ਵਾਂਝੇ ਹਨ। ਵਿਕਾਸ ਕੰਮਾਂ ਤੋਂ ਵਾਂਝੇ ਚੱਲਦੇ ਆ ਰਹੇ ਇਲਾਕਾ ਨਿਵਾਸੀ ਨਾ ਸਿਰਫ ਨਗਰ ਸੁਧਾਰ ਟਰੱਸਟ ਦੇ ਅਧਿਕਾਰੀਆਂ ਬਲਕਿ ਇਲਾਕੇ ਨਾਲ ਸਬੰਧਤ ਸਾਬਕਾ ਵਿਧਾਇਕਾ ਡਾ. ਨਵਜੋਤ ਕੌਰ ਸਿੱਧੂ ਅਤੇ ਮੌਜੂਦਾ ਵਿਧਾਇਕ ਨਵਜੋਤ ਸਿੰਘ ਸਿੱਧੂ ਤੋਂ ਵੀ ਨਿਰਾਸ਼ ਹਨ। ਉਨ੍ਹਾਂ ਨਗਰ ਸੁਧਾਰ ਟਰੱਸਟ ਨੂੰ ਇਕ ਹਫਤੇ ਦਾ ਅਲਟੀਮੇਟਮ ਦਿੰਦਿਆਂ ਕਿਹਾ ਕਿ ਜੇਕਰ ਇਕ ਹਫਤੇ 'ਚ ਟਰੱਸਟ ਵੱਲੋਂ ਉਨ੍ਹਾਂ ਦੀ ਕਾਲੋਨੀ ਵਿਚ ਵਿਕਾਸ ਕੰਮ ਸ਼ੁਰੂ ਨਾ ਕਰਵਾਏ ਤਾਂ ਸਾਰੇ ਇਲਾਕਾ ਨਿਵਾਸੀ ਟਰੱਸਟ ਦਫਤਰ ਦੇ ਖਿਲਾਫ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ।  
ਕਾਲੋਨੀ ਦੀ ਚਾਰਦੀਵਾਰੀ ਬਣਾਉਣ ਦੀ ਬਜਾਏ ਬਾਹਰੀ ਲੋਕਾਂ ਨੂੰ ਦਿੱਤੀ ਜਾ ਰਹੀ ਸਹੂਲਤ
ਸੋਸਾਇਟੀ ਦੇ ਪ੍ਰਧਾਨ ਸਵਰਨ ਸਿੰਘ ਤੇ ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਦੀ ਕਾਲੋਨੀ ਦੀ ਹੱਦ ਜਿਥੇ ਸਮਾਪਤ ਹੁੰਦੀ ਹੈ, ਉਥੇ ਟਰੱਸਟ ਵੱਲੋਂ ਅਜੇ ਤੱਕ ਚਾਰਦੀਵਾਰੀ ਨਹੀਂ ਬਣਾਈ ਗਈ। ਜਿਥੇ ਕਾਲੋਨੀ ਦੀ ਚਾਰਦੀਵਾਰੀ ਬਣਾਈ ਜਾਣੀ ਹੈ, ਉਸ ਨੂੰ ਦੂਸਰੇ ਪਾਸੇ ਕੁਝ ਲੋਕਾਂ ਵੱਲੋਂ ਜੋ ਕਿ ਟਰੱਸਟ ਦੇ ਕਿਸੇ ਅਧਿਕਾਰੀ ਦੇ ਨਜ਼ਦੀਕੀ ਸਬੰਧੀ ਜਾਂ ਰਿਸ਼ਤੇਦਾਰ ਦੱਸੇ ਜਾਂਦੇ ਹਨ, ਨੇ ਕੋਠੀਆਂ ਬਣਾ ਰੱਖੀਆਂ ਹਨ, ਜਿਸ ਕਾਰਨ ਲੋਕ ਕਾਨੂੰਨੀ ਤੌਰ 'ਤੇ ਆਪਣੇ ਮਕਾਨ ਦੀ ਖਿੜਕੀ ਅਤੇ ਦਰਵਾਜ਼ਾ ਨਹੀਂ ਕੱਢ ਸਕਦੇ ਪਰ ਇਸ ਦੇ ਬਾਵਜੂਦ ਟਰੱਸਟ ਦੇ ਕੁਝ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਉਨ੍ਹਾਂ ਲੋਕਾਂ ਨੇ ਉਨ੍ਹਾਂ ਦੀ ਕਾਲੋਨੀ ਵਾਲੇ ਪਾਸੇ ਆਪਣੀਆਂ ਕੋਠੀਆਂ ਦੇ ਦਰਵਾਜ਼ੇ ਤੇ ਖਿੜਕੀਆਂ ਕੱਢ ਰੱਖੀਆਂ ਹਨ, ਜਿਨ੍ਹਾਂ ਨੂੰ ਟਰੱਸਟ ਅਧਿਕਾਰੀਆਂ ਵੱਲੋਂ ਵੀ ਸਹੂਲਤਾਂ ਦੇਣ ਲਈ ਉਨ੍ਹਾਂ ਦੀਆਂ ਕੋਠੀਆਂ ਅੱਗੇ ਚਾਰਦੀਵਾਰੀ ਬਣਾਉਣ ਦੀ ਬਜਾਏ ਉਲਟਾ ਸੜਕ ਬਣਾ ਕੇ ਦਿੱਤੀ ਜਾ ਰਹੀ ਹੈ, ਜੋ ਕਿ ਪੂਰੀ ਤਰ੍ਹਾਂ ਟਰੱਸਟ ਦੇ ਨਿਯਮਾਂ ਖਿਲਾਫ ਹੈ। 
ਕਰੀਬ 15 ਵਾਰ ਨਗਰ ਸੁਧਾਰ ਟਰੱਸਟ ਤੇ ਸਿੱਧੂ ਜੋੜੇ ਨੂੰ ਦੇ ਚੁੱਕੇ ਹਨ ਮੰਗ ਪੱਤਰ
ਸ੍ਰੀ ਗੁਰੂ ਤੇਗ ਬਹਾਦਰ ਵੈੱਲਫੇਅਰ ਸੋਸਾਇਟੀ (ਰਜਿ.) ਦੇ ਪ੍ਰਧਾਨ ਸਵਰਨ ਸਿੰਘ ਨੇ ਦੱਸਿਆ ਕਿ ਸਾਲ 2005 ਵਿਚ ਨਗਰ ਸੁਧਾਰ ਟਰੱਸਟ ਵੱਲੋਂ ਮਾਲ ਮੰਡੀ ਸਕੀਮ ਤਹਿਤ ਉਨ੍ਹਾਂ ਨੇ ਇਹ ਸ੍ਰੀ ਗੁਰੂ ਤੇਗ ਬਹਾਦਰ ਨਗਰ ਸਥਾਪਤ ਕਰਦੇ ਹੋਏ ਲੋਕਾਂ ਨੂੰ ਪਲਾਟ ਵੇਚੇ ਸਨ, ਜਿਥੇ ਕਈ ਲੋਕਾਂ ਨੇ ਆਪਣੇ ਮਕਾਨ ਵੀ ਬਣਾ ਲਏ ਹੋਏ ਹਨ ਪਰ 13 ਸਾਲ ਗੁਜ਼ਰ ਜਾਣ ਦੇ ਬਾਵਜੂਦ ਟਰੱਸਟ ਵੱਲੋਂ ਉਨ੍ਹਾਂ ਦੀ ਕਾਲੋਨੀ ਵਿਚ ਮੁੱਢਲੀਆਂ ਸਹੂਲਤਾਂ ਨਹੀਂ ਮਿਲੀਆਂ, ਜਿਸ ਕਾਰਨ ਉਹ ਕਈ ਵਾਰ ਨਗਰ ਸੁਧਾਰ ਟਰੱਸਟ ਅਤੇ ਇਲਾਕੇ ਦੀ ਸਾਬਕਾ ਵਿਧਾਇਕਾ ਡਾ. ਨਵਜੋਤ ਕੌਰ ਸਿੱਧੂ ਨੂੰ ਕਰੀਬ 15 ਵਾਰ ਮੰਗ ਪੱਤਰ ਦੇ ਚੁੱਕੇ ਹਨ ਪਰ ਇਸ ਦੇ ਬਾਵਜੂਦ ਇਲਾਕਾ ਨਿਵਾਸੀ ਹਰੇਕ ਸਹੂਲਤ ਤੋਂ ਵਾਂਝੇ ਹਨ। 
ਪ੍ਰਧਾਨ ਮੰਤਰੀ ਦਾ ਸਵੱਛ ਭਾਰਤ ਅਭਿਆਨ ਕੀਤਾ ਜਾ ਰਿਹਾ ਪ੍ਰਭਾਵਿਤ
ਸੋਸਾਇਟੀ ਦੇ ਪ੍ਰਧਾਨ ਸਵਰਨ ਸਿੰਘ ਤੇ ਇਲਾਕਾ ਨਿਵਾਸੀਆਂ ਦਾ ਕਹਿਣਾ ਸੀ ਕਿ ਟਰੱਸਟ ਦੁਆਰਾ ਸਥਾਪਤ ਕੀਤੀ ਗਈ ਉਨ੍ਹਾਂ ਦੀ ਸ੍ਰੀ ਗੁਰੂ ਤੇਗ ਬਹਾਦਰ ਕਾਲੋਨੀ ਦੀ ਹੁਣ ਤੱਕ ਚਾਰਦੀਵਾਰੀ ਨਾ ਕੀਤੇ ਜਾਣ ਕਾਰਨ ਇਕ ਪਾਸੇ ਮਕਬੂਲਪੁਰਾ ਆਬਾਦੀ ਪੈਂਦੀ ਹੈ, ਜਿਥੋਂ ਦੇ ਲੋਕ ਆਪਣੇ ਇਲਾਕੇ ਦਾ ਸਾਰਾ ਕੂੜਾ-ਕਰਕਟ ਉਨ੍ਹਾਂ ਦੀ ਕਾਲੋਨੀ ਵਿਚ ਖਾਲੀ ਪਏ ਪਲਾਟਾਂ 'ਚ ਜਮ੍ਹਾ ਕਰ ਰਹੇ ਹਨ, ਜਿਨ੍ਹਾਂ ਵੱਲੋਂ ਇਕ ਪਾਸੇ ਉਨ੍ਹਾਂ ਦੀ ਕਾਲੋਨੀ 'ਚ ਨਾਜਾਇਜ਼ ਤੌਰ 'ਤੇ ਡੰਪ ਬਣਾਇਆ ਜਾ ਰਿਹਾ ਹੈ। ਮਕਬੂਲਪੁਰਾ ਦੇ ਲੋਕ ਸਵੇਰ ਤੇ ਸ਼ਾਮ ਸਮੇਂ ਉਨ੍ਹਾਂ ਦੀਆਂ ਕਾਲੋਨੀਆਂ ਦੇ ਪਲਾਟਾਂ ਵਿਚ ਆ ਕੇ ਖੁੱਲ੍ਹੇ 'ਚ ਸ਼ਰੇਆਮ ਸ਼ੌਚ ਕਰ ਰਹੇ ਹਨ, ਜਿਸ ਕਰ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ੁਰੂ ਕੀਤੇ ਸਵੱਛ ਭਾਰਤ ਅਭਿਆਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਜਾ ਰਿਹਾ ਹੈ।