ਮੌਸਮ ਵਿਭਾਗ ਨੇ ਜਾਰੀ ਕੀਤੀ ਚਿਤਾਵਨੀ, 12 ਸੂਬਿਆਂ 'ਚ ਅਜੇ ਵੀ ਹਨ੍ਹੇਰੀ-ਤੂਫਾਨ ਦਾ ਖਤਰਾ

05/10/2018 5:04:26 PM

ਨਵੀਂ ਦਿੱਲੀ — ਮੌਸਮ ਵਿਭਾਗ ਨੇ ਚਿਤਾਵਨੀ ਜਾਰੀ ਕੀਤੀ ਹੈ ਕਿ ਅਗਲੇ ਪੰਜ ਦਿਨਾਂ ਦੌਰਾਨ ਇਕ ਵਾਰ ਫਿਰ ਮੌਸਮ ਬਦਲ ਸਕਦਾ ਹੈ। ਵਿਭਾਗ ਮੁਤਾਬਕ ਬਿਹਾਰ, ਝਾਰਖੰਡ, ਓਡੀਸ਼ਾ, ਅਸਮ, ਮੇਘਾਲਿਆ, ਨਾਗਾਲੈਂਡ, ਮਨੀਪੁਰ, ਮਿਜ਼ੋਰਮ, ਤ੍ਰਿਪੁਰਾ, ਪੰਛਮੀ ਬੰਗਾਲ, ਸਿੱਕਿਮ ਦੇ ਨਾਲ ਲਗਦੇ ਤੱਟੀ ਇਲਾਕੇ, ਉੱਤਰੀ ਕਰਨਾਟਕ, ਤਾਮਿਲਨਾਡੂ, ਸਿੱਕਮ, ਪੁਡੂਚੇਰੀ ਅਤੇ ਕੇਰਲ ਵਿਚ ਹਨ੍ਹੇਰੀ-ਤੂਫਾਨ ਆ ਸਕਦਾ ਹੈ। ਇਸ ਦੌਰਾਨ ਹਵਾ ਦੀ ਗਤੀ 50 ਤੋਂ 70 ਕਿਲੋਮੀਟਰ ਪ੍ਰਤੀ ਘੰਟਾ ਹੋ ਸਕਦੀ ਹੈ। ਇਸ ਤੋਂ ਇਲਾਵਾ ਵਿਭਾਗ ਨੇ ਦਿੱਲੀ ਅਤੇ ਐੱਨ.ਸੀ.ਆਰ. 'ਚ ਵੀ 70 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਚਿਤਾਵਨੀ ਜਾਰੀ ਕੀਤੀ ਗਈ  ਹੈ। ਪੰਜਾਬ, ਰਾਜਸਥਾਨ  ਅਤੇ ਹਰਿਆਣਾ 'ਚ ਵੀ 100 ਕਿਲੋਮੀਟਰ ਦੀ ਗਤੀ ਨਾਲ ਹਵਾਵਾਂ ਚੱਲਣ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ।


ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਬੁੱਧਵਾਰ ਨੂੰ ਦਿੱਲੀ ਸਮੇਤ ਹਰਿਆਣੇ ਵਿਚ ਵੀ ਮੀਂਹ ਪਿਆ ਸੀ। ਬੁੱਧਵਾਰ ਦੇਰ ਸ਼ਾਮ ਆਏ ਹਨ੍ਹੇਰੀ-ਤੂਫਾਨ ਕਾਰਨ ਉੱਤਰ ਪ੍ਰਦੇਸ਼ ਦੇ ਜਸਵੰਤ ਨਗਰ ਤਹਿਸੀਲ ਇਲਾਕੇ 'ਚ ਇਕ ਮਹਿਲਾ ਸਮੇਤ 4 ਲੋਕਾਂ ਦੀ ਮੌਤ ਹੋ ਗਈ ਸੀ ਜਦੋਂਕਿ ਤਿੰਨ ਹੋਰ ਜ਼ਖਮੀ ਹੋ ਗਏ ਸਨ। ਇਸ ਤੋਂ ਪਹਿਲਾਂ ਕੱਲ੍ਹ ਸ਼ਾਮ ਉੱਤਰ ਭਾਰਤ 'ਚ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇਂਦਰ ਅਫਗਾਨੀਸਤਾਨ-ਤਜ਼ਾਕਿਸਤਾਨ ਸਰਹੱਦ ਦੇ ਨੇੜੇ ਸੀ।