ਸੁਖਬੀਰ ਬਾਦਲ ਦੀ ‘ਆਪ’ ਸਰਕਾਰ ਨੂੰ ਚਿਤਾਵਨੀ, ਪੰਜਾਬ ਦੇ ਕਿਸਾਨਾਂ ਨਾਲ ਨਹੀਂ ਹੋਣ ਦੇਵਾਂਗੇ ਧੱਕੇਸ਼ਾਹੀ

10/02/2022 12:08:10 AM

ਫਿਰੋਜ਼ਪੁਰ (ਕੁਮਾਰ) : ਫ਼ਿਰੋਜ਼ਪੁਰ ਦਿਹਾਤੀ ਵਿਧਾਨ ਸਭਾ ਹਲਕੇ ਦੇ ਵਰਕਰਾਂ ਨੂੰ ਮਿਲਣ ਲਈ ਪਹੁੰਚੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਸਾਲਾਂ ਤੋਂ ਕਿਸਾਨੀ ਕਰਦੇ ਆ ਰਹੇ ਕਿਸਾਨਾਂ ਦੀਆਂ ਜ਼ਮੀਨਾਂ ਕਿਸੇ ਵੀ ਹਾਲਤ ’ਚ ਖਾਲੀ ਨਹੀਂ ਹੋਣ ਦਿੱਤੀਆਂ ਜਾਣਗੀਆਂ ਅਤੇ ਸ਼੍ਰੋਮਣੀ ਅਕਾਲੀ ਦਲ ਹਰ ਸਮੇਂ ਕਿਸਾਨਾਂ ਦੇ ਨਾਲ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਰਹੱਦੀ ਖੇਤਰ ਦੇ ਕਿਸਾਨਾਂ ਨੂੰ ਜ਼ਮੀਨਾਂ ਖਾਲੀ ਕਰਨ ਲਈ ਨੋਟਿਸ ਭੇਜੇ ਜਾ ਰਹੇ ਹਨ, ਜੋ ਸਰਾਸਰ ਧੱਕੇਸ਼ਾਹੀ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਕਿਸੇ ਵੀ ਹਾਲਤ ’ਚ ਕਿਸਾਨਾਂ ਨਾਲ ਕੋਈ ਧੱਕਾ ਨਹੀਂ ਹੋਣ ਦੇਵੇਗਾ।

ਇਹ ਖ਼ਬਰ ਵੀ ਪੜ੍ਹੋ : PM ਮੋਦੀ ਨੇ ਲਾਂਚ ਕੀਤੀ 5ਜੀ ਸਰਵਿਸ, ਅੰਮ੍ਰਿਤਪਾਲ ਨੂੰ ਲੈ ਕੇ ਕੈਪਟਨ ਨੇ ਦਿੱਤਾ ਵੱਡਾ ਬਿਆਨ, ਪੜ੍ਹੋ Top 10

ਪਰਿਵਾਰਵਾਦ ’ਤੇ ਬੋਲਦਿਆਂ ਬਾਦਲ ਨੇ ਕਿਹਾ ਕਿ ਜਿੱਥੇ ਵੀ ਕੋਈ ਪ੍ਰੋਗਰਾਮ ਹੁੰਦਾ ਹੈ, ਉੱਥੇ ਇਨ੍ਹਾਂ ਤਿੰਨੋਂ ਪਰਿਵਾਰ ਦੇ ਮੈਂਬਰ ਕਾਰਾਂ ’ਚ ਬੈਠ ਕੇ 50 ਗੱਡੀਆਂ ਦੇ ਕਾਫਿਲੇ ਨਾਲ ਚੱਲਦੇ ਹਨ ਅਤੇ ਉਥੇ ਕਰਫਿਊ ਲੱਗ ਜਾਂਦਾ ਹੈ। ਉਨ੍ਹਾਂ ਕਿਹਾ ਕਿ ਮੁਲਾਜ਼ਮ ਅਤੇ ਕਰਮਚਾਰੀ ਜਿਥੇ ਵੀ ਧਰਨਾ ਪ੍ਰਦਰਸ਼ਨ ਕਰਦੇ ਹਨ, ਉਨ੍ਹਾਂ ’ਤੇ ਲਾਠੀਚਾਰਜ ਕੀਤਾ ਜਾਂਦਾ ਹੈ। ਪੰਜਾਬ ’ਚ ਰੇਤਾ-ਬੱਜਰੀ ਨਹੀਂ ਮਿਲਦੀ, ਜਿਸ ਕਾਰਨ ਮਜ਼ਦੂਰ ਅਤੇ ਮਿਸਤਰੀ ਬੇਰੁਜ਼ਗਾਰ ਹੋ ਗਏ ਹਨ ਅਤੇ ਪੰਜਾਬ ਦੇ ਸਾਰੇ ਵਿਕਾਸ ਕਾਰਜ ਠੱਪ ਹੋ ਕੇ ਰਹਿ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ’ਚ ਰੇਤ ਦਾ ਬੱਠਲ 50 ਰੁਪਏ ’ਚ ਵਿਕ ਰਿਹਾ ਹੈ, ਆਮ ਆਦਮੀ ਆਪਣਾ ਘਰ ਨਹੀਂ ਬਣਾ ਸਕਦਾ।

ਇਹ ਖ਼ਬਰ ਵੀ ਪੜ੍ਹੋ : ਅੰਮ੍ਰਿਤਪਾਲ ਨੂੰ ਲੈ ਕੇ ਕੈਪਟਨ ਦਾ ਵੱਡਾ ਬਿਆਨ, ਦੁਬਈ ਤੋਂ ਕਿਸ ਨੇ ਭੇਜਿਆ, ‘ਆਪ’ ਸਰਕਾਰ ਕਰਵਾਏ ਜਾਂਚ

ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਭਗਵੰਤ ਮਾਨ ਝੂਠ ਬੋਲ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ, ਅੱਜ ਤੱਕ ਕਿਸਾਨਾਂ ਦੀਆਂ ਖਰਾਬ ਹੋਈਆਂ ਫਸਲਾਂ ਦਾ ਮੁਆਵਜ਼ਾ ਨਹੀਂ ਮਿਲਿਆ ਅਤੇ ਨਾ ਹੀ ਫਸਲਾਂ ਦੀ ਗਿਰਦਾਵਰੀ ਹੋਈ ਹੈ, ਪੈਨਸ਼ਨਰਾਂ ਨੂੰ ਪੈਨਸ਼ਨ ਨਹੀਂ ਮਿਲ ਰਹੀ ਅਤੇ ਮੁਲਾਜ਼ਮ ਨੂੰ ਤਨਖਾਹ ਨਹੀਂ ਮਿਲ ਰਹੀ। ਦੂਜੇ ਪਾਸੇ ਭਗਵੰਤ ਮਾਨ ਹਰ ਰੋਜ਼ ਇਸ਼ਤਿਹਾਰਾਂ ’ਤੇ ਢਾਈ ਕਰੋੜ ਰੁਪਏ ਖਰਚ ਕੇ ਸਰਕਾਰੀ ਖਜ਼ਾਨੇ ਨੂੰ ਸਾਫ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ’ਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਵਿਗੜ ਚੁੱਕੀ ਹੈ, ਲੋਕਾਂ ਦੀ ਜਾਨ-ਮਾਲ ਸੁਰੱਖਿਅਤ ਨਹੀਂ ਹੈ ਅਤੇ ਪੰਜਾਬ ਸਰਕਾਰ ਹਰ ਫਰੰਟ ’ਤੇ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ। ਬਾਦਲ ਨੇ ਕਿਹਾ ਕਿ ਹੁਣ ਤੱਕ ਮੰਡੀਆਂ ’ਚ ਫ਼ਸਲਾਂ ਦੀ ਖ਼ਰੀਦ ਲਈ ਪੱਕੇ ਪ੍ਰਬੰਧ ਨਹੀਂ ਕੀਤੇ ਗਏ, ਜਦਕਿ ਉਨ੍ਹਾਂ ਦੀ ਸਰਕਾਰ ਵੇਲੇ ਇਹ ਪ੍ਰਬੰਧ ਇਕ ਮਹੀਨਾ ਪਹਿਲਾਂ ਹੀ ਮੁਕੰਮਲ ਕਰ ਲਏ ਜਾਂਦੇ ਸਨ। ਇਸ ਮੌਕੇ ਫਿਰੋਜ਼ਪੁਰ ਦਿਹਾਤੀ ਵਿਧਾਨ ਸਭਾ ਹਲਕੇ ਦੇ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਜਿੰਦੂ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਰੋਹਿਤ ਕੁਮਾਰ ਮੌਂਟੂ ਵੋਹਰਾ ਵੀ ਹਾਜ਼ਰ ਸਨ।

ਇਹ ਖ਼ਬਰ ਵੀ ਪੜ੍ਹੋ : ਲਾਰੈਂਸ ਗੈਂਗ ਦੇ ਖ਼ਤਰਨਾਕ ਗੈਂਗਸਟਰ ਜਾਂਬਾ ਨੂੰ STF ਨੇ ਕੀਤਾ ਗ੍ਰਿਫ਼ਤਾਰ, ਵਿਦੇਸ਼ੀ ਹਥਿਆਰ ਬਰਾਮਦ


Manoj

Content Editor

Related News