ਨਵੇਂ ਵਰ੍ਹੇ 2021 ’ਚ ਕਾਲੇ ਕਾਨੂੰਨ ਵਾਪਸ ਹੋਣ : ਵਾਰਿਸ ਭਰਾ

01/01/2021 7:15:18 PM

ਚੰਡੀਗੜ੍ਹ (ਬਿਊਰੋ)– ਪਿਛਲੇ ਢਾਈ ਦਹਾਕਿਆਂ ਤੋਂ ਵੱਧ ਸਮੇਂ ਤੋਂ ਪੰਜਾਬੀ ਗਾਇਕੀ ’ਚ ਇਕ ਵੱਖਰਾ ਸਥਾਨ ਰੱਖਣ ਵਾਲੇ ਵਾਰਿਸ ਭਰਾਵਾਂ ਮਨਮੋਹਨ ਵਾਰਿਸ, ਸੰਗਤਾਰ ਤੇ ਕਮਲ ਹੀਰ ਨੇ ਦੇਸ਼-ਵਿਦੇਸ਼ ’ਚ ਵੱਸਦੇ ਸਮੂਹ ਪੰਜਾਬੀਆਂ ਨੂੰ ਨਵੇਂ ਵਰ੍ਹੇ 2021 ਨੂੰ ਜੀ ਆਇਆਂ ਆਖਦਿਆਂ ਕਿਹਾ ਕਿ ਉਹ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਨ ਕਿ ਨਵਾਂ ਸਾਲ ਸਭ ਲਈ ਖੁਸ਼ੀਆਂ ਤੇ ਤੰਦਰੁਸਤੀ ਲੈ ਕੇ ਆਵੇ ਤੇ ਪਿਛਲੇ ਸਾਲ ਵਾਲੀਆਂ ਮੁਸ਼ਕਿਲਾਂ ਤੇ ਬੀਮਾਰੀਆਂ ਤੋਂ ਛੁਟਕਾਰਾ ਮਿਲੇ। ਉਨ੍ਹਾਂ ਕਿਹਾ ਕਿ 2020 ਕਹਿਣ ਨੂੰ ਜਿੰਨਾ ਸੋਹਣਾ ਲੱਗਦਾ ਸੀ, ਉਨਾ ਹੀ ਇਹ ਸਾਰੀ ਦੁਨੀਆ ਲਈ ਕਹਿਰ ਲੈ ਕੇ ਆਇਆ।

ਜਿਥੇ ਕੋਰੋਨਾ ਵਰਗੀ ਭੈੜੀ ਬੀਮਾਰੀ ਨੇ ਸਾਰੀ ਦੁਨੀਆ ’ਚ ਹਾਹਾਕਾਰ ਮਚਾ ਦਿੱਤੀ ਤੇ ਜਿਹੜੇ ਤਿੰਨ ਭੈੜੇ ਕਾਨੂੰਨ ਕਿਸਾਨਾਂ ਲਈ ਬਣੇ ਹਨ, ਉਹ ਵੀ ਇਸੇ ਸਾਲ ਬਣੇ ਹਨ। ਸੋ ਇਨ੍ਹਾਂ ਮੁਸੀਬਤਾਂ ਨਾਲ ਲੜਦਿਆਂ ਸਾਰਾ ਸਾਲ ਲੰਘ ਗਿਆ ਤੇ ਨਵਾਂ ਸਾਲ ਚੜ੍ਹ ਗਿਆ। ਇਸ ਮੁਸ਼ਕਿਲ ਭਰੇ ਸਮੇਂ ’ਚ ਸਾਨੂੰ ਸਿੱਖਣ ਲਈ ਵੀ ਬਹੁਤ ਕੁਝ ਮਿਲਿਆ। ਜਦੋਂ ਕੋਰੋਨਾ ਦੇ ਮੁਸ਼ਕਿਲ ਸਮੇਂ ’ਚ ਸਾਨੂੰ ਘਰ ਰਹਿਣਾ ਪਿਆ ਤਾਂ ਪਰਿਵਾਰਾਂ ’ਚ ਨੇੜਤਾ ਵਧੀ ਤੇ ਜਦੋਂ ਕਿਸਾਨੀ ਅੰਦੋਲਨ ਲਈ ਘਰੋਂ ਬਾਹਰ ਰਹਿਣਾ ਪਿਆ ਤਾਂ ਸਮਾਜ ਦੇ ਵੱਖ-ਵੱਖ ਵਰਗਾਂ ’ਚ ਪਿਆਰ ਵਧਿਆ।

 
 
 
 
 
 
 
 
 
 
 
 
 
 
 
 

A post shared by Manmohan Waris (@manmohanwaris)

ਇਕੱਲਾ ਪੰਜਾਬ ਤੇ ਹਰਿਆਣਾ ਹੀ ਇਕ-ਦੂਜੇ ਦੇ ਨੇੜੇ ਨਹੀਂ ਹੈ, ਸਗੋਂ ਭਾਰਤ ਤੇ ਪੂਰੀ ਦੁਨੀਆ ਦੇ ਕਿਸਾਨ ਆਪਣੀਆਂ ਹਕੀਮ ਹੱਕੀ ਮੰਗਾਂ ਲਈ ਖੜ੍ਹੇ ਹੋ ਗਏ ਹਨ। ਸੇਵਾ ਭਾਵਨਾ, ਇਕ-ਦੂਜੇ ਦਾ ਦੁੱਖ ਦਰਦ ਸਮਝਣਾ, ਚੜ੍ਹਦੀ ਕਲਾ ’ਚ ਰਹਿਣਾ, ਇਹ ਸਾਰੀਆਂ ਗੱਲਾਂ ਵੀ ਪਿਛਲੇ ਸਾਲ ਹੋਰ ਪੱਕੀਆਂ ਹੋਈਆਂ। ਉਨ੍ਹਾਂ ਕਿਹਾ ਕਿ ਜੇ ਪੰਜਾਬ ਦੀ ਗੱਲ ਕਰੀਏ ਤਾਂ ਸਾਡੇ ਨੌਜਵਾਨਾਂ ਨੇ ਸਿੱਧ ਕਰ ਦਿੱਤਾ ਹੈ ਕਿ ਉਨ੍ਹਾਂ ’ਚ ਵੀ ਉਹੀ ਜੋਸ਼, ਬਹਾਦਰੀ ਤੇ ਸੰਸਕਾਰ ਮੌਜੂਦ ਹਨ, ਜਿਹੜੇ ਸਦੀਆਂ ਤੋਂ ਪੰਜਾਬੀਆਂ ਦੇ ਖ਼ੂਨ ’ਚ ਚੱਲੇ ਆਏ ਹਨ ਤੇ ਜਿਹੜੇ ਵਿਰਾਸਤ ’ਚ ਸਾਨੂੰ ਮਿਲੇ ਹਨ।

ਵਾਰਿਸ ਭਰਾਵਾਂ ਨੇ ਅੱਗੇ ਕਿਹਾ ਕਿ ਜਿਸ ਸਬਰ ਤੇ ਸਿਦਕ ਨਾਲ ਕਿਸਾਨ ਅੱਜ ਬੇਇਨਸਾਫ਼ੀ ਦੀ ਲੜਾਈ ਲੜ ਰਹੇ ਹਨ, ਸਾਰੀ ਦੁਨੀਆ ਉਨ੍ਹਾਂ ਵੱਲ ਦੇਖ ਰਹੀ ਹੈ ਤੇ ਅਸ਼-ਅਸ਼ ਕਰ ਰਹੀ ਹੈ। ਅਸੀਂ ਅਰਦਾਸ ਕਰਦੇ ਹਾਂ ਕਿ ਨਵਾਂ ਸਾਲ ਹਰ ਇਕ ਦੀ ਜ਼ਿੰਦਗੀ ’ਚ ਖ਼ੁਸ਼ੀਆਂ-ਖੇੜੇ, ਸ਼ਾਂਤੀ ਦਾ ਪੈਗਾਮ ਲੈ ਕੇ ਆਵੇ। ਇਸ ਦੇ ਨਾਲ ਸਾਡੀ ਦਿਲੋਂ ਅਰਦਾਸ ਹੈ ਕਿ ਸਾਡਾ ਜੋ ਕਿਸਾਨ ਅੰਦੋਲਨ ਦਿੱਲੀ ’ਚ ਚੱਲ ਰਿਹਾ ਹੈ, ਇਸ ਦਾ ਬਹੁਤ ਜਲਦੀ ਕੋਈ ਵਧੀਆ ਨਤੀਜਾ ਨਿਕਲੇ ਤਾਂ ਜੋ ਸਾਡੇ ਬਜ਼ੁਰਗ, ਸਾਡੀਆਂ ਮਾਤਾਵਾਂ, ਸਾਡੀਆਂ ਭੈਣਾਂ, ਸਾਡੇ ਨੌਜਵਾਨ, ਸਾਡੇ ਬੱਚੇ ਜੰਗ ਜਿੱਤ ਕੇ ਘਰ ਪਰਤਣ ਤੇ 2021 ਤੋਂ ਸਾਨੂੰ ਬਹੁਤ ਉਮੀਦਾਂ ਹਨ।

ਨੋਟ– ਵਾਰਿਸ ਭਰਾਵਾਂ ਦੀ ਇਸ ਖ਼ਬਰ ’ਤੇ ਆਪਣੀ ਰਾਏ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


Rahul Singh

Content Editor

Related News