ਟਿਊਬਵੈੱਲ ਤੇ ਸਟਰੀਟ ਲਾਈਟਾਂ ਖਰਾਬ ਹੋਣ ਕਾਰਨ ਵਾਰਡ ਨੰ. 23 ਦੇ ਨਿਵਾਸੀ ਪ੍ਰੇਸ਼ਾਨ

11/17/2017 7:34:15 AM

ਤਰਨਤਾਰਨ,   (ਵਾਲੀਆ)-  ਨਗਰ ਕੌਂਸਲ ਅਧੀਨ ਪੈਂਦੇ ਵਾਰਡ ਨੰ. 23 'ਚ ਪਿਛਲੇ 1 ਮਹੀਨੇ ਤੋਂ ਟਿਊਬਵੈੱਲ ਅਤੇ ਸਟਰੀਟ ਲਾਈਟਾਂ ਖਰਾਬ ਹੋਣ ਕਾਰਨ ਵਾਰਡ ਨਿਵਾਸੀਆਂ ਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 
ਜਾਣਕਾਰੀ ਦਿੰਦਿਆਂ ਵਾਰਡ ਨਿਵਾਸੀਆਂ ਦੇਸ ਰਾਜ, ਅਜੀਤ ਸਿੰਘ, ਗੁਰਪ੍ਰੀਤ ਸਿੰਘ, ਦਲਜੀਤ ਸਿੰਘ, ਬਲਦੇਵ ਸਿੰਘ, ਜਸਵੰਤ ਸਿੰਘ, ਮਨਜੀਤ ਸਿੰਘ, ਸੋਹਨ ਸਿੰਘ, ਸੁਖਦੇਵ ਸਿੰਘ, ਜੋਗਿੰਦਰ ਸਿੰਘ, ਆਸ਼ੂ ਆਦਿ ਨੇ ਦੱਸਿਆ ਕਿ ਇਲਾਕੇ 'ਚ ਪਿਛਲੇ ਇਕ ਮਹੀਨੇ ਤੋਂ ਟਿਊਬਵੈੱਲ ਦੇ ਖਰਾਬ ਹੋਣ ਕਾਰਨ ਉਨ੍ਹਾਂ ਨੂੰ ਪਾਣੀ ਪ੍ਰਤੀ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਉਹ ਬਾਹਰੋਂ ਪਾਣੀ ਭਰਨ ਲਈ ਮਜਬੂਰ ਹਨ।
ਇਸੇ ਤਰ੍ਹਾਂ ਵਾਰਡ 'ਚ ਕਈ ਦਿਨਾਂ ਤੋਂ ਸਟਰੀਟ ਲਾਈਟਾਂ ਵੀ ਖਰਾਬ ਪਈਆਂ ਹਨ, ਜਿਸ ਕਾਰਨ ਰਾਤ ਸਮੇਂ ਉਨ੍ਹਾਂ ਨੂੰ ਕਿਤੇ ਆਉਣ-ਜਾਣ 'ਚ ਪ੍ਰੇਸ਼ਾਨੀ ਆਉਂਦੀ ਹੈ। ਉਨ੍ਹਾਂ ਕਿਹਾ ਕਿ ਸਟਰੀਟ ਲਾਈਟਾਂ ਬੰਦ ਹੋਣ ਕਾਰਨ ਸਾਰਾ ਇਲਾਕਾ ਹਨੇਰੇ 'ਚ ਡੁੱਬਿਆ ਰਹਿੰਦਾ ਹੈ ਤੇ ਰਾਤ ਨੂੰ ਚੋਰੀ ਤੇ ਲੁੱਟਾਂ-ਖੋਹਾਂ ਦੀਆਂ ਘਟਨਾ ਵਾਪਰਨ ਦਾ ਵੀ ਡਰ ਬਣਿਆ ਰਹਿੰਦਾ ਹੈ।
ਉਨ੍ਹਾਂ ਕਿਹਾ ਕਿ ਇਸ ਸਬੰਧੀ ਹਲਕਾ ਵਿਧਾਇਕ ਡਾ. ਧਰਮਵੀਰ ਅਗਨੀਹੋਤਰੀ ਅਤੇ ਨਗਰ ਕੌਂਸਲ ਤਰਨਤਾਰਨ ਨੂੰ ਵੀ ਕਈ ਵਾਰ ਜਾਣੂ ਕਰਵਾਇਆ ਗਿਆ ਪਰ ਉਨ੍ਹਾਂ ਦੀ ਸਮੱਸਿਆ ਨੂੰ ਹੱਲ ਕਰਨ ਲਈ ਕੋਈ ਕਦਮ ਨਹੀਂ ਚੁੱਕਿਆ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਜੋ ਟਿਊਬਵੈੱਲ ਖਰਾਬ ਪਿਆ ਹੋਇਆ ਹੈ ਤੇ ਸਟਰੀਰ ਲਾਈਟਾਂ ਬੰਦ ਪਈਆਂ ਹਨ, ਨੂੰ ਜਲਦ ਤੋਂ ਜਲਦ ਠੀਕ ਕਰਵਾ ਕੇ ਉਨ੍ਹਾਂ ਦੀ ਸਮੱਸਿਆ ਨੂੰ ਹੱਲ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ 2 ਦਿਨਾਂ 
'ਚ ਟਿਊਬਵੈੱਲ ਠੀਕ ਨਾ ਹੋਇਆ 
ਤਾਂ  ਉਨ੍ਹਾਂ ਵੱਲੋਂ ਤਾਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।