ਵਾਰਡ ਨੰ. 28 ਦੇ ਵਾਸੀ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ

07/29/2017 7:11:38 AM

ਕਪੂਰਥਲਾ, (ਗੁਰਵਿੰਦਰ ਕੌਰ)- ਸ਼ਹਿਰ ਦਾ ਸੀਵਰੇਜ ਆਏ ਦਿਨ ਬੰਦ ਹੋਣਾ ਇਕ ਆਮ ਸਮੱਸਿਆ ਬਣਦੀ ਜਾ ਰਹੀ ਹੈ, ਜਿਸ ਨਾਲ ਆਏ ਦਿਨ ਲੋਕ ਜੂਝਦੇ ਦੇਖੇ ਜਾ ਸਕਦੇ ਹਨ। ਹੈਰਾਨੀ ਵਾਲੀ ਗੱਲ ਤਾਂ ਇਹ ਹੁੰਦੀ ਹੈ ਕਿ ਇੰਨੇ ਦਿਨ ਬੀਤਣ ਦੇ ਬਾਵਜੂਦ ਵੀ ਨਗਰ ਕੌਂਸਲ ਵਲੋਂ ਸੀਵਰੇਜ ਖੋਲ੍ਹਿਆ ਨਹੀਂ ਜਾਂਦਾ, ਜਿਸ ਕਾਰਨ ਲੋਕਾਂ ਨੂੰ ਮਜਬੂਰਨ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ। ਅਜਿਹਾ ਹੀ ਇਕ ਮਾਮਲਾ ਕਪੂਰਥਲਾ ਸ਼ਹਿਰ ਦੇ ਵਾਰਡ ਨੰ. 28 ਮੁਹੱਲਾ ਮਹਿਤਾਬਗੜ੍ਹ ਘੰਟੀ ਵਾਲਾ ਚੌਕ ਦੇ ਨਜ਼ਦੀਕ ਦੇਖਣ ਨੂੰ ਮਿਲਿਆ ਹੈ, ਜਿਥੇ ਪਿਛਲੇ ਕਰੀਬ 15 ਦਿਨਾਂ ਤੋਂ ਸੀਵਰੇਜ ਬੰਦ ਹੋਣ ਕਾਰਨ ਇਥੋਂ ਦੇ ਵਾਸੀਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਥੋਂ ਦੇ ਨਿਵਾਸੀ ਸੁਰਜੀਤ ਸਿੰਘ, ਕੁਲਵੰਤ ਸਿੰਘ, ਮਿੰਟੂ, ਦਰਸ਼ਨ ਸਿੰਘ, ਰਾਜੂ, ਵਿਜੇ ਕੁਮਾਰ ਨੇ ਦੱਸਿਆ ਕਿ ਪਿਛਲੇ ਲਗਭਗ 15 ਦਿਨਾਂ ਤੋਂ ਸੀਵਰੇਜ ਜਾਮ ਹੋਣ ਕਾਰਨ ਸੀਵਰੇਜ ਦਾ ਗੰਦਾ ਪਾਣੀ ਗਲੀ 'ਚ ਝੀਲ ਦੀ ਤਰ੍ਹਾਂ ਫੈਲਿਆ ਹੋਇਆ ਹੈ, ਜਿਸ ਕਾਰਨ ਇਥੋਂ ਲੰਘਣਾ ਮੁਸ਼ਕਿਲ ਹੋ ਗਿਆ ਤੇ ਗੰਦੇ ਪਾਣੀ 'ਚੋਂ ਆਉਂਦੀ ਬਦਬੂ ਨੇ ਉਨ੍ਹਾਂ ਦੇ ਨੱਕ 'ਚ ਦਮ ਕੀਤਾ ਹੋਇਆ ਹੈ ਤੇ ਉਨ੍ਹਾਂ ਦਾ ਜਿਊਣਾ ਮੁਹਾਲ ਹੋ ਰਿਹਾ ਹੈ। ਮੁਹੱਲਾ ਵਾਸੀਆਂ ਨੇ ਮੰਗ ਕਰਦਿਆਂ ਕਿਹਾ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਦੇਖਦੇ ਹੋਏ ਤੇ ਗੰਦਗੀ ਕਾਰਨ ਕਿਸੇ ਭਿਆਨਕ ਬੀਮਾਰੀ ਦੇ ਫੈਲਣ ਦੇ ਖਦਸ਼ੇ ਤੋਂ ਬਚਣ ਲਈ ਸੀਵਰੇਜ ਜਾਮ ਪਹਿਲਤਾ ਦੇ ਆਧਾਰ 'ਤੇ ਖੁਲ੍ਹਵਾਇਆ ਜਾਵੇਗਾ ਤੇ ਇਥੇ ਸਫਾਈ ਬਹਾਲ ਕੀਤੀ ਜਾਵੇ।