ਸੜਕ ਹਾਦਸਿਆਂ ਦੇ ਸ਼ਿਕਾਰ ਲੋਕਾਂ ਦੀ ਯਾਦ ''ਚ ''ਵਾਕ ਫਾਰ ਸੇਫਰ ਰੋਡਜ਼''

11/20/2017 7:32:12 AM

ਚੰਡੀਗੜ੍ਹ/ਪੰਚਕੂਲਾ  (ਬਿਊਰੋ) - ਸੜਕ ਹਾਦਸਿਆਂ 'ਚ ਮਾਰੇ ਗਏ ਲੋਕਾਂ ਦੀ ਯਾਦ ਵਿਚ 250 ਲੋਕਾਂ ਨੇ ਵਰਲਡ ਡੇ ਆਫ ਰੀਮੈਂਬਰੈਂਸ (ਡਬਲਿਊ. ਡੀ. ਆਰ.) ਮੌਕੇ 'ਵਾਕ ਫਾਰ ਸੇਫਰ ਰੋਡਜ਼' ਵਿਚ ਹਿੱਸਾ ਲਿਆ। ਇਹ ਪੈਦਲ ਯਾਤਰਾ ਸੈਕਟਰ-23 ਸਥਿਤ ਚਿਲਡਰਨ ਟ੍ਰੈਫਿਕ ਪਾਰਕ ਵਿਚ ਆਯੋਜਿਤ ਕੀਤੀ ਗਈ ਸੀ, ਜਿਸ ਦਾ ਆਯੋਜਨ ਸਿਟੀਜ਼ਨਜ਼ ਅਵੇਅਰਨੈੱਸ ਗਰੁੱਪ ਵਲੋਂ ਕੰਜ਼ਿਊਮਰ ਵਾਇਸ ਦਿੱਲੀ ਅਤੇ ਚੰਡੀਗੜ੍ਹ ਪੁਲਸ ਦੇ ਸਹਿਯੋਗ ਨਾਲ ਕੀਤਾ ਗਿਆ। ਵਾਕ ਦੇ ਬਾਅਦ ਸ਼ਾਂਤੀਪੂਰਨ ਕੈਂਡਲ ਮਾਰਚ ਵੀ ਕੱਢਿਆ ਗਿਆ, ਜਿਸ ਵਿਚ ਲੋਕਾਂ, ਚੰਡੀਗੜ੍ਹ ਪੁਲਸ, ਟ੍ਰੈਫਿਕ ਪੁਲਸ ਦੇ ਕਰਮਚਾਰੀ, ਐੱਮ. ਸੀ. ਐੈੱਮ. ਕਾਲਜ ਤੇ ਹੋਮ ਸਾਇੰਸ ਕਾਲਜ ਦੇ ਦਰਜਨਾਂ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਤੋਂ ਇਲਾਵਾ ਸੜਕ ਹਾਦਸਿਆਂ ਵਿਚ ਖੁਦ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਚੁੱਕੇ ਲੋਕਾਂ ਨੇ ਵੀ ਅੱਗੇ ਆ ਕੇ ਇਸ ਮੁਹਿੰਮ ਨੂੰ ਸਮਰਥਨ ਦਿੱਤਾ।
  ਇਸ ਮੌਕੇ ਡੀ. ਐੱਸ. ਪੀ. ਟ੍ਰੈਫਿਕ ਰਾਜੀਵ ਅੰਬਸਤ ਨੇ ਵੀ ਸੰਬੋਧਨ ਕੀਤਾ ਤੇ ਟ੍ਰੈਫਿਕ ਨਿਯਮਾਂ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ ਵਰਲਡ ਡੇ ਆਫ ਰੀਮੈਂਬਰੈਂਸ ਪ੍ਰਤੀ ਜਾਗਰੂਕਤਾ ਫੈਲਾਉਣ ਦੇ ਮਕਸਦ ਨਾਲ ਸਵੇਰੇ ਪੰਚਕੂਲਾ ਦੇ ਸੈਕਟਰ-5 ਵਿਚ ਇਕ ਮਨੁੱਖੀ ਲੜੀ ਬਣਾਈ ਗਈ ਤੇ ਸ਼ਾਂਤੀ ਮਾਰਚ ਕੱਢਿਆ ਗਿਆ। ਇਸ ਪ੍ਰੋਗਰਾਮ ਦਾ ਥੀਮ ਸੀ '2020 ਟਾਰਗੇਟ :  ਸੜਕ ਹਾਦਸਿਆਂ 'ਚ ਮੌਤਾਂ ਤੇ ਗੰਭੀਰ ਸੱਟਾਂ ਨੂੰ 50 ਫੀਸਦੀ ਘੱਟ ਕਰਨਾ'। ਇਹ ਸਾਲਾਨਾ ਪ੍ਰੋਗਰਾਮ ਸੜਕ ਸੁਰੱਖਿਆ ਹਾਲਤ ਸਬੰਧੀ ਧਿਆਨ ਆਕਰਸ਼ਿਤ ਕਰਨ ਦੀ ਦਿਸ਼ਾ ਵਿਚ ਅਹਿਮ ਕਦਮ ਹੈ।
ਉਥੇ ਹੀ ਚੰਡੀਗੜ੍ਹ ਵਿਚ ਵੀ ਸ਼ਾਂਤੀ ਮਾਰਚ ਕੱਢਿਆ ਗਿਆ, ਜਿਸ ਦਾ ਮੁੱਖ ਮਕਸਦ ਮੋਟਰ ਵ੍ਹੀਕਲ ਸੋਧ ਬਿੱਲ-2017 ਨੂੰ ਛੇਤੀ ਪਾਸ ਕਰਵਾਉਣ ਦੀ ਮੰਗ ਕਰਨਾ ਸੀ। ਸੁਰਿੰਦਰ ਵਰਮਾ ਨੇ ਕਿਹਾ ਕਿ ਸੜਕ ਹਾਦਸਿਆਂ ਵਿਚ ਹੋਣ ਵਾਲੀਆਂ ਮੌਤਾਂ ਨੂੰ 50 ਫੀਸਦੀ ਘੱਟ ਕਰਨ ਦੀ ਆਪਣੀ ਪ੍ਰਤੀਬੱਧਤਾ ਨੂੰ ਭਾਰਤ ਮੋਟਰ ਵ੍ਹੀਕਲ ਸੋਧ ਬਿੱਲ 2017 ਨੂੰ ਪਾਸ ਕਰਕੇ ਉਸ ਨੂੰ ਠੀਕ ਤਰ੍ਹਾਂ ਅਮਲ ਵਿਚ ਲਿਆ ਕੇ ਪੂਰਾ ਕਰ ਸਕਦਾ ਹੈ। ਇਹ ਬਿੱਲ ਲੋਕਸਭਾ ਵਲੋਂ ਪਹਿਲਾਂ ਹੀ ਪਾਸ ਕੀਤਾ ਜਾ ਚੁੱਕਾ ਹੈ ਤੇ ਫਿਲਹਾਲ ਰਾਜ ਸਭਾ ਦੀ ਕਮੇਟੀ ਕੋਲ ਵਿਚਾਰ ਅਧੀਨ ਹੈ।