ਕਿਸ਼ਤੀ ਦਾ ਕਰਨਾ ਪਿਆ ਇੰਤਜਾਰ, ਕਿਸਾਨ ਦੀ ਮੌਤ

07/21/2017 6:21:57 AM

ਸੁਲਤਾਨਪੁਰ ਲੋਧੀ, (ਧੀਰ)- ਦਰਿਆ ਬਿਆਸ ਤੋਂ ਪਲਟੂਨ ਬ੍ਰਿਜ ਖੋਲ੍ਹਣ ਤੋਂ ਬਾਅਦ ਅੱਜ ਦਰਿਆ ਦੇ ਨਾਲ ਲਗਦੇ 16 ਪਿੰਡਾਂ, ਜੋ ਇਕ ਪਿੰਡ ਭੈਣੀ ਕਾਦਰ ਬਖਸ਼ ਵਿਖੇ ਇਕ ਕਿਸਾਨ ਨੂੰ ਸਮੇਂ ਸਿਰ ਇਲਾਜ ਮੁਹੱਈਆ ਨਾ ਹੋਣ 'ਤੇ ਆਪਣੀ ਜਾਨ ਤੋਂ ਹੱਥ ਧੋਣਾ ਪਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਕਿਸਾਨ ਬਲਕਾਰ ਸਿੰਘ ਪੁੱਤਰ ਹਜ਼ਾਰਾ ਸਿੰਘ ਵਾਸੀ ਭੈਣੀ ਕਾਦਰ ਬਖਸ਼ ਦੇ ਭਰਾ ਕਾਰਜ ਸਿੰਘ, ਭਤੀਜੇ ਲਖਵਿੰਦਰ ਸਿੰਘ ਨੇ ਦੱਸਿਆ ਕਿ ਸਵ. ਬਲਕਾਰ ਸਿੰਘ, ਜੋ ਅੱਜ ਸਵੇਰੇ ਕਰੀਬ 9 ਵਜੇ ਖੇਤਾਂ 'ਚ ਪਸ਼ੂਆਂ ਵਾਸਤੇ ਪੱਠੇ ਵੱਢ ਰਿਹਾ ਸੀ ਤਾਂ ਅਚਾਨਕ ਉਸਨੂੰ ਇਕ ਜ਼ਹਿਰੀਲੇ ਸੱਪ ਨੇ ਡੰਗ ਲਿਆ।
ਉਨ੍ਹਾਂ ਦੱਸਿਆ ਕਿ ਉਸਨੇ ਪੱਠੇ ਵੱਢਣ ਵਾਲੀ ਦਾਤਰੀ ਨਾਲ ਸੱਪ ਨੂੰ ਤਾਂ ਉਸ ਵੇਲੇ ਹੀ ਮਾਰ ਦਿੱਤਾ ਪ੍ਰੰਤੂ ਸੱਪ ਜ਼ਹਿਰੀਲਾ ਹੋਣ ਕਾਰਨ ਉਸਨੇ ਦੂਸਰੇ ਵਿਆਕਤੀ, ਜੋ ਥੋੜ੍ਹੀ ਦੂਰੀ 'ਤੇ ਆਪਣੇ ਖੇਤਾਂ 'ਚ ਕੰਮ ਕਰ ਰਹੇ ਨੂੰ ਆਵਾਜ਼ਾਂ ਮਾਰੀਆਂ। ਉਨ੍ਹਾਂ ਦੱਸਿਆ ਕਿ ਅਸੀਂ ਤੁਰੰਤ ਕਿਸਾਨ ਆਗੂ ਪਰਮਜੀਤ ਸਿੰਘ ਬਾਊਪੁਰ ਨੂੰ ਫੋਨ ਕਰਕੇ ਤੁਰੰਤ ਗੱਡੀ ਲਿਆਉਣ ਲਈ ਕਿਹਾ। ਪਰਮਜੀਤ ਵਲੋਂ ਤੁਰੰਤ ਗੱਡੀ 'ਤੇ ਉਸ ਨੂੰ ਦਰਿਆ ਕੰਢੇ ਪਹੁੰਚਾਇਆ ਗਿਆ, ਜਿਥੇ ਇਕ ਹੀ ਵਿਅਕਤੀ ਹੋਣ ਕਾਰਨ ਇੰਤਜ਼ਾਰ ਕਰਨਾ ਪਿਆ ਤੇ ਜਦੋਂ ਅਸੀਂ ਬਲਕਾਰ ਸਿੰਘ ਨੂੰ ਸਿਵਲ ਹਸਪਤਾਲ ਲੈ ਕੇ ਪੁੱਜੇ ਤਾਂ ਡਾਕਟਰ ਡੀ. ਪੀ. ਸਿੰਘ ਨੇ ਉਸਨੂੰ ਮ੍ਰਿਤਕ ਕਰਾਰ ਦਿੱਤਾ, ਜਿਸ ਉਪਰੰਤ ਪੂਰੇ ਪਿੰਡ 'ਚ ਸ਼ੋਕ ਦੀ ਲਹਿਰ ਦੌੜ ਗਈ।