ਵਿੱਤ ਮੰਤਰੀ ਅਤੇ ਕਾਂਗਰਸੀ ਵਿਧਾਇਕਾਂ ਨੂੰ ਉਡੀਕਦੇ ਰਹੇ ਢੁੱਡੀਕੇ ਵਾਸੀ

11/18/2017 2:10:28 PM


ਢੁੱਡੀਕੇ/ਮੋਗਾ (ਪਵਨ ਗਰੋਵਰ, ਗੋਪੀ ਰਾਊਕੇ, ਰੱਤੀ ਕੋਕਰੀ) - ਦੇਸ਼ ਦੇ ਆਜ਼ਾਦੀ ਸੰਗਰਾਮ 'ਚ ਆਪਣੇ ਵਿਲੱਖਣ ਯੋਗਦਾਨ ਕਰ ਕੇ 'ਪੰਜਾਬ ਕੇਸਰੀ' ਦੇ ਨਾਂ ਨਾਲ ਜਾਣੇ ਜਾਂਦੇ ਮੋਗਾ ਜ਼ਿਲੇ ਦੇ ਪਿੰਡ ਢੁੱਡੀਕੇ ਦੇ ਵਸਨੀਕ ਲਾਲਾ ਲਾਜਪਤ ਰਾਏ ਦੇ ਬਲੀਦਾਨ ਦਿਵਸ ਨੂੰ ਸਰਕਾਰੀ ਪੱਧਰ 'ਤੇ ਮਨਾਉਣਾ ਕੈਪਟਨ ਸਰਕਾਰ ਲਗਦਾ 'ਭੁੱਲ' ਹੀ ਗਈ ਹੈ। ਇਸ ਸਮਾਗਮ ਦੀਆਂ ਤਿਆਰੀਆਂ 'ਚ ਪਿਛਲੇ 10 ਦਿਨਾਂ ਤੋਂ ਲਾਲਾ ਲਾਜਪਤ ਰਾਏ ਜਨਮ ਅਸਥਾਨ ਯਾਦਗਾਰ ਕਮੇਟੀ ਰੁੱਝੀ ਹੋਈ ਸੀ ਅਤੇ ਕਮੇਟੀ ਵੱਲੋਂ ਵੰਡੇ ਗਏ ਕਾਰਡਾਂ 'ਤੇ ਮੁੱਖ ਮਹਿਮਾਨ ਵਜੋਂ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਆਉਣਾ ਦਰਸਾਇਆ ਗਿਆ ਸੀ, ਜਦਕਿ ਵਿਸ਼ੇਸ਼ ਮਹਿਮਾਨ ਜ਼ਿਲੇ ਨਾਲ ਸਬੰਧਿਤ ਤਿੰਨੇ ਕਾਂਗਰਸੀ ਵਿਧਾਇਕ ਡਾ. ਹਰਜੋਤਕਮਲ, ਦਰਸ਼ਨ ਸਿੰਘ ਬਰਾੜ ਅਤੇ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਤੋਂ ਇਲਾਵਾ ਸਾਬਕਾ ਵਿਧਾਇਕਾ ਬੀਬੀ ਰਾਜਵਿੰਦਰ ਕੌਰ ਭਾਗੀਕੇ ਨੂੰ ਬਣਾਇਆ ਗਿਆ ਸੀ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਵਿੱਤ ਮੰਤਰੀ ਅਤੇ ਕਾਂਗਰਸੀ ਵਿਧਾਇਕਾਂ ਨੇ ਤਾਂ ਸਮਾਗਮ 'ਚ ਕੀ ਹਾਜ਼ਰੀ ਭਰਨੀ ਸੀ, ਸਗੋਂ ਜ਼ਿਲਾ ਪ੍ਰਸ਼ਾਸਨ ਦਾ ਵੀ ਕੋਈ ਅਧਿਕਾਰੀ ਸਮਾਗਮ 'ਚ ਨਹੀਂ ਪੁੱਜਾ, ਜਿਸ ਕਰਕੇ ਸਮਾਗਮ 'ਚ ਇਕੱਤਰ ਲੋਕਾਂ ਅਤੇ ਕਮੇਟੀ ਦੇ ਆਗੂਆਂ ਨੂੰ ਮਨਾਂ ਅੰਦਰਲੀ ਮਾਯੂਸੀ ਉਨ੍ਹਾਂ ਦੇ ਚਿਹਰਿਆਂ 'ਤੇ ਸਾਫ਼ ਝਲਕ ਰਹੀ ਸੀ। ਸਾਬਕਾ ਮੰਤਰੀ ਡਾ. ਮਾਲਤੀ ਥਾਪਰ ਅਤੇ ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਜ਼ਰੂਰ ਸਮਾਗਮ 'ਚ ਹਾਜ਼ਰੀ ਭਰੀ।  ਦੱਸਣਾ ਬਣਦਾ ਹੈ ਕਿ ਅੱਜ ਲਾਲਾ ਲਾਜਪਤ ਰਾਏ ਦੇ 89ਵੇਂ ਬਲੀਦਾਨ ਦਿਵਸ ਨੂੰ ਮਨਾਉਣ ਲਈ ਉਨ੍ਹਾਂ ਦੇ ਜੱਦੀ ਪਿੰਡ ਵਿਖੇ ਸਾਲਾਨਾ ਸਮਾਗਮ ਰੱਖਿਆ ਗਿਆ ਸੀ। ਜ਼ਿਕਰਯੋਗ ਹੈ ਕਿ ਆਜ਼ਾਦੀ ਤੋਂ ਬਾਅਦ ਜਦੋਂ ਵੀ ਲਾਲਾ ਲਾਜਪਤ ਰਾਏ ਦੀ ਯਾਦ 'ਚ ਸਾਲਾਨਾ ਬਲੀਦਾਨ ਦਿਵਸ ਹੁੰਦਾ ਹੈ ਤਾਂ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਤੋਂ ਇਲਾਵਾ ਜ਼ਿਲਾ ਪ੍ਰਸ਼ਾਸਨ ਦੇ ਅਧਿਕਾਰੀਆਂ ਵੱਲੋਂ ਵੀ ਹਾਜ਼ਰੀ ਭਰੀ ਜਾਂਦੀ ਹੈ ਪਰ ਇਸ ਵਾਰ ਪੂਰਾ ਸਮਾਗਮ 'ਫਲਾਪ' ਰਹਿਣ ਮਗਰੋਂ ਹੁਣ ਸਵਾਲ ਇਹ ਵੀ ਖੜ੍ਹਾ ਹੋ ਗਿਆ ਹੈ ਕਿ ਆਖਿਰਕਾਰ ਕਮੇਟੀ ਦੇ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਅਤੇ ਜ਼ਿਲਾ ਪ੍ਰਸ਼ਾਸਨ ਨਾਲ ਤਾਲਮੇਲ ਦੀ ਘਾਟ ਕਰ ਕੇ ਹੀ ਸਮਾਗਮ 'ਚ ਕੋਈ ਅਧਿਕਾਰੀ ਜਾਂ ਮੰਤਰੀ ਨਹੀਂ ਪੁੱਜਾ ਜਾਂ ਫਿਰ ਕਮੇਟੀ ਨੇ ਸੱਦਾ ਪੱਤਰ ਹੀ ਲੇਟ ਭੇਜਿਆ ਹੈ। 
ਸਾਬਕਾ ਮੰਤਰੀ ਡਾ. ਮਾਲਤੀ ਥਾਪਰ ਨੇ ਲਾਲਾ ਲਾਜਪਤ ਰਾਏ ਵੱਲੋਂ ਦੇਸ਼ ਦੇ ਆਜ਼ਾਦੀ ਸੰਗਰਾਮ 'ਚ ਪਾਏ ਗਏ ਯੋਗਦਾਨ ਨੂੰ ਯਾਦ ਕਰਦਿਆਂ ਉਨ੍ਹਾਂ ਦੇ ਜੀਵਨ ਸਬੰਧੀ ਲੋਕਾਂ ਨੂੰ ਜਾਣੂ ਕਰਵਾਇਆ।  ਵਿਧਾਇਕ ਸ਼੍ਰੀ ਬਿਲਾਸਪੁਰ ਨੇ ਕਿਹਾ ਕਿ ਸਾਨੂੰ ਸ਼ਹੀਦਾਂ ਦੇ ਦਿਨ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਮਨਾਉਣੇ ਚਾਹੀਦੇ ਹਨ। ਸਰਪੰਚ ਜਸਦੀਪ ਸਿੰਘ ਗੈਰੀ ਨੇ ਪਹੁੰਚੀਆਂ ਸ਼ਖਸੀਅਤਾਂ ਦਾ ਧੰਨਵਾਦ ਕੀਤਾ। ਸਮਾਗਮ 'ਚ ਜ਼ਿਲਾ ਸਿੱਖਿਆ ਅਫਸਰ ਗੁਰਦਰਸ਼ਨ ਸਿੰਘ, ਸੰਮਤੀ ਮੈਂਬਰ ਭੁਪਿੰਦਰ ਕਾਲੀ, ਮਾਸਟਰ ਗੁਰਚਰਨ ਸਿੰਘ, ਬਲਦੇਵ ਸਿੰਘ ਬੈਂਕ ਮੈਨੇਜਰ ਪੰਜਾਬ ਨੈਸ਼ਨਲ ਬੈਂਕ, ਸ਼ਮਸ਼ੇਰ ਸਿੰਘ ਜੋਤੀ ਕਮੇਟੀ ਮੈਂਬਰ ਵੀ ਹਾਜ਼ਰ ਸਨ।