ਵੋਟਰ ਸੂਚੀਆਂ ਦੀ ਸੁਧਾਈ ਸਬੰਧੀ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ

11/16/2017 1:58:07 PM


ਫ਼ਰੀਦਕੋਟ/ਸ੍ਰੀ ਮੁਕਤਸਰ ਸਾਹਿਬ (ਹਾਲੀ, ਪਵਨ, ਖੁਰਾਣਾ, ਦਰਦੀ) - ਵੋਟਰ ਸੂਚੀਆਂ ਦੀ ਸੁਧਾਈ ਸਬੰਧੀ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਐੱਸ. ਡੀ. ਐੱਮ. ਗੁਰਜੀਤ ਸਿੰਘ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀ ਹਦਾਇਤ ਅਨੁਸਾਰ ਫੋਟੋ ਵੋਟਰ ਸੂਚੀ ਦੀ ਸੁਧਾਈ ਯੋਗਤਾ ਮਿਤੀ 01.01.2018 ਦੇ ਆਧਾਰ 'ਤੇ ਮਿਤੀ 15.11.2017 ਤੋਂ 14.12.2017 ਤੱਕ ਕੀਤੀ ਜਾਣੀ ਹੈ। ਇਸ ਸਬੰਧੀ ਸਿਆਸੀ ਪਾਰਟੀਆਂ ਨੂੰ ਫੋਟੋ ਵੋਟਰ ਸੂਚੀ ਦਾ ਇਕ ਸੈੱਟ ਅਤੇ ਇਕ ਸੀਡੀ ਬਿਨਾਂ ਫੋਟੋ ਵੋਟਰ ਸੂਚੀ ਸਪਲਾਈ ਕੀਤੀ ਗਈ। ਉਨ੍ਹਾਂ ਕਿਹਾ ਕਿ ਇਨ੍ਹਾਂ ਸੂਚੀਆਂ ਨੂੰ ਚੰਗੀ ਤਰ੍ਹਾਂ ਚੈੱਕ ਕਰਵਾਇਆ ਜਾਵੇ, ਜੇਕਰ ਕਿਸੇ ਵਿਅਕਤੀ ਦੀ ਉਮਰ 01.01.2018 ਤੱਕ 18 ਸਾਲ ਜਾਂ ਇਸ ਤੋਂ ਵੱਧ ਹੈ, ਦੀ ਵੋਟ ਅਜੇ ਤੱਕ ਨਹੀਂ ਬਣੀ ਤਾਂ ਫਾਰਮ ਨੰ. 6 ਭਰਵਾਇਆ ਜਾਵੇ। ਇਹ ਫਾਰਮ ਆਪਣੇ ਬੀ. ਐੱਲ. ਓਜ਼. ਜਾਂ ਸਬੰਧਤ ਚੋਣਕਾਰ ਰਜਿਸਟਰੇਸ਼ਨ ਅਫਸਰ ਦੇ ਦਫਤਰ ਜਮ੍ਹਾ ਕਰਵਾਏ ਜਾਣ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਇੰਦਰਾਜ਼ ਸਬੰਧੀ ਇਤਰਾਜ਼ ਹੋਵੇ ਤਾਂ ਫਾਰਮ ਨੰ. 7 ਭਰ ਕੇ ਦਿੱਤਾ ਜਾਵੇ। ਜੇਕਰ ਕਿਸੇ ਇੰਦਰਾਜ਼ ਸਬੰਧੀ ਸੋਧ ਕਰਵਾਉਣੀ ਹੋਵੇ ਤਾਂ ਫਾਰਮ ਨੰ. 8 ਭਰ ਕੇ ਦਰੁਸਤੀ ਕਰਵਾਈ ਜਾ ਸਕਦੀ ਹੈ। ਜੇਕਰ ਇਕ ਹੀ ਵਿਧਾਨ ਸਭਾ ਚੋਣ ਹਲਕੇ ਵੋਟ ਤਬਦੀਲ ਕਰਵਾਉਣੀ ਹੋਵੇ ਤਾਂ ਫਾਰਮ ਨੰ. 8 ਓ ਭਰ ਕੇ ਤਬਦੀਲ ਕਰਵਾਈ ਜਾ ਸਕਦੀ ਹੈ। ਐੱਸ. ਡੀ. ਐੱਮ. ਨੇ ਕਿਹਾ ਕਿ ਜ਼ਿਲੇ ਵਿਚ ਪੈਂਦੇ 3 ਵਿਧਾਨ ਸਭਾ ਚੋਣ ਹਲਕਿਆਂ 87-ਫਰੀਦਕੋਟ, 88-ਕੋਟਕਪੂਰਾ ਅਤੇ 89-ਜੈਤੋ 'ਚ ਹਰੇਕ ਪੋਲਿੰਗ ਸਟੇਸ਼ਨ 'ਤੇ ਬੂਥ ਲੈਵਲ ਅਫਸਰ ਨਿਯੁਕਤ ਕੀਤੇ ਗਏ ਹਨ ਅਤੇ ਪਾਰਟੀਆਂ ਵੀ ਬੂਥ ਲੈਵਲ ਏਜੰਟ ਨਿਯੁਕਤ ਕਰ ਕੇ ਉਸ ਦੀ ਸੂਚੀ ਸਬੰਧਤ ਚੋਣਕਾਰ ਰਜਿਸਟਰੇਸ਼ਨ ਅਫਸਰ ਦੇ ਦਫਤਰ ਵਿਚ ਦੇਣ। ਇਸੇ ਤਰ੍ਹਾਂ ਆਮ ਲੋਕਾਂ ਦੀ ਸਹੂਲਤ ਲਈ ਮਿਤੀ 19.11.2017 ਅਤੇ 26.11.2017 (ਦਿਨ ਐਤਵਾਰ) ਨੂੰ ਸਾਰੇ ਪੋਲਿੰਗ ਸਟੇਸ਼ਨਾਂ 'ਤੇ ਬੀ. ਐੱਲ. ਓਜ਼ ਬੈਠ ਕੇ ਕਲੇਮ ਅਤੇ ਇਤਰਾਜ਼ ਪ੍ਰਾਪਤ ਕਰਨਗੇ। 
ਇਸੇ ਤਰ੍ਹਾਂ ਸ੍ਰੀ ਮੁਕਤਸਰ ਸਾਹਿਬ ਵਿਖੇ ਯੋਗਤਾ ਮਿਤੀ 01.01.2018 ਦੇ ਆਧਾਰ 'ਤੇ ਫੋਟੋ ਵੋਟਰ ਸੂਚੀ ਦੀ ਸਰਸਰੀ ਸੁਧਾਈ ਦੇ ਸਬੰਧ ਵਿਚ ਡਰਾਫਟ ਫੋਟੋ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾ ਮਿਤੀ 15.11.2017 ਨੂੰ ਕਰਵਾ ਦਿੱਤੀ ਗਈ ਹੈ। ਇਹ ਵੋਟਰ ਸੂਚੀਆਂ ਜ਼ਿਲਾ ਚੋਣ ਦਫ਼ਤਰ, ਚੋਣਕਾਰ ਰਜਿਸਟਰੇਸ਼ਨ ਅਫ਼ਸਰਾਂ ਅਤੇ ਬੂਥ ਲੈਵਲ ਅਫ਼ਸਰਾਂ ਕੋਲ ਆਮ ਲੋਕਾਂ ਦੇ ਵੇਖਣ ਲਈ ਉਪਲੱਬਧ ਹਨ। ਇਹ ਜਾਣਕਾਰੀ ਦਿੰਦਿਆਂ ਰਾਜਪਾਲ ਸਿੰਘ, ਵਧੀਕ ਜ਼ਿਲਾ ਮੈਜਿਸਟ੍ਰੇਟ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਕੀਤੇ ਗਏ ਪ੍ਰੋਗਰਾਮ ਅਨੁਸਾਰ ਦਾਅਵੇ ਤੇ ਇਤਰਾਜ਼ ਦਾਇਰ ਕਰਨ ਦਾ ਸਮਾਂ ਮਿਤੀ 15.11.2017 ਤੋਂ 14.12.2017 ਨਿਰਧਾਰਤ ਕੀਤਾ ਗਿਆ ਹੈ। 
ਮਿਤੀ 18.11.2017 ਤੇ  25.11.2017  (ਦੋਵੇਂ ਸ਼ਨੀਵਾਰ) ਨੂੰ ਬੀ. ਐੱਲ. ਓਜ਼. ਆਪਣੇ ਪੋਲਿੰਗ ਇਲਾਕਿਆਂ ਵਿਚ ਪਤਵੰਤੇ ਨਾਗਰਿਕਾਂ ਦੀ ਹਾਜ਼ਰੀ ਵਿਚ ਵੋਟਰ ਸੂਚੀ ਪੜ੍ਹ ਕੇ ਸੁਣਾਉਣਗੇ। ਇਸ ਤੋਂ ਇਲਾਵਾ ਮਿਤੀ 19.11.2017 ਅਤੇ 26.11.2017 (ਦੋਵੇਂ ਐਤਵਾਰ) ਸਪੈਸ਼ਲ ਕੰਪੇਨ ਮਿਤੀਆਂ ਤੈਅ ਕੀਤੀਆਂ ਗਈਆਂ ਹਨ। ਇਨ੍ਹਾਂ ਮਿਤੀਆਂ ਨੂੰ ਬੂਥ ਲੈਵਲ ਅਫ਼ਸਰ ਆਪਣੇ ਪੋਲਿੰਗ ਸਟੇਸ਼ਨ 'ਤੇ ਬੈਠ ਕੇ ਦਾਅਵੇ ਅਤੇ ਇਤਰਾਜ਼ ਪ੍ਰਾਪਤ ਕਰਨਗੇ। ਸ੍ਰੀ ਮੁਕਤਸਰ ਸਾਹਿਬ ਵਿਚ ਚਾਰ ਵਿਧਾਨ ਸਭਾ ਚੋਣ ਹਲਕੇ ਪੈਂਦੇ ਹਨ।