ਵ੍ਹਿਜ਼ ਪਾਵਰ : ਮਾਲਕਾਂ ਤੋਂ ਬਾਅਦ ਕੰਪਨੀ ਦੇ ਮੈਨੇਜਮੈਂਟ ਮੈਂਬਰਾਂ ਦੀ ਪ੍ਰਾਪਰਟੀ ਦੀ ਡਿਟੇਲ ਦੀ ਜਾਂਚ ਕਰੇਗੀ ਪੁਲਸ

08/11/2020 6:37:50 PM

ਜਲੰਧਰ – ਨਿਵੇਸ਼ਕਾਂ ਨਾਲ ਕਰੋੜਾਂ ਰੁਪਏ ਦਾ ਫਰਾਡ ਕਰਨ ਵਾਲੀ ਓ.ਐੱਲ.ਐੱਸ. ਵ੍ਹਿਜ਼ ਪਾਵਰ ਕੰਪਨੀ ਦੇ ਮੈਂਬਰਾਂ ਦੀ ਹੁਣ ਪੁਲਸ ਪ੍ਰਾਪਰਟੀ ਦੀ ਡਿਟੇਲ ਦੀ ਵੀ ਜਾਂਚ ਕਰੇਗੀ। ਮੈਨੇਜਮੈਂਟ ਮੈਂਬਰਾਂ ਨੇ ਆਪਣੀ ਵੀਡੀਓ ਬਣਾ ਕੇ ਕੰਪਨੀ ਦੇ ਫੇਸਬੁੱਕ ਅਕਾਊਂਟ ’ਤੇ ਅੱਪਲੋਡ ਕੀਤੀ ਸੀ, ਜਿਸ ਵਿਚ ਉਹ ਦੱਸ ਰਹੇ ਸਨ ਕਿ ਕੰਪਨੀ ਨੂੰ ਜੁਆਇਨ ਕਰਨ ਉਪਰੰਤ ਉਨ੍ਹਾਂ ਲਗਜ਼ਰੀ ਗੱਡੀਆਂ ਅਤੇ ਪ੍ਰਾਪਰਟੀ ਖਰੀਦੀ ਹੈ। ਇਹ ਵੀਡੀਓ ਲੋਕਾਂ ਨੂੰ ਕੰਪਨੀ ਨਾਲ ਜੋੜਨ ਦੇ ਮਕਸਦ ਨਾਲ ਬਣਾਈ ਗਈ ਸੀ, ਜੋ ਕਿ ਉਹ ਮੈਨੇਜਮੈਂਟ ਮੈਂਬਰਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਸਕਦੀ ਹੈ। ਕੁਝ ਮੈਨੇਜਮੈਂਟ ਮੈਂਬਰਾਂ ਨੇ ਜਲੰਧਰ ਦੇ ਵੱਖ-ਵੱਖ ਇਲਾਕਿਆਂ ਵਿਚ ਫਲੈਟ ਅਤੇ ਕੋਠੀਆਂ ਖਰੀਦੀਆਂ ਹੋਈਆਂ ਹਨ, ਜਦਕਿ ਹਾਈਵੇ ’ਤੇ ਵੀ ਉਨ੍ਹਾਂ ਪਲਾਟ ਖਰੀਦੇ ਸਨ। ਪੁਲਸ ਮੈਂਬਰਾਂ ਦੀਆਂ ਲਗਜ਼ਰੀ ਗੱਡੀਆਂ ਜ਼ਬਤ ਕਰ ਚੁੱਕੀ ਹੈ। ਇਸ ਫਰਾਡ ਵਿਚ ਹੁਣ ਤੱਕ ਕੋਈ ਖਾਸ ਰਿਕਵਰੀ ਨਹੀਂ ਹੋ ਸਕੀ। ਕੰਪਨੀ ਦਾ ਸੀ. ਈ. ਓ. ਗੁਰਮਿੰਦਰ ਸਿੰਘ ਅਜੇ ਫਰਾਰ ਹੈ, ਜਿਸ ਦੀ ਭਾਲ ਵਿਚ ਪੁਲਸ ਛਾਪੇਮਾਰੀ ਕਰ ਰਹੀ ਹੈ। ਕੰਪਨੀ ਦੇ ਮਾਲਕਾਂ ਦੇ ਰਿਸ਼ਤੇਦਾਰਾਂ ਦੀ ਬੈਂਕ ਸਟੇਟਮੈਂਟ ਪੁਲਸ ਨੂੰ ਨਹੀਂ ਮਿਲੀ, ਜਿਸ ਕਾਰਣ ਕਿਸੇ ਸ਼ੱਕੀ ਟਰਾਂਜੈਕਸ਼ਨ ਸਬੰਧੀ ਪੁਲਸ ਕੋਲ ਕੋਈ ਜਵਾਬ ਨਹੀਂ ਹੈ। ਪੁਲਸ ਦਾ ਕਹਿਣਾ ਹੈ ਕਿ ਸਾਈਬਰ ਕ੍ਰਾਈਮ ਸੈੱਲ ਨੂੰ ਬਰਾਮਦ ਲੈਪਟਾਪ ਵਿਚੋਂ ਅਜੇ ਤੱਕ ਕੁਝ ਨਹੀਂ ਮਿਲਿਆ। ਸੂਤਰਾਂ ਅਨੁਸਾਰ ਗੁਰਮਿੰਦਰ ਸਿੰਘ ਕੋਲ ਵੀ ਕਰੋੜਾਂ ਰੁਪਏ ਦੇ ਇਸ ਫਰਾਡ ਦੀ ਵੱਡੀ ਰਕਮ ਪਈ ਹੈ।

ਜ਼ਿਕਰਯੋਗ ਹੈ ਕਿ ਪੀ. ਪੀ. ਆਰ. ਮਾਲ ਸਥਿਤ ਉਕਤ ਕੰਪਨੀ ਨੇ ਨਿਵੇਸ਼ਕਾਂ ਨਾਲ ਕਰੋੜਾਂ ਰੁਪਏ ਦਾ ਫਰਾਡ ਕੀਤਾ ਸੀ। ਕੰਪਨੀ ਦੇ ਮਾਲਕ ਗੋਲਡ ਕਿੱਟੀ ਦ ੇ ਨਾਂ ’ਤੇ ਲੋਕਾਂ ਨੂੰ ਕੰਪਨੀ ਵਿਚ ਨਿਵੇਸ਼ ਕਰਨ ਦਾ ਝਾਂਸਾ ਦਿੰਦੇ ਸਨ। ਥਾਣਾ ਨੰਬਰ 7 ਵਿਚ ਉਕਤ ਕੰਪਨੀ ਦੇ ਮਾਲਕਾਂ ਰਣਜੀਤ ਸਿੰਘ ਪੁੱਤਰ ਗੁਰਮੁੱਖ ਸਿੰਘ ਵਾਸੀ ਸ਼ਿਵ ਵਿਹਾਰ, ਗਗਨਦੀਪ ਸਿੰਘ ਪੁੱਤਰ ਗੁਰਵਿੰਦਰ ਸਿੰਘ ਵਾਸੀ ਹਰਦੀਪ ਨਗਰ ਅਤੇ ਗੁਰਮਿੰਦਰ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਜਲੰਧਰ ਹਾਈਟਸ-2 ਸਮੇਤ ਮੈਨੇਜਮੈਂਟ ਮੈਂਬਰ ਸ਼ੀਲਾ ਦੇਵੀ, ਆਦਿੱਿਤਆ ਸੇਠੀ, ਆਸ਼ੀਸ਼ ਸ਼ਰਮਾ, ਪੁਨੀਤ ਵਰਮਾ, ਐਡਮਿਨ ਨਤਾਸ਼ਾ ਖਿਲਾਫ ਕੇਸ ਦਰਜ ਕਰ ਲਿਆ ਸੀ। ਗਗਨਦੀਪ ਸਿੰਘ ਤੇ ਰਣਜੀਤ ਸਿੰਘ ਨੇ ਪੁਲਸ ਅੱਗੇ ਆਤਮਸਮਰਪਣ ਕਰ ਦਿੱਤਾ ਸੀ, ਜਦਕਿ ਬਾਕੀ ਦੋਸ਼ੀ ਅਜੇ ਫਰਾਰ ਹਨ।


Harinder Kaur

Content Editor

Related News