ਹੋਲੇ ਮਹੱਲੇ ਮੌਕੇ ਹਜ਼ਾਰਾਂ ਸ਼ਰਧਾਲੂਆਂ ਨੇ ਕੀਤੇ ‘ਵਿਰਾਸਤ-ਏ-ਖਾਲਸਾ’ ਦੇ ਦਰਸ਼ਨ

03/10/2020 10:05:53 AM

ਸ੍ਰੀ ਅਨੰਦਪੁਰ ਸਾਹਿਬ (ਦਲਜੀਤ ਸਿੰਘ) - ਹੋਲੇ ਮਹੱਲੇ ਦੇ ਪਾਵਨ ਤਿਉਹਾਰ ਮੌਕੇ ਵਿਸ਼ਵ ਪ੍ਰਸਿੱਧ ਵਿਰਾਸਤ-ਏ-ਖਾਲਸਾ ਵੇਖਣ ਦਾ ਸਮਾਂ ਵਿਭਾਗ ਵਲੋਂ ਦੁੱਗਣਾ ਕਰਨ ਦੇ ਨਾਲ-ਨਾਲ ਸੋਮਵਾਰ ਵਾਲੇ ਦਿਨ ਵੀ ਵਿਰਾਸਤ-ਏ-ਖਾਲਸਾ ਨੂੰ ਖੋਲ੍ਹਿਆ ਗਿਆ, ਜਿਸਦਾ ਭਰਪੂਰ ਲਾਭ ਆਮ ਸ਼ਰਧਾਲੂਆਂ ਨੂੰ ਮਿਲਿਆ। ਹੋਲੇ ਮਹੱਲੇ ਦੇ ਇਸ ਤਿਉਹਾਰ ਮੌਕੇ ਹਜ਼ਾਰਾਂ ਦੀ ਗਿਣਤੀ ’ਚ ਸ਼ਰਧਾਲੂਆਂ ਨੇ ਵਿਰਾਸਤ-ਏ-ਖਾਲਸਾ ਦੇ ਦਰਸ਼ਨ ਕੀਤੇ। ਦੱਸ ਦੇਈਏ ਕਿ ਜਦੋਂ ਤੋਂ ਵਿਰਾਸਤ-ਏ-ਖਾਲਸਾ ਖੋਲ੍ਹਿਆ ਗਿਆ ਹੈ ਉਦੋਂ ਤੋਂ ਹੀ ਇਹ ਨਿਯਮ ਹੈ ਕਿ ਹਰ ਸੋਮਵਾਰ ਨੂੰ ਇਹ ਸੰਗਤ ਲਈ ਬੰਦ ਰੱਖਿਆ ਜਾਂਦਾ ਹੈ ਪਰ ਪ੍ਰਸ਼ਾਸਨ ਵਲੋਂ ਹੋਲੇ ਮਹੱਲੇ ਮੌਕੇ ਆਉਣ ਵਾਲੇ ਲੱਖਾਂ ਸ਼ਰਧਾਲੂਆਂ ਦੀ ਆਮਦ ਦੇ ਮੱਦੇਨਜ਼ਰ ਵਿਰਾਸਤ-ਏ-ਖਾਲਸਾ ਦਾ ਸਮਾਂ ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਤੱਕ ਕਰਨ ਅਤੇ ਸੋਮਵਾਰ ਨੂੰ ਖੋਲ੍ਹਣ ਦਾ ਫੈਸਲਾ ਲਿਆ ਸੀ। ਇਸੇ ਕਰਕੇ ਵਿਰਾਸਤ-ਏ-ਖਾਲਸਾ ਵੇਖਣ ਵਾਲਿਆਂ ਦੀ ਭੀੜ ਸਵੇਰੇ ਤੋਂ ਹੀ ਲੱਗੀ ਹੋਈ ਹੈ।

ਪੜ੍ਹੋਂ ਇਹ ਖਬਰ ਵੀ - 'ਵਿਰਾਸਤ-ਏ-ਖਾਲਸਾ' ਜਾਣ ਵਾਲੇ ਸੈਲਾਨੀਆਂ ਲਈ ਅਹਿਮ ਖਬਰ

ਜਾਣਕਾਰੀ ਅਨੁਸਾਰ ਦੁਪਹਿਰ 3 ਵਜੇ ਤੱਕ 13 ਹਜ਼ਾਰ ਤੋਂ ਵੱਧ ਸ਼ਰਧਾਲੂ ਵਿਰਾਸਤ-ਏ-ਖਾਲਸਾ ਦੇ ਦਰਸ਼ਨ ਕਰ ਚੁੱਕੇ ਹਨ, ਜੋ ਕਿ 20 ਹਜ਼ਾਰ ਨੂੰ ਪਾਰ ਕਰਨ ਦੀ ਉਮੀਦ ਹੈ। ਇਸ ਸਬੰਧੀ ਅਧਿਕਾਰੀਆਂ ਨੇ ਦੱਸਿਆ ਕਿ ਸਮੁੱਚਾ ਸਟਾਫ 12-12 ਘੰਟੇ ਤੋਂ ਵੱਧ ਡਿਊਟੀ ਦੇ ਕੇ ਹੋਲੇ ਮਹੱਲੇ ਮੌਕੇ ਆਉਣ ਵਾਲੀ ਸੰਗਤ ਦੀ ਸਹੂਲਤ ਦੇ ਲਈ ਡਟਿਆ ਹੋਇਆ ਹੈ। ਸਾਡੀ ਇਹੋ ਕੋਸ਼ਿਸ਼ ਹੈ ਕਿ ਜੋ ਵੀ ਸ਼ਰਧਾਲੂ ਵਿਰਾਸਤ-ਏ-ਖਾਲਸਾ ਵੇਖਣ ਦੀ ਤਾਂਘ ਮਨ ਵਿਚ ਲੈ ਕੇ ਆਉਣ ਉਹ ਆਪਣਾ ਚਾਅ ਜ਼ਰੂਰ ਪੂਰਾ ਕਰ ਕੇ ਘਰਾਂ ਨੂੰ ਪਰਤਣ। ਉਨ੍ਹਾਂ ਦੱਸਿਆ ਕਿ 8 ਮਾਰਚ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ਼ੁਰੂ ਹੋਏ ਹੋਲੇ ਮਹੱਲੇ ਦੇ ਪਹਿਲੇ ਦਿਨ ਜਿੱਥੇ 13540 ਸ਼ਰਧਾਲੂਆਂ ਨੇ ਵਿਰਾਸਤ-ਏ-ਖਾਲਸਾ ਦੇ ਦਰਸ਼ਨ ਕੀਤੇ। ਉੱਥੇ ਹੀ 9 ਮਾਰਚ ਨੂੰ ਇਹ ਅੰਕਡ਼ਾ 20 ਹਜ਼ਾਰ ਨੂੰ ਪਾਰ ਕਰਨ ਅਤੇ ਹੋਲੇ ਮਹੱਲੇ ਦੇ ਤਿੰਨੋਂ ਦਿਨਾਂ ਵਿਚ ਇਹ ਅੰਕਡ਼ਾ 50 ਹਜ਼ਾਰ ਨੂੰ ਪਾਰ ਕਰਨ ਦੀ ਉਮੀਦ ਹੈ, ਜਦਕਿ ਵਿਰਾਸਤ-ਏ-ਖਾਲਸਾ ਦੇ ਰਖ-ਰਖਾਅ ਸੈਲਾਨੀ ਸੇਵਾਵਾਂ ਅਤੇ ਸੁਰੱਖਿਆ ਅਮਲਾ ਪੂਰੀ ਮੁਸਤੈਦੀ ਦੇ ਨਾਲ ਆਪਣੀ ਡਿਊਟੀ ਨਿਭਾਅ ਰਿਹਾ ਹੈ ਤਾਂ ਜੋ ਕਿਸੇ ਵੀ ਸ਼ਰਧਾਲੂ ਨੂੰ ਕੋਈ ਮੁਸ਼ਕਿਲ ਦਰਪੇਸ਼ ਨਾ ਆਵੇ।

rajwinder kaur

This news is Content Editor rajwinder kaur