ਵਾਇਰਲ ਵੀਡੀਓ ''ਚ ਪੁੱਤਰ-ਧੀ ਕੁੱਟ ਰਹੇ ਸਨ ਪੁਲਸ ਕਰਮਚਾਰੀ ਨੂੰ

Friday, Jun 08, 2018 - 05:29 AM (IST)

ਚੰਡੀਗੜ੍ਹ, (ਰਮੇਸ਼ ਹਾਂਡਾ) : ਬੁੱਧਵਾਰ ਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ, ਜਿਸ 'ਚ ਪੁਲਸ ਵਾਲੇ ਨੂੰ ਨੌਜਵਾਨ ਤੇ ਲੜਕੀ ਕੁੱਟ ਰਹੇ ਸਨ,  ਉਹ ਕੋਈ ਹੋਰ ਨਹੀਂ ਸਗੋਂ ਉਸ ਦੇ ਪੁੱਤਰ ਤੇ ਧੀ ਸਨ। ਉਕਤ ਪੁਲਸ ਕਰਮਚਾਰੀ ਹਰਿਆਣਾ ਪੁਲਸ 'ਚ ਏ. ਐੱਸ. ਆਈ. ਹੈ ਤੇ ਸੈਕਟਰ-22 ਵਿਚ ਰਹਿ ਰਹੇ ਹਰਿਆਣਾ ਦੇ ਇਕ ਅਫਸਰ ਦੇ ਘਰ ਤਾਇਨਾਤ ਹੈ। ਉਹ ਕਈ ਦਿਨਾਂ ਤੋਂ ਘਰ ਨਹੀਂ ਆ ਰਿਹਾ ਸੀ। ਦੋਵੇਂ ਉਸ ਨੂੰ ਲੈਣ ਆਏ ਸਨ।  ਚਸ਼ਮਦੀਦ ਅਨੁਸਾਰ ਉਕਤ ਪੁਲਸ ਕਰਮਚਾਰੀ ਲੜਕੀ ਨੂੰ ਗਾਲ੍ਹਾਂ ਕੱਢ ਰਿਹਾ ਸੀ, ਜਿਸ ਤੋਂ ਬਾਅਦ ਗੁੱਸੇ 'ਚ ਨੌਜਵਾਨ ਨੇ ਉਸ ਨੂੰ ਧੱਕਾ ਦਿੱਤਾ ਤਾਂ ਉਹ ਉਸ ਨੂੰ ਵੀ ਗਾਲ੍ਹਾਂ ਕੱਢਣ ਲੱਗ ਪਿਆ। ਇਸ ਤੋਂ ਬਾਅਦ ਉਸ ਨੇ ਪੁਲਸ ਵਾਲੇ ਦੀ ਕੁੱਟ-ਮਾਰ ਕਰ ਦਿੱਤੀ। ਘਟਨਾ ਸਮੇਂ ਪੁਲਸ ਵਾਲੇ ਨੇ ਸ਼ਰਾਬ ਪੀਤੀ ਹੋਈ ਸੀ। ਚਸ਼ਮਦੀਦ ਨੇ ਦੱਸਿਆ ਕਿ ਸਾਨੂੰ ਬਾਅਦ 'ਚ ਪਤਾ ਲੱਗਾ ਕਿ ਜੋ ਕੁੱਟ ਰਹੇ ਸਨ, ਉਹ ਉਸ ਪੁਲਸ ਵਾਲੇ ਦੇ ਪੁੱਤਰ-ਧੀ ਹਨ।
ਵੀਡੀਓ ਵਾਇਰਲ ਹੋਣ ਤੋਂ ਬਾਅਦ ਸ਼ਾਮ ਨੂੰ ਸੈਕਟਰ-22 ਪੁਲਸ ਪੋਸਟ ਦੇ ਇੰਚਾਰਜ ਖੁਦ ਮੌਕੇ 'ਤੇ ਆਏ ਤੇ ਵੀਡੀਓ ਬਣਾਉਣ ਵਾਲੇ ਦਾ ਪਤਾ ਲਾਉਣ ਦੀ ਕੋਸ਼ਿਸ਼ ਕੀਤੀ। ਜਦੋਂ ਕਿਸੇ ਨੇ ਨਾ ਦੱਸਿਆ ਤਾਂ ਪੁਲਸ ਨੇ ਸਾਰੇ ਫੜ੍ਹੀ ਵਾਲਿਆਂ ਦਾ ਸਾਮਾਨ ਸੁੱਟਣਾ ਸ਼ੁਰੂ ਕਰ ਦਿੱਤਾ ਤੇ ਸਾਰੀਆਂ ਫੜ੍ਹੀਆਂ ਬੰਦ ਕਰਵਾ ਦਿੱਤੀਆਂ। ਜਾਣਕਾਰੀ  ਅਨੁਸਾਰ ਕੋਲ ਹੀ ਚਾਹ ਦੀ ਰੇਹੜੀ ਤੋਂ ਹੀ ਉਕਤ ਘਟਨਾ ਨੂੰ ਕੈਮਰੇ 'ਚ ਕੈਦ ਕੀਤਾ ਗਿਆ ਸੀ। 
ਘਰ ਲਿਜਾਣ ਆਏ ਸਨPunjabKesari
ਉਕਤ ਪੁਲਸ ਕਰਮਚਾਰੀ ਨੂੰ ਸੈਕਟਰ-22 'ਚ ਉਸਦਾ ਪੁੱਤਰ-ਧੀ ਘਰ ਲਿਜਾਣ ਆਏ ਸਨ।  ਲੜਕੀ ਨੇ ਪਿਤਾ ਨੂੰ ਘਰ ਚੱਲਣ ਲਈ ਕਿਹਾ ਸੀ, ਜਿਸ ਤੋਂ ਬਾਅਦ ਉਸ ਨੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਹੰਗਾਮਾ ਵੇਖ ਕੇ ਕਈ ਲੋਕ ਉਥੇ ਇਕੱਠੇ ਹੋ ਗਏ। ਇਸ ਦੌਰਾਨ ਪੁਲਸ ਵਾਲੇ ਦਾ ਪੁੱਤਰ ਵੀ ਉਥੇ ਪਹੁੰਚ ਗਿਆ, ਜਿਸਨੇ ਪਿਤਾ ਨੂੰ ਗਾਲ੍ਹਾਂ ਕੱਢਣ ਤੋਂ ਰੋਕਿਆ। ਉਹ ਨਾ ਮੰਨਿਆ ਤਾਂ ਉਸ ਨੇ ਉਸ ਦੀ ਕੁੱਟ-ਮਾਰ ਕਰ ਦਿੱਤੀ। ਪੁਲਸ ਵਾਲਾ ਨਸ਼ੇ 'ਚ ਸੀ, ਇਸ ਲਈ ਸੰਭਲ ਨਹੀਂ ਸਕਿਆ ਤੇ ਹੇਠਾਂ ਡਿੱਗ ਗਿਆ। 
ਘਟਨਾ ਸਮੇਂ ਪੁਲਸ ਵਾਲੇ ਦੀ ਪਤਨੀ ਵੀ ਮੌਕੇ 'ਤੇ ਮੌਜੂਦ ਸੀ ਤੇ ਕੁੱਟਣ ਤੋਂ ਬਾਅਦ ਤਿੰਨੇ ਪੁਲਸ ਵਾਲੇ ਗੱਡੀ 'ਚ ਜ਼ਬਰਦਸਤੀ ਘਟਨਾ ਸਥਾਨ ਤੋਂ ਲੈ ਗਏ। 
ਫੜ੍ਹੀ ਵਾਲੇ ਦੇਣਗੇ ਐੱਸ. ਐੱਸ. ਪੀ. ਨੂੰ ਸ਼ਿਕਾਇਤ
ਜਿਨ੍ਹਾਂ ਰੇਹੜੀ-ਫੜ੍ਹੀ ਵਾਲਿਆਂ ਨੂੰ ਪੁਲਸ ਨੇ ਧਮਕਾਇਆ ਤੇ ਫੜ੍ਹੀਆਂ ਬੰਦ ਕਰਵਾਈਆਂ ਹਨ, ਉਹ ਲੋਕ ਇਕਜੁਟ ਹੋ ਕੇ ਐੱਸ. ਐੱਸ. ਪੀ. ਨੂੰ ਸ਼ਿਕਾਇਤ ਦੇਣ ਦਾ ਮਨ ਬਣਾ ਚੁੱਕੇ ਹਨ। ਵੀਰਵਾਰ ਨੂੰ ਵੀ ਪੁਲਸ ਨੇ ਉਨ੍ਹਾਂ ਨੂੰ ਕੰਮ ਨਹੀਂ ਕਰਨ ਦਿੱਤਾ। ਪੁਲਸ ਇਹ ਕਹਿ ਰਹੀ ਹੈ ਕਿ ਜਦੋਂ ਤਕ ਵੀਡੀਓ ਬਣਾਉਣ ਵਾਲੇ ਦੀ ਜਾਣਕਾਰੀ ਨਹੀਂ ਮਿਲ ਜਾਂਦੀ, ਉਦੋਂ ਤਕ ਕੰਮ ਨਹੀਂ ਕਰਨ ਦਿੱਤਾ ਜਾਵੇਗਾ।  


Related News