ਮਰਯਾਦਾ ਦੀ ਉਲੰਘਣਾ ਦਾ ਮਾਮਲਾ: ਗੁਰਦੁਆਰਾ ਨਾਨਕਮਤਾ ਸਾਹਿਬ ਦੀ ਮੌਜੂਦਾ ਪ੍ਰਬੰਧਕ ਕਮੇਟੀ ਨੇ ਦਿੱਤੇ ਅਸਤੀਫ਼ੇ

07/28/2021 5:12:11 PM

ਅੰਮ੍ਰਿਤਸਰ (ਬਿਊਰੋ) ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਦੇ ਗੁਰਦੁਆਰਾ ਸ੍ਰੀ ਨਾਨਕਮਤਾ ਸਾਹਿਬ ਪਹੁੰਚਣ ’ਤੇ ਉਸ ਦੇ ਸਵਾਗਤ ਵਿਚ ਮਰਯਾਦਾ ਦੀ ਹੋਈ ਉਲੰਘਣਾ ਦੇ ਮਾਮਲੇ ਵਿਚ ਮੌਜੂਦਾ ਪ੍ਰਬੰਧਕੀ ਕਮੇਟੀ ਨੇ ਆਪਣੇ ਅਹੁਦੇ ਤੋਂ ਅਸਤੀਫ਼ੇ ਦੇ ਦਿੱਤੇ ਹਨ। ਸ਼੍ਰੋਮਣੀ ਕਮੇਟੀ ਵੱਲੋਂ ਭੇਜੀ ਤਿੰਨ ਮੈਂਬਰੀ ਕਮੇਟੀ ਨੇ ਗੁਰਦੁਆਰਾ ਨਾਨਕਮਤਾ ਸਾਹਿਬ ਵਿਖੇ ਪਹੁੰਚ ਕੇ ਪੜਤਾਲ ਕੀਤੀ ਅਤੇ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਚਲਾਉਣ ਲਈ ਸੰਗਤਾਂ ਵਿੱਚੋਂ ਪੰਜ ਮੈਂਬਰੀ ਕਾਰਜਕਾਰੀ ਕਮੇਟੀ ਬਣਾ ਦਿੱਤੀ ਗਈ ਹੈ ਜੋ ਅਗਲੇ ਹੁਕਮਾਂ ਤੱਕ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਵੇਖੇਗੀ।

ਇਹ ਵੀ ਪੜ੍ਹੋ : 'ਉਤਰਾਖੰਡ 'ਚ ਗੁਰਦੁਆਰਾ ਸਾਹਿਬ ਵਿਖੇ ਹੋਈ ਮਰਯਾਦਾ ਦੀ ਉਲੰਘਣਾ ਕਾਰਨ ਸਿੱਖ ਭਾਵਨਾਵਾਂ ਨੂੰ ਪੁੱਜੀ ਠੇਸ'

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਜਥੇਦਾਰ ਸਾਹਿਬ ਦੇ ਆਦੇਸ਼ਾਂ ਅਨੁਸਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵਧੀਕ ਮੁੱਖ ਗ੍ਰੰਥੀ ਗਿਆਨੀ ਮਲਕੀਤ ਸਿੰਘ, ਧਰਮ ਪ੍ਰਚਾਰ ਕਮੇਟੀ ਦੇ ਹੈੱਡ ਪ੍ਰਚਾਰਕ ਭਾਈ ਸਰਬਜੀਤ ਸਿੰਘ ਢੋਟੀਆਂ ਤੇ ਇੰਚਾਰਜ ਧਾਰਮਿਕ ਪੜਤਾਲਾਂ ਸ. ਅਜੀਤ ਸਿੰਘ ਅਧਾਰਿਤ ਕਮੇਟੀ ਉੱਤਰਾਖੰਡ ਵਿਖੇ ਭੇਜੀ ਗਈ ਸੀ। ਇਸ ਕਮੇਟੀ ਨੇ ਸਾਰੇ ਮਾਮਲੇ ਦੀ ਪੜਤਾਲ ਕਰਦਿਆਂ ਪ੍ਰਬੰਧਕਾਂ ਦੇ ਬਿਆਨ ਦਰਜ ਕੀਤੇ। ਸੰਗਤਾਂ ਦੀ ਮਨਸ਼ਾ ਅਨੁਸਾਰ ਗੁਰਦੁਆਰਾ ਨਾਨਕਮਤਾ ਸਾਹਿਬ ਦੀ ਮੌਜੂਦਾ ਪ੍ਰਬੰਧਕ ਕਮੇਟੀ ਨੇ ਆਪਣੇ ਅਹੁਦੇ ਤੋਂ ਅਸਤੀਫ਼ੇ ਦੇ ਦਿੱਤੇ ਹਨ। ਜਿਸ ’ਤੇ ਸੰਗਤਾਂ ਵਿੱਚੋਂ ਸ. ਜਰਨੈਲ ਸਿੰਘ, ਸ. ਸੁਖਦੀਪ ਸਿੰਘ, ਸ. ਕੁਲਦੀਪ ਸਿੰਘ, ਸ. ਜਸਬੀਰ ਸਿੰਘ ਤੇ ਸ. ਅਮਰਜੀਤ ਸਿੰਘ ’ਤੇ ਅਧਾਰਿਤ ਪੰਜ ਮੈਂਬਰੀ ਕਾਰਜਕਾਰੀ ਕਮੇਟੀ ਬਣਾ ਦਿੱਤੀ ਗਈ ਹੈ, ਜੋ ਅਗਲਾ ਹੁਕਮ ਆਉਣ ਤੱਕ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਦੇਖੇਗੀ। ਬੀਬੀ ਜਗੀਰ ਕੌਰ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਭੇਜੀ ਗਈ ਜਾਂਚ ਟੀਮ ਜਲਦ ਹੀ ਆਪਣੀ ਰਿਪੋਰਟ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸੌਂਪੇਗੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜੋ ਆਦੇਸ਼ ਹੋਵੇਗਾ, ਉਸ ’ਤੇ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਬੀਬੀ ਜਗੀਰ ਕੌਰ ਵੱਲੋਂ ਗੁਰਦੁਆਰਾ ਸਾਹਿਬਾਨ ਦੇ ਮੈਨੇਜਰਾਂ ਨੂੰ ਸਖ਼ਤ ਚਿਤਾਵਨੀ

ਗੌਰਤਲਬ ਹੈ ਕਿ ਗੁਰਦੁਆਰਾ ਸਾਹਿਬ ਵਿਚ ਹਾਲ ਹੀ ’ਚ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਦਾ ਸਵਾਗਤ ਗਿਆ ਕੀਤਾ ਸੀ। ਪੁਸ਼ਕਰ ਗੁਰਦੁਆਰਾ ਸਾਹਿਬ ’ਚ ਨਤਮਸਤਕ ਹੋਣ ਲਈ ਗਏ ਸਨ ਅਤੇ ਉਨ੍ਹਾਂ ਦਾ ਸਵਾਗਤ ਕਰਨ ਲਈ ਰਿਵਾਇਤੀ ਪਹਾੜੀ ਪੋਸ਼ਾਕ ’ਚ ਬੀਬੀਆਂ ਤੋਂ ਗੁਰਦੁਆਰਾ ਕੰਪਲੈਕਸ ਅੰਦਰ ਡਾਂਸ ਕਰਵਾਇਆ ਗਿਆ ਅਤੇ ਭਾਜਪਾ ਸਮਰਥਨ ਦੇ ਨਾਅਰੇ ਲਾਏ ਗਏ ਸਨ। ਇਸ ਤੋਂ ਇਲਾਵਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ’ਚ ਗੁਰਦੁਆਰਾ ਸਾਹਿਬ ਦੇ ਅੰਦਰ ਤੱਕ ਜਾਂਦੇ ਰਸਤੇ ਦੇ ਅੱਗੇ ਬੀਬੀਆਂ ਸੰਗੀਤ ’ਤੇ ਨੱਚਦੀਆਂ ਨਜ਼ਰ ਆਉਂਦੀਆਂ ਹਨ। ਇਸ ਘਟਨਾ 'ਤੇ ਬੀਬੀ ਜਗੀਰ ਕੌਰ ਨੇ ਕਿਹਾ ਸੀ ਕਿ ਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਪੱਤਰ ਲਿਖ ਕੇ ਵਾਪਰੀ ਘਟਨਾ ਸਬੰਧੀ ਸਪੱਸ਼ਟੀਕਰਣ ਲਿਆ ਜਾਵੇਗਾ। ਉਨ੍ਹਾਂ ਕਿਹਾ ਸੀ ਕਿ ਇਸ ਮਾਮਲੇ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਵੀ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜੋ ਮਾਮਲੇ ਦੀ ਜਾਂਚ ਕਰਕੇ ਮੁਕੰਮਲ ਰਿਪੋਰਟ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸੌਂਪੇਗੀ।ਹੁਣ ਇਸ ਮਾਮਲੇ 'ਚ ਕਮੇਟੀ ਨੇ ਸਾਰੇ ਮਾਮਲੇ ਦੀ ਪੜਤਾਲ ਕਰਦਿਆਂ ਪ੍ਰਬੰਧਕਾਂ ਦੇ ਬਿਆਨ ਦਰਜ ਕੀਤੇ ਹਨ ਅਤੇ  ਗੁਰਦੁਆਰਾ ਸਾਹਿਬ ਦੀ ਮੌਜੂਦਾ ਪ੍ਰਬੰਧਕ ਕਮੇਟੀ ਨੇ ਆਪਣੇ ਅਹੁਦੇ ਤੋਂ ਅਸਤੀਫ਼ੇ ਦੇ ਦਿੱਤੇ ਹਨ।

ਇਹ ਵੀ ਪੜ੍ਹੋ : ਜਥੇਦਾਰ ਮੰਡ ਵੱਲੋਂ ਕੈਬਨਿਟ ਮੰਤਰੀ ਰੰਧਾਵਾ, ਤ੍ਰਿਪਤ ਬਾਜਵਾ ਸਮੇਤ 3 ਵਿਧਾਇਕ ਅਕਾਲ ਤਖ਼ਤ ਸਾਹਿਬ ਤਲਬ

ਨੋਟ : ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ? 

Harnek Seechewal

This news is Content Editor Harnek Seechewal