ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕਰਕੇ ਫਿਰ ਵਿਵਾਦਾਂ ਦੇ ਘੇਰੇ 'ਚ ਚੱਢਾ

01/15/2018 11:58:21 AM


ਅੰਮ੍ਰਿਤਸਰ (ਮਮਤਾ) - ਅਸ਼ਲੀਲ ਵੀਡੀਓ ਨੂੰ ਲੈ ਕੇ ਵਿਵਾਦਾਂ 'ਚ ਘਿਰੇ ਚੀਫ ਖਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚੱਢਾ ਵੱਲੋਂ ਅੱਜ ਸੰਸਥਾ ਨਾਲ ਸਬੰਧਤ ਸੈਂਟਰਲ ਖਾਲਸਾ ਯਤੀਮਖਾਨੇ ਵਿਚ ਸ਼ਰਧਾ ਦੇ ਨਾਂ 'ਤੇ ਕੀਤੇ ਗਏ ਸ਼ਕਤੀ ਪ੍ਰਦਰਸ਼ਨ ਨਾਲ ਇਕ ਹੋਰ ਵਿਵਾਦ ਖੜ੍ਹਾ ਹੋ ਗਿਆ ਹੈ। 
ਇਹ ਵਿਵਾਦ ਯਤੀਮਖਾਨੇ ਵਿਚ ਚੱਢਾ ਪਰਿਵਾਰ ਵੱਲੋਂ ਲਾਏ ਲੰਗਰ ਵਿਚ ਚੀਫ ਖਾਲਸਾ ਦੀਵਾਨ ਦੇ ਅਹੁਦੇਦਾਰਾਂ ਅਤੇ ਕਾਂਗਰਸੀ ਵਿਧਾਇਕਾਂ ਵੱਲੋਂ ਸ਼ਿਰਕਤ ਕਰਨ ਸਬੰਧੀ ਹੈ, ਜਿਸ ਨੂੰ ਲੈ ਕੇ ਵੱਖ-ਵੱਖ ਜਥੇਬੰਦੀਆਂ ਨੇ ਇਸ ਦਾ ਵਿਰੋਧ ਕਰਦੇ ਹੋਏ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ ਚੱਢਾ ਦੀਆਂ ਅਜਿਹੀਆਂ ਗਤੀਵਿਧੀਆਂ 'ਤੇ ਰੋਕ ਲਾਉਣ ਦੀ ਮੰਗ ਕੀਤੀ ਹੈ। ਲੋਕ ਭਲਾਈ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਚੱਢਾ ਸਿੱਖ ਪੰਥ ਦਾ ਦੋਸ਼ੀ ਹੈ ਅਤੇ ਅਖੌਤੀ ਜਥੇਦਾਰਾਂ ਵੱਲੋਂ ਸਿੱਖ ਪੰਥ ਨੂੰ ਇਨਸਾਫ ਦੀ ਕੋਈ ਆਸ ਵੀ ਨਹੀਂ ਰੱਖਣੀ ਚਾਹੀਦੀ। 
ਪ੍ਰਾਪਤ ਜਾਣਕਾਰੀ ਅਨੁਸਾਰ 26 ਦਸੰਬਰ 2017 ਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਅਸ਼ਲੀਲ ਵੀਡੀਓ ਤੋਂ ਬਾਅਦ ਚੱਢਾ ਪੂਰੀ ਤਰ੍ਹਾਂ ਪ੍ਰੇਸ਼ਾਨੀ ਵਿਚ ਸਨ। ਅਸ਼ਲੀਲ ਵੀਡੀਓ ਵਿਚ ਸ਼ਾਮਲ ਇਕ ਕਾਲਜ ਦੀ ਪ੍ਰਿੰਸੀਪਲ ਦੀ ਸ਼ਿਕਾਇਤ 'ਤੇ ਪੁਲਸ ਨੇ ਪਰਚਾ ਦਰਜ ਕਰ ਕੇ ਤਫਤੀਸ਼ ਸ਼ੁਰੂ ਕਰ ਦਿੱਤੀ। ਚੱਢਾ ਦੇ ਪੁੱਤਰ ਵੱਲੋਂ ਪਿਤਾ 'ਤੇ ਅਸਤੀਫਾ ਦੇਣ ਦਾ ਦਬਾਅ ਪਾਉਣ ਦੇ ਬਾਵਜੂਦ ਵੀ ਉਹ ਖੁਦ ਨੂੰ ਨਿਰਦੋਸ਼ ਦੱਸਦੇ ਰਹੇ। ਅਸਤੀਫਾ ਨਾ ਦੇਣ 'ਤੇ ਚੱਢਾ ਦੇ ਵੱਡੇ ਬੇਟੇ ਇੰਦਰਪ੍ਰੀਤ ਸਿੰਘ ਚੱਢਾ ਨੇ ਖੁਦਕੁਸ਼ੀ ਕਰ ਲਈ। ਖੁਦਕੁਸ਼ੀ ਨੋਟ ਦੀ ਬਜਾਏ ਚੱਢੇ ਨੇ ਆਪਣੇ ਵਿਰੋਧੀਆਂ ਖਿਲਾਫ ਪਰਚਾ ਦਰਜ ਕਰਵਾ ਦਿੱਤਾ, ਜਿਸ ਦੀ ਤਫਤੀਸ਼ ਹਾਲੇ ਜਾਰੀ ਹੈ। 
  ਚੱਢਾ ਨੇ ਅੱਜ ਫਿਰ ਸ਼ਰਧਾ ਤੇ ਆਸਥਾ ਦੀ ਆੜ ਹੇਠ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਕੀਤਾ ਤੇ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਦੀ ਹੈਸੀਅਤ ਦੇ ਤੌਰ 'ਤੇ ਦੀਵਾਨ ਦੇ ਪ੍ਰਬੰਧ ਹੇਠ ਚਲਦੇ ਸੈਂਟਰਲ ਯਤੀਮਖਾਨੇ ਵਿਖੇ ਪਹੁੰਚ ਕੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੁਕਮਾਂ ਦੀ ਉਲੰਘਣਾ ਕੀਤੀ। ਚੱਢਾ ਸਾਹਿਬ ਦਾ ਸਵਾਗਤ ਕਰਨ 'ਤੇ ਉਨ੍ਹਾਂ ਦਾ ਇਸਤਇਕਬਾਲ ਕਰਨ ਲਈ ਭਾਵੇਂ ਜਸਵਿੰਦਰ ਸਿੰਘ ਐਡਵੋਕੇਟ ਦਾ ਧੜਾ ਸ਼ਾਮਲ ਨਹੀਂ ਹੋਇਆ ਪਰ ਉਨ੍ਹਾਂ ਸਾਰੇ ਮੈਂਬਰਾਂ ਨੇ ਚੱਢੇ ਦਾ ਗਰਮਜੋਸ਼ੀ ਨਾਲ ਸੁਆਗਤ ਕੀਤਾ। ਕਾਰਜਸਾਧਕ ਕਮੇਟੀ ਦੀ ਮੀਟਿੰਗ 10 ਜਨਵਰੀ ਨੂੰ ਹੋਣੀ ਸੀ ਪਰ ਚੱਢਾ ਦੇ ਸਪੁੱਤਰ ਤੇ ਦੀਵਾਨ ਦੇ ਸੀਨੀਅਰ ਮੀਤ ਪ੍ਰਧਾਨ ਇੰਦਰਪ੍ਰੀਤ ਸਿੰਘ ਚੱਢਾ ਦੀ ਬੇਵਕਤੀ ਮੌਤ ਕਾਰਨ ਮੀਟਿੰਗ ਮੁਲਤਵੀ ਕਰ ਦਿੱਤੀ ਸੀ ਜਿਹੜੀ ਹੁਣ 6 ਫਰਵਰੀ ਨੂੰ ਹੈ। 
ਸ੍ਰੀ ਅਕਾਲ ਤਖਤ ਸਾਹਿਬ ਤੇ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਵੱਲੋਂ ਜਿਨ੍ਹਾਂ ਵਿਚ ਚੱਢੇ ਦੇ ਮੁਤਬੰਨੇ ਜਸਵਿੰਦਰ ਸਿੰਘ ਨੇ 23 ਦੇ ਕਰੀਬ ਮੈਂਬਰਾਂ ਦੇ ਦਸਤਖਤ ਕਰਵਾ ਕੇ ਇਕ ਪੱਤਰ ਦਿੱਤਾ ਕਿ ਚੱਢਾ ਨੂੰ ਲੰਗਾਹ ਵਾਂਗ ਬਿਨਾਂ ਕਿਸੇ ਦੇਰੀ ਤੋਂ ਪੰਥ ਵਿਚੋਂ ਛੇਕਿਆ ਜਾਵੇ ਤੇ ਚੀਫ ਖਾਲਸਾ ਦੀਵਾਨ ਦੇ ਸਾਰੇ ਅਹੁਦਿਆਂ ਤੇ ਮੁੱਢਲੀ ਮੈਂਬਰਸ਼ਿਪ ਤੋਂ ਬਰਖਾਸਤ ਕਰਨ ਲਈ ਦੀਵਾਨ ਦੀ ਪ੍ਰਬੰਧਕੀ ਕਮੇਟੀ ਨੂੰ ਤੁਰੰਤ ਆਦੇਸ਼ ਦਿੱਤੇ ਪਰ ਜਥੇਦਾਰ ਅਕਾਲ ਤਖਤ ਸਾਹਿਬ ਨੇ ਚੱਢਾ ਦੀਆਂ ਸਾਰੀਆਂ ਧਾਰਮਿਕ, ਸਮਾਜਿਕ ਤੇ ਸਿਆਸੀ ਸਰਗਰਮੀਆਂ 'ਤੇ ਰੋਕ ਲਾਉਂਦਿਆਂ ਕਿਹਾ ਕਿ ਉਹ ਦੀਵਾਨ ਦੀ ਕਿਸੇ ਵੀ ਸੰਸਥਾ ਦੇ ਪ੍ਰਬੰਧ ਵਿਚ ਦਖਲਅੰਦਾਜ਼ੀ ਨਹੀਂ ਕਰਨਗੇ ਤੇ 23 ਜਨਵਰੀ ਨੂੰ ਸ੍ਰੀ ਅਕਾਲ ਤਖਤ ਦੇ ਸਕੱਤਰੇਤ ਵਿਖੇ ਹੋਣ ਵਾਲੀ ਮੀਟਿੰਗ ਵਿਚ ਸਪੱਸ਼ਟੀਕਰਨ ਦੇਣ ਲਈ ਚੱਢਾ ਨੂੰ ਬੁਲਾਇਆ ਗਿਆ। ਯਤੀਮਖਾਨੇ ਦੇ ਮੈਂਬਰ ਇੰਚਾਰਜ ਤੇ ਲੰਮਾ ਸਮਾਂ ਦੀਵਾਨ ਦੇ ਪ੍ਰਧਾਨ ਰਹੇ ਮਰਹੂਮ ਸਾਥੀ ਕਿਰਪਾਲ ਸਿੰਘ ਦੇ ਸਪੁੱਤਰ ਸਰਬਜੀਤ ਸਿੰਘ ਨੇ ਦੱਸਿਆ ਕਿ ਚੱਢਾ ਅੱਜ ਆਪਣੇ ਬੇਟੇ ਦੀ ਆਤਮਿਕ ਸ਼ਾਂਤੀ ਲਈ ਯਤੀਮਖਾਨੇ ਦੇ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਕਰਵਾਉਣ 'ਤੇ ਬੱਚਿਆਂ ਲਈ ਲੰਗਰ ਲੈ ਕੇ ਪਰਿਵਾਰ ਸਮੇਤ ਆਏ ਸਨ।