ਪਾਣੀ ਦੀ ਮਾੜੀ ਸਪਲਾਈ ਵਿਰੁੱਧ ਪਿੰਡਾਂ ਦੇ ਲੋਕਾਂ ਵੱਲੋਂ ਪ੍ਰਦਰਸ਼ਨ

10/22/2017 4:21:29 AM

ਕਾਠਗੜ੍ਹ, (ਰਾਜੇਸ਼)- ਪਿੰਡ ਜੀਓਵਾਲ ਤੇ ਬੱਛੂਆਂ ਦੀ ਮੋਟਰ 'ਚ ਲਗਾਤਾਰ ਖਰਾਬੀ ਪੈਣ ਕਾਰਨ ਦੀਵਾਲੀ ਦੇ ਤਿਉਹਾਰ ਮੌਕੇ ਵੀ ਜੀਓਵਾਲ ਤੇ ਬੱਛੂਆਂ ਦੇ ਵਾਸੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਤੇ ਟੈਂਕਰਾਂ ਰਾਹੀਂ ਪਾਣੀ ਦੀ ਪੂਰਤੀ ਕੀਤੀ ਗਈ।
ਅੱਜ ਜਲ ਘਰ ਤੋਂ ਪਾਣੀ ਦੀ ਸਪਲਾਈ ਸਹੀ ਨਾ ਹੋਣ ਕਾਰਨ ਦੋਵੇਂ ਪਿੰਡਾਂ ਦੇ ਵਾਸੀਆਂ ਨੇ ਰੋਸ ਪ੍ਰਦਰਸ਼ਨ ਕਰਦੇ ਹੋਏ ਦੱਸਿਆ ਕਿ 15 ਕੁ ਦਿਨ ਪਹਿਲਾਂ ਮੋਟਰ ਖਰਾਬ ਹੋਈ ਸੀ, ਜਿਸ ਨੂੰ ਮਹਿਕਮੇ ਨੇ ਠੀਕ ਕਰ ਦਿੱਤਾ ਸੀ ਪਰ ਦੀਵਾਲੀ ਤੋਂ 2 ਦਿਨ ਪਹਿਲਾਂ ਫਿਰ ਮੋਟਰ ਖਰਾਬ ਹੋ ਗਈ, ਜਿਸ ਕਾਰਨ ਤਿਉਹਾਰ ਮੌਕੇ ਉਨ੍ਹਾਂ ਨੂੰ ਪਾਣੀ ਦੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪਿੰਡ ਵਾਸੀਆਂ ਨੇ ਦੱਸਿਆ ਕਿ ਵਾਰ-ਵਾਰ ਮੋਟਰ ਖਰਾਬ ਹੋ ਰਹੀ ਹੈ, ਜਿਸ ਦਾ ਮਹਿਕਮੇ ਵੱਲੋਂ ਕੋਈ ਪੱਕਾ ਹੱਲ ਨਹੀਂ ਕੀਤਾ ਗਿਆ ਤੇ ਬੁੱਤਾ ਸਾਰ ਕੇ ਚਲੇ ਜਾਂਦੇ ਹਨ। ਜਦੋਂ 15 ਦਿਨ ਪਹਿਲਾਂ ਮੋਟਰ ਖਰਾਬ ਹੋਈ ਸੀ ਤਾਂ ਵਿਭਾਗੀ ਮੁਲਾਜ਼ਮਾਂ ਨੇ 40 ਹਜ਼ਾਰ ਦਾ ਬਿੱਲ ਬਣਾ ਲਿਆ ਸੀ, ਜਦਕਿ ਉਥੇ ਕੋਈ ਨਵੀਂ ਤਾਰ ਜਾਂ ਹੋਰ ਸਾਮਾਨ ਪਾਉਣ ਦੀ ਬਜਾਏ ਪੁਰਾਣੀ ਤਾਰ ਨਾਲ ਹੀ ਕੰਮ ਚਲਾ ਦਿੱਤਾ ਗਿਆ, ਜਿਸ ਕਾਰਨ 7-8 ਦਿਨਾਂ ਬਾਅਦ ਮੋਟਰ ਫਿਰ ਖਰਾਬ ਹੋ ਗਈ।
ਦੋਵੇਂ ਪਿੰਡਾਂ ਦੇ ਵਾਸੀਆਂ ਨੇ ਸੰਬੰਧਤ ਮਹਿਕਮੇ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਜਲ ਘਰ ਦੀ ਮੋਟਰ ਨੂੰ ਪੱਕੇ ਤੌਰ 'ਤੇ ਠੀਕ ਕਰਵਾਇਆ ਜਾਵੇ, ਨਹੀਂ ਤਾਂ ਉਨ੍ਹਾਂ ਨੂੰ ਮਜਬੂਰਨ ਸੰਘਰਸ਼ ਕਰਨਾ ਪਵੇਗਾ।