ਪਿੰਡ ਰਾਣੀਪੁਰ ਦਾ ਸੇਵਾ ਕੇਂਦਰ ਬੰਦ ਹੋਣ ਕਾਰਨ ਲੋਕ ਪਰੇਸ਼ਾਨ

12/16/2017 1:46:08 PM

ਫਗਵਾੜਾ (ਹਰਜੋਤ, ਜ. ਬ.)— ਪਿਛਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਪੇਂਡੂ ਇਲਾਕਿਆਂ 'ਚ ਰਹਿੰਦੇ ਲੋਕਾਂ ਨੂੰ ਸ਼ਹਿਰਾਂ 'ਚ ਸਥਿਤ ਸਰਕਾਰੀ ਦਫਤਰਾਂ ਦੀ ਖੱਜਲ-ਖੁਆਰੀ ਤੋਂ ਛੁਟਕਾਰਾ ਦਿਵਾਉਣ ਦੇ ਮਕਸਦ ਨਾਲ ਕਰੀਬ ਕਰੋੜਾਂ ਰੁਪਏ ਦੀ ਲਾਗਤ ਨਾਲ ਪਿੰਡਾਂ 'ਚ ਸੇਵਾ ਕੇਂਦਰ ਸਥਾਪਤ ਕੀਤੇ ਗਏ ਸਨ। ਬਾਦਲ ਸਰਕਾਰ ਵੱਲੋਂ ਹਰ 8 ਪਿੰਡ ਮਗਰ ਇਕ ਸੇਵਾ ਕੇਂਦਰ ਦੀ ਸੁਵਿਧਾ ਦਿੱਤੀ ਗਈ ਸੀ ਪਰ ਹੁਣ ਪੰਜਾਬ 'ਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਸਰਕਾਰ ਬਣਨ ਤੋਂ ਬਾਅਦ ਇਨ੍ਹਾਂ ਸੇਵਾ ਕੇਂਦਰਾਂ ਨੂੰ ਬੰਦ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ, ਜਿਸ ਨਾਲ ਪਿੰਡਾਂ ਦੇ ਵਸਨੀਕ ਕਾਫੀ ਪਰੇਸ਼ਾਨ ਹਨ ਕਿਉਂਕਿ ਹੁਣ ਤੱਕ ਉਨ੍ਹਾਂ ਦੇ ਜਿਹੜੇ ਕੰਮ ਘਰ ਬੈਠੇ ਹੀ ਹੋ ਰਹੇ ਸਨ, ਉਨ੍ਹਾਂ ਕੰਮਾਂ ਲਈ ਪੇਂਡੂ ਆਬਾਦੀ ਨੂੰ ਦੁਬਾਰਾ ਸ਼ਹਿਰਾਂ 'ਚ ਧੱਕੇ ਖਾਣ ਲਈ ਮਜਬੂਰ ਹੋਣਾ ਪਵੇਗਾ। 
ਸ਼ਹਿਰ ਫਗਵਾੜਾ ਦੇ ਕਸਬਾ ਰੂਪੀ ਪਿੰਡ ਰਾਣੀਪੁਰ ਕੰਬੋਆਂ ਦੇ ਬਾਹਰ ਬਣਿਆ ਸੇਵਾ ਕੇਂਦਰ ਵੀ ਸਰਕਾਰ ਦੀ ਇਸ ਨੀਤੀ ਦੀ ਭੇਟ ਚੜ੍ਹ ਰਿਹਾ ਹੈ। ਵਸਨੀਕਾਂ ਨੇ ਦੱਸਿਆ ਕਿ ਸੇਵਾ ਕੇਂਦਰ ਦਾ ਕਰੀਬ 50 ਹਜ਼ਾਰ ਰੁਪਏ ਦਾ ਬਿਜਲੀ ਦਾ ਬਿੱਲ ਬਕਾਇਆ ਹੋਣ ਕਰਕੇ ਵਿਭਾਗ ਵੱਲੋਂ ਕੁਨੈਕਸ਼ਨ ਕੱਟ ਦਿੱਤਾ ਗਿਆ ਹੈ, ਜਿਸ ਨਾਲ ਇਥੇ ਕੰਮ ਠੱਪ ਹੋ ਗਿਆ ਹੈ। ਜਿਸ ਪ੍ਰਾਈਵੇਟ ਕੰਪਨੀ ਪਾਸ ਇਸ ਸੇਵਾ ਕੇਂਦਰ ਦਾ ਠੇਕਾ ਹੈ ਉਹ ਪਹਿਲਾਂ ਜਨਰੇਟਰ ਲਈ ਤੇਲ ਸਪਲਾਈ ਕਰਦੀ ਰਹੀ ਪਰ ਹੁਣ ਕੰਪਨੀ ਨੇ ਵੀ ਤੇਲ ਦੀ ਸਪਲਾਈ ਬੰਦ ਕਰ ਦਿੱਤੀ ਹੈ ਅਤੇ ਸੁਵਿਧਾ ਕੇਂਦਰ ਨੂੰ ਤਾਲਾ ਲੱਗ ਗਿਆ ਹੈ।
ਦੂਸਰੇ ਪਾਸੇ ਉਕਤ ਸੇਵਾ ਕੇਂਦਰ 'ਚ ਕੰਮ ਕਰਦੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਕਰੀਬ ਤਿੰਨ ਮਹੀਨੇ ਤੋਂ ਉਨ੍ਹਾਂ ਨੂੰ ਤਨਖਾਹ ਦੀ ਅਦਾਇਗੀ ਨਹੀਂ ਹੋਈ ਹੈ। ਇਸ ਸੁਵਿਧਾ ਕੇਂਦਰ ਨਾਲ ਜੁੜੇ ਇਲਾਕੇ ਦੇ ਵਸਨੀਕਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਸੇਵਾ ਕੇਂਦਰ ਨੂੰ ਤੁਰੰਤ ਚਾਲੂ ਕਰਵਾਇਆ ਜਾਵੇ ਤਾਂ ਜੋ ਉਨ੍ਹਾਂ ਨੂੰ ਖੱਜਲ-ਖੁਆਰ ਨਾ ਹੋਣਾ ਪਵੇ।