ਮੁੱਦਕੀ ਰੋਡ ’ਤੇ ਵਸੀ ਦਲੀਪ ਬਸਤੀ ਅਨੇਕਾਂ ਸਹੂਲਤਾਂ ਤੋਂ ਸੱਖਣੀ

07/16/2018 7:59:27 AM

 ਬਾਘਾਪੁਰਾਣਾ (ਜ. ਬ.) - ਨਗਰ ਕੌਂਸਲ ਬਾਘਾਪੁਰਾਣਾ ਵੱਲੋਂ ਸਮੇਂ-ਸਮੇਂ ’ਤੇ ਵਿਕਾਸ ਕਾਰਜਾਂ ਦੇ ਦਾਅਵਿਆਂ ਦਾ ਢਿੰਡੋਰਾ ਪਿੱਟਿਆ ਜਾ ਰਿਹਾ ਹੈ, ਪਰ ਇਹ ਪਿੱਟਿਆ ਜਾ ਰਿਹਾ ਢਿੰਡੋਰਾ ਸੱਚਾਈ ਤੋਂ ਕੋਹਾਂ ਦੂਰ ਹੈ, ਇਨ੍ਹਾਂ ਦਾਅਵਿਆਂ ਦੀ ਪੋਲ ਸਥਾਨਕ ਸ਼ਹਿਰ ਦੇ ਮੁੱਦਕੀ ਰੋਡ  ’ਤੇ ਵੱਸੀ ਦਲਿਤ ਬਸਤੀ ਦੇ ਲੋਕਾਂ ਦੀ ਜ਼ੁਬਾਨੀ ਦਾਸਤਨ ਖੋਲ੍ਹ ਰਹੀ ਹੈ, ਜਿਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਉਨ੍ਹਾਂ ਦੇ ਵਾਰਡ ਦਾ ਕੌਂਸਲਰ ਕੌਣ ਹੈ? ਮੁੱਢਲੀਆਂ ਸੁਵਿਧਾਵਾਂ ਤਾਂ ਮਿਲਣਾ ਦੂਰ ਦੀ ਗੱਲ ਹੈ। ਦਲੀਪ ਬਸਤੀ ਦੇ ਦਲਿਤ ਲੋਕਾਂ ਨੇ ਨਗਰ ਕੌਂਸਲ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਉਹ ਗੰਦਗੀ ਭਰੇ ਵਾਤਾਵਰਣ ’ਚ ਜਿਉਣ ਲਈ ਮਜ਼ਬੂਰ ਹਨ ਕਿਉਂਕਿ ਇਸ ਬਸਤੀ ਦੀਅਾਂ ਨਾਲੀਆਂ ਦੇ ਗੰਦੇ ਪਾਣੀ ਦੇ ਨਿਕਾਸ ਦਾ ਬਿਲਕੁੱਲ ਪ੍ਰਬੰਧ ਨਹੀਂ ਹੈ ਤੇ ਇਨ੍ਹਾਂ ਨਾਲੀਆਂ ਦਾ ਗੰਦਾ ਪਾਣੀ ਬਸਤੀ ’ਚ ਪੈਂਦੀਆਂ ਖਾਲੀ ਥਾਵਾਂ ’ਤੇ ਜਮ੍ਹਾ ਰਹਿੰਦਾ ਹੈ, ਜਿਥੇ ਗੰਦਗੀ ਦੀ ਇੰਨੀ ਜ਼ਿਆਦਾ ਬਦਬੂ ਮਾਰਦੀ ਹੈ ਕਿ ਕਿਸੇ ਵਿਅਕਤੀ ਲਈ ਸੈਕਿੰਡ ਵੀ ਰੁਕਣਾ ਬੇਹਾਲ ਹੈ, ਇਥੇ ਤਾਂ ਦਲਿਤ ਬਸਤੀ ਲੋਕ ਆਪਣਾ ਜੀਵਨ ਨਿਰਬਾਹ ਕਰਨ ਲਈ ਮਜ਼ਬੂਰ ਹਨ।
 ਬਸਤੀ ਦੇ ਬਲਵੀਰ ਸਿੰਘ ਗੋਗਾ, ਸੁਖਜਿੰਦਰ ਸਿੰਘ, ਦਰਸ਼ਨ ਸਿੰਘ, ਜੁਗਰਾਜ ਸਿੰਘ, ਕੇਸਰ ਸਿੰਘ, ਮੁਲਖਾ, ਸਤਨਾਮ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਕਈ ਵਾਰ ਨਗਰ ਕੌਂਸਲ ਦੇ ਅਧਿਕਾਰੀਆਂ ਕੋਲ ਅੱਡੀਆਂ ਰਗਡ਼ ਚੁੱਕੇ ਹਨ ਕਿ ਉਨ੍ਹਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਤੋਂ ਨਿਜਾਤ ਦੁਆਈ ਜਾਵੇ, ਪਰ ਸਾਡੀ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਅਤੇ ਵਾਰਡ ਦੇ ਕੌਂਸਲਰ ਨੇ ਸਾਰ ਨਹੀਂ ਲਈ ਜਦਕਿ ਸਥਾਨਕ ਹਲਕੇ ਦੇ ਵਿਧਾਇਕ ਅਤੇ ਨਗਰ ਕੌਂਸਲ ਦੇ ਪ੍ਰਧਾਨ ਵੱਲੋਂ ਵਿਕਾਸ ਕਾਰਜਾਂ ਦਾ ਢਿੰਡੋਰਾ ਪਿੱਟਿਆ ਜਾ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਵਿਕਾਸ ਕਾਰਜਾਂ ਲਈ 18 ਕਰੋਡ਼ ਰੁਪਏ ਦੀ ਰਾਸ਼ੀ ਹਲਕੇ ਲਈ ਆਈ ਹੈ ਤਾਂ ਵਿਕਾਸ ਕਾਰਜ ਕਿਉਂ ਨਹੀਂ ਸ਼ੁਰੂ ਕੀਤੇ ਜਾ ਰਹੇ।
ਬਾਰਿਸ਼ ਦੇ ਦਿਨਾਂ ’ਚ ਹਾਲਤ ਹੋ ਜਾਂਦੀ ਹੈ ਬਦ ਤੋਂ ਬਦਤਰ
 ਵਾਰਡ ਦੇ ਬਲਬੀਰ ਸਿੰਘ ਗੋਗਾ, ਮਨੀ ਸਿੰਘ, ਲਖਵੀਰ ਸਿੰਘ ਨੇ ਮੀਂਹ ਵਾਲੇ ਦਿਨਾਂ ’ਚ ਇਸ ਬਸਤੀ ਦੀ ਹਾਲਤ ਬਦ ਤੋਂ ਬਦਤਰ ਹੋ ਜਾਂਦੀ ਹੈ ਕਿਉਂਕਿ ਨਾਲੀਆਂ ਦੇ ਗੰਦੇ ਪਾਣੀ ਦਾ ਨਿਕਾਸ ਤਾਂ ਪਹਿਲਾਂ ਹੀ ਨਹੀਂ ’ਤੋਂ ਬਾਰਿਸ਼ ਪੈਣ ਨਾਲ ਪਾਣੀ ਇੰਨਾ ਭਰ ਜਾਂਦਾ ਹੈ ਕਿ ਲੋਕਾਂ ਦਾ ਘਰਾਂ ਨਿਕਲਣਾ ਮੁਸ਼ਕਲ ਹੋ ਜਾਂਦਾ ਹੈ। ਉਨ੍ਹਾਂ ਨਗਰ ਕੌਂਸਲ ’ਤੇ ਇਹ ਵੀ ਦੋਸ਼ ਲਾਇਆ ਕਿ ਸ਼ਹਿਰ ਦੇ ਬਾਕੀ ਵਾਰਡਾਂ ਅਤੇ ਬਸਤੀਆਂ ’ਚ ਕੌਂਸਲ ਵੱਲੋਂ ਇੰਟਰਲਾਕ ਟਾਇਲਾਂ ਲਾ ਕੇ ਗਲੀਆਂ ਬਣਾਈਆਂ ਗਈਆਂ ਹਨ, ਪਰ ਉਨ੍ਹਾਂ ਦੀ ਗਲੀ ’ਚ ਸਿਰਫ ਇੱਟਾਂ ਦਾ ਖਡ਼ੋਂਚਾ ਹੀ ਚਿਣ ਕੇ ਸਾਰ ਦਿੱਤਾ ਗਿਆ, ਉਹ ਵੀ ਲੈਵਲ ਅਨੁਸਾਰ ਨਹੀਂ ਜਗ੍ਹਾ-ਜਗ੍ਹਾ ’ਤੇ ਟੋਏ ਪਏ ਹੋਏ ਹਨ। ਜੋ ਦਲਿਤਾਂ ਲੋਕਾਂ ਦੇ ਨਾਲ ਜ਼ਿਆਦਤੀ ਹੈ।

ਸਟਰੀਟ ਲਾਈਟਾਂ ਬੰਦ ਰਹਿਣ ਕਾਰਨ ਸ਼ਾਮ ਹੁੰਦਿਆਂ ਹੀ ਛਾ ਜਾਂਦੈ ਹਨੇਰਾ
 ਇਕ ਤਾਂ ਉਕਤ ਵਾਰਡ ਦੀਆਂ ਗਲੀਆਂ ਦੀ ਖਸਤਾ ਹਾਲਤ ਹੈ, ਦੂਜੇ ਪਾਸੇ ਸ਼ਾਮ ਹੁੰਦਿਆਂ ਹੀ ਬਸਤੀ ਦੀਆਂ ਸਟਰੀਟ ਲਾਈਟਾਂ ਜੋ ਲੰਮੇ ਸਮੇਂ ਤੋਂ ਬੰਦ ਪਈਆਂ ਹਨ, ਨਾ ਚੱਲਣ ਕਰਕੇ ਬਸਤੀ ’ਚ ਹਨੇਰਾ ਛਾ ਜਾਂਦਾ ਹੈ ਤੇ ਗਲੀਆਂ ’ਚ ਫਿਰਦੇ ਬੇਸਹਾਰਾ ਪਸ਼ੂ ਜੋ ਹਨੇਰਾ ਹੋਣ ਕਾਰਨ ਵ੍ਹੀਕਲ ਚਾਲਕਾਂ ਨੂੰ ਦਿਖਾਈ ਨਹੀਂ ਦਿੰਦੇ ਦੁਰਘਟਨਾਵਾਂ ਨੂੰ ਜਨਮ ਦਿੰਦੇ ਹਨ ਅਤੇ ਕਈ ਲੋਕ ਤਾਂ ਇਨ੍ਹਾਂ ਘਟਨਾਵਾਂ ਦਾ ਸ਼ਿਕਾਰ ਹੋ ਕੇ ਜ਼ਖਮੀ ਵੀ ਹੋ ਚੁੱਕੇ ਹਨ।
ਨਗਰ ਕੌਂਸਲ ਦੀ ਕਾਰਗੁਜ਼ਾਰੀ ‘ਸਵੱਛ ਭਾਰਤ ਮੁਹਿੰਮ’ ਨੂੰ ਚਿਡ਼ਾ ਰਹੀ ਮੂੰਹ
 ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 2014 ’ਚ ਸ਼ੁਰੂ ਕੀਤੀ ਗਈ ਸਵੱਛ ਭਾਰਤ ਮੁਹਿੰਮ ਵੀ ਨਗਰ ਕੌਂਸਲ ਦੇ ਵਾਰਡ ਨੰਬਰ 11 ’ਚ ਲੱਗੇ ਜਗ੍ਹਾ-ਜਗ੍ਹਾ ’ਤੇ ਕੂਡ਼ੇ ਦੇ ਢੇਰ ਨਗਰ ਕੌਂਸਲ ਦੀ ਇਸ ਪ੍ਰਤੀ ਕਾਰਗੁਜ਼ਾਰੀ ’ਤੇ ਵੀ ਮੂੰਹ ਚਿਡ਼ਾ ਰਹੇ ਹਨ। ਵਾਰਡ ਵਾਸੀਆਂ ਦਾ ਕਹਿਣਾ ਹੈ ਕਿ ਬਸਤੀ ’ਚ ਲੱਗੇ ਕੂਡ਼ੇ ਦੇ ਢੇਰਾਂ ’ਤੇ ਬੇਸਹਾਰਾ ਪਸ਼ੂ ਮੂੰਹ ਮਾਰ ਕੇ ਕੂਡ਼ੇ ਦੇ ਢੇਰਾਂ ਨੂੰ ਖਿਲਾਰ ਦਿੰਦੇ ਹਨ, ਜੇਕਰ ਕੌਂਸਲ ਵੱਲੋਂ ਸਮੇਂ ਚਿਰ ਕੂਡ਼ੇ ਦੇ ਢੇਰਾਂ ਨੂੰ ਚੁੱਕਵਾਇਆ ਜਾਵੇ ਤਾਂ ਲੋਕਾਂ ਨੂੰ ਪੇਸ਼ ਆਉਂਦੀਆਂ ਸਮੱਸਿਆਵਾਂ ਤੋਂ ਨਿਜਾਤ ਮਿਲ ਸਕਦੀ ਹੈ।
ਡਿਪਟੀ ਕਮਿਸ਼ਨਰ ਨੂੰ ਬਸਤੀ ਦੇ ਹਾਲਾਤ ਦਾ ਜਾਇਜ਼ਾ ਲੈਣ ਦੀ ਕੀਤੀ ਮੰਗ
 ਦਲੀਪ ਬਸਤੀ ਦੇ ਲੋਕਾਂ ਨੇ ਕਿਹਾ ਕਿ ਉਹ ਕਈ ਵਾਰ ਸਥਾਨਕ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਆਪਣੀਆਂ ਮੰਗਾਂ ਪ੍ਰਤੀ ਜਾਣੂ ਕਰਵਾ ਚੁੱਕੇ ਹਨ, ਪਰ ਉਨ੍ਹਾਂ ਸਾਡੀ ਅੱਜ ਤੱਕ ਸਾਰ ਨਹੀਂ ਲਈ। ਸਮੱਸਿਆਵਾਂ ਜਿਉਂ ਦੀਆਂ ਤਿਉਂ ਬਰਕਰਾਰ ਹਨ। ਉਨ੍ਹਾਂ ਡਿਪਟੀ ਕਮਿਸ਼ਨਰ ਮੋਗਾ ਨੂੰ ਅਪੀਲ ਕੀਤੀ ਕਿ ਉਹ ਖੁਦ ਬਸਤੀ ’ਚ ਆ ਕੇ ਇਥੋਂ ਦੇ ਹਾਲਾਤ ਦੇਖ ਸਕਦੇ ਹਨ ਅਤੇ ਉਨ੍ਹਾਂ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਕਿ ਉਹ ਨਗਰ ਕੌਂਸਲ ਬਾਘਾਪੁਰਾਣਾ ਨੂੰ ਬਸਤੀ ਦੇ ਲੋਕਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਤੋਂ ਨਿਜ਼ਾਤ ਦਿਵਾਉਣ ਲਈ ਕੌਂਸਲ ਨੂੰ ਨਿਰਦੇਸ਼ ਦੇਣ।