ਪਿੰਡ ਬਾਦਲ ਦਾ ਸ਼ਮਸ਼ਾਨ ਘਾਟ ਖਰੀਦ ਕੇਂਦਰ ''ਚ ਹੋਇਆ ਤਬਦੀਲ

11/01/2018 10:51:53 AM

ਬਠਿੰਡਾ(ਬਿਊਰੋ)— ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜੱਦੀ ਪਿੰਡ ਬਾਦਲ ਦਾ ਸ਼ਮਸ਼ਾਨ ਘਾਟ ਖਰੀਦ ਕੇਂਦਰ ਵਿਚ ਤਬਦੀਲ ਹੋ ਗਿਆ ਹੈ। ਖਰੀਦ ਕੇਂਦਰ ਵਿਚ ਇੰਨੀ ਜ਼ਿਆਦਾ ਫਸਲ ਪੁੱਜ ਚੁੱਕੀ ਹੈ ਕਿ ਕਿਤੇ ਵੀ ਜੀਰੀ ਉਤਾਰਨ ਲਈ ਜਗ੍ਹਾ ਖਾਲ੍ਹੀ ਨਹੀਂ ਬਚੀ, ਜਿਸ ਕਾਰਨ ਕਿਸਾਨਾਂ ਨੇ ਹੁਣ 3 ਦਿਨਾਂ ਤੋਂ ਖਰੀਦ ਕੇਂਦਰ ਦੇ ਨੇੜਲੇ ਸ਼ਮਸ਼ਾਨ ਘਾਟ ਵਿਚ ਹੀ ਜੀਰੀ ਉਤਾਰਨੀ ਸ਼ੁਰੂ ਕਰ ਦਿੱਤੀ ਹੈ। ਤੁਹਾਨੂੰ ਦੱਸ ਦੇਈਏ ਕਿ ਪਿੰਡ ਬਾਦਲ ਦੇ ਖਰੀਦ ਕੇਂਦਰ ਵਿਚ ਕਈ ਪਿੰਡਾਂ ਦੇ ਕਿਸਾਨ ਜਿਣਸ ਲੈ ਕੇ ਆਉਂਦੇ ਹਨ। ਹੁਣ ਕਿਸਾਨ ਰਾਤਾਂ ਵੀ ਸ਼ਮਸ਼ਾਨ ਘਾਟ ਵਿਚ ਕੱਟ ਰਹੇ ਹਨ।

ਇਸੇ ਤਰ੍ਹਾਂ ਬਠਿੰਡਾ ਖਿੱਤੇ ਦੇ ਖਰੀਦ ਕੇਂਦਰਾਂ ਵਿਚ ਵੀ ਹੁਣ ਇਕਦਮ ਫਸਲ ਦੀ ਆਮਦ ਤੇਜ਼ ਹੋ ਗਈ ਹੈ ਜਿਸ ਕਰਕੇ ਮੰਡੀਆਂ ਵਿਚ ਕਿਤੇ ਕੋਈ ਥਾਂ ਖਾਲ੍ਹੀ ਨਹੀਂ ਬਚੀ ਹੈ। ਪਿੰਡ ਬਾਦਲ ਵਿਚ ਤਾਂ ਕਿਸਾਨ ਪ੍ਰਾਈਵੇਟ ਅਹਾਤਿਆਂ ਵਿਚ ਵੀ ਫਸਲ ਸੁੱਟ ਬੈਠੇ ਹਨ। ਪਿੰਡ ਦੇ ਵਿੱਦਿਅਕ ਅਦਾਰਿਆਂ ਦੇ ਨੇੜੇ ਵੀ ਸੜਕਾਂ ਦੇ ਕੰਢੇ 'ਤੇ ਜਿਣਸ ਪਈ ਹੈ। ਕਿਸਾਨ ਕਹਿੰਦੇ ਹਨ ਕਿ ਹੁਣ ਪਹਿਲਾਂ ਵਾਲੀ ਗੱਲ ਨਹੀਂ ਰਹੀ ਹੈ, ਜਦੋਂਕਿ ਸਰਕਾਰੀ ਖਰੀਦ ਏਜੰਸੀਆਂ ਦਾ ਕਹਿਣਾ ਸੀ ਕਿ ਨਮੀ ਕਰਕੇ ਫਸਲ ਮੰਡੀ ਵਿਚ ਜ਼ਿਆਦਾ ਪਈ ਹੈ ਅਤੇ ਉਹ ਮਾਪਦੰਡਾਂ 'ਤੇ ਖਰੀ ਉਤਰਦੀ ਫਸਲ ਦੀ ਹੀ ਬੋਲੀ ਲਗਾ ਰਹੇ ਹਨ।

ਹੁਣ ਤੱਕ ਜ਼ਿਲੇ ਭਰ ਵਿਚ ਸਾਢੇ ਪੰਜ ਲੱਖ ਮੀਟਰਕ ਟਨ ਫਸਲ ਆ ਚੁੱਕੀ ਹੈ। ਭਾਰਤੀ ਖੁਰਾਕ ਨਿਗਮ ਵਲੋਂ ਜ਼ਿਲੇ ਭਰ ਵਿਚੋਂ ਨਾਮਾਤਰ ਜਿਣਸ ਦੀ ਹੀ ਖਰੀਦ ਕੀਤੀ ਜਾ ਰਹੀ ਹੈ। ਖੁਰਾਕ ਨਿਗਮ ਨੇ ਸਿਰਫ ਗੋਨਿਆਣਾ ਮਾਰਕੀਟ ਕਮੇਟੀ ਦੇ ਇਲਾਕੇ ਵਿਚ 2500 ਮੀਟਰਕ ਟਨ ਜੀਰੀ ਦੀ ਖਰੀਦ ਕੀਤੀ। ਸ਼ੈੱਲਰ ਵਾਲੇ ਕਹਿ ਰਹੇ ਹਨ ਕਿ ਕਿਸਾਨ ਗਿੱਲਾ ਝੋਨਾ ਲਿਆ ਰਹੇ ਹਨ, ਜਦੋਂਕਿ ਕਿਸਾਨ ਇਸ ਗੱਲ ਤੋਂ ਇਨਕਾਰ ਕਰ ਰਹੇ ਹਨ।