ਚੰਡੀਗੜ੍ਹ ਹਾਈ ਪ੍ਰੋਫਾਈਲ ਛੇੜਛਾੜ ਮਾਮਲੇ ''ਚ ਵਿਕਾਸ ਬਰਾਲਾ ਨੂੰ ਵੱਡਾ ਝਟਕਾ, ਤੈਅ ਹੋਏ ਦੋਸ਼

10/13/2017 2:26:08 PM

ਚੰਡੀਗੜ੍ਹ (ਧਰਨੀ/ਮਨਮੋਹਨ) : ਚੰਡੀਗੜ੍ਹ ਦੇ ਹਾਈ ਪ੍ਰੋਫਾਈਲ ਛੇੜਛਾੜ ਮਾਮਲੇ 'ਚ ਭਾਜਪਾ ਆਗੂ ਸੁਭਾਸ਼ ਬਰਾਲਾ ਦੇ ਬੇਟੇ ਵਿਕਾਸ ਬਰਾਲਾ ਨੂੰ ਅਦਾਲਤ ਨੇ ਵੱਡਾ ਝਟਕਾ ਦਿੱਤਾ ਹੈ। ਚੰਡੀਗੜ੍ਹ ਅਦਾਲਤ ਨੇ ਮਾਮਲੇ 'ਚ ਸੁਣਵਾਈ ਕਰਦੇ ਹੋਏ ਵਿਕਾਸ ਬਰਾਲਾ ਅਤੇ ਉਸ ਦੇ ਸਾਥੀ ਆਸ਼ੀਸ਼ 'ਤੇ ਸ਼ਰਾਬ ਦੇ ਨਸ਼ੇ 'ਚ ਗੱਡੀ ਚਲਾਉਣ ਅਤੇ ਆਈ. ਏ. ਐੱਸ. ਦੀ ਬੇਟੀ ਵਰਣਿਕਾ ਕੁੰਡੂ ਨੂੰ ਅਗਵਾ ਕਰਨ ਦੀ ਕੋਸ਼ਿਸ਼ ਦਾ ਦੋਸ਼ ਤੈਅ ਕਰ ਦਿੱਤਾ ਹੈ। ਅਦਾਲਤ ਨੇ ਦੋਸ਼ੀਆਂ 'ਤੇ ਲਾਈਆਂ ਧਾਰਾਵਾਂ ਨੂੰ ਸਹੀ ਪਾਇਆ ਹੈ। ਅਦਾਲਤ ਦੇ ਇਸ ਫੈਸਲੇ ਤੋਂ ਬਾਅਦ ਹੁਣ ਦੋਵੇਂ ਦੋਸ਼ੀਆਂ ਖਿਲਾਫ ਮੁਕੱਦਮਾ ਚੱਲੇਗਾ ਅਤੇ ਦੋਸ਼ੀ ਪਾਏ ਜਾਣ 'ਤੇ ਉਨ੍ਹਾਂ ਨੂੰ ਸਜ਼ਾ ਸੁਣਾਈ ਜਾਵੇਗੀ। 
ਜ਼ਿਕਰਯੋਗ ਹੈ ਕਿ 4-5 ਅਗਸਤ ਦੀ ਅੱਧੀ ਰਾਤ ਨੂੰ ਹਰਿਆਣਾ ਭਾਜਪਾ ਦੇ ਆਗੂ ਸੁਭਾਸ਼ ਬਰਾਲਾ ਦੇ ਬੇਟੇ ਵਿਕਾਸ ਬਰਾਲਾ ਅਤੇ ਉਸ ਦੇ ਸਾਥੀ ਆਸ਼ੀਸ਼ ਨੇ ਸ਼ਰਾਬ ਦੇ ਨਸ਼ੇ 'ਚ ਵਰਣਿਕਾ ਕੁੰਡੂ ਗੱਡੀ ਦਾ ਪਿੱਛਾ ਕੀਤਾ। ਚੰਡੀਗੜ੍ਹ ਦੀਆਂ ਸੜਕਾਂ 'ਤੇ ਪਿੱਛਾ ਕਰਦੇ ਹੋਏ ਵਿਕਾਸ ਬਰਾਲਾ ਨੇ ਕਈ ਵਾਰ ਵਰਣਿਕਾ ਕੁੰਡੂ ਦੀ ਗੱਡੀ ਰੋਕਣੀ ਚਾਹੀ ਅਤੇ ਅਗਵਾ ਕਰਨ ਦੀ ਕੋਸ਼ਿਸ਼ ਵੀ ਕੀਤੀ। ਵਰਣਿਕਾ ਦੀ ਸ਼ਿਕਾਇਤ 'ਤੇ ਪੁਲਸ ਨੇ ਪਿੱਛਾ ਕਰਦੇ ਹੋਏ ਦੋਸ਼ੀਆਂ ਨੂੰ ਮੌਕੇ ਤੋਂ ਗ੍ਰਿਫਤਾਰ ਕੀਤਾ ਸੀ। ਸਿਆਸੀ ਦਬਾਅ ਵਧਣ ਤੋਂ ਬਾਅਦ ਬੇਸ਼ੱਕ ਪੁਲਸ ਨੇ ਦੋਹਾਂ ਦੋਸ਼ੀਆਂ ਨੂੰ ਜ਼ਮਾਨਤ ਦੇ ਦਿੱਤੀ ਪਰ ਮੀਡੀਆ 'ਚ ਕਿਰਕਿਰੀ ਤੋਂ ਬਾਅਦ ਪੁਲਸ ਨੇ ਦੋਹਾਂ ਨੂੰ ਗ੍ਰਿਫਤਾਰ ਕਰਕੇ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਸੀ।