ਵਿਜੇਇੰਦਰ ਸਿੰਗਲਾ ਨੇ ਸੰਗਰੂਰ ''ਚ ਸ਼ੁਰੂ ਕਰਵਾਈ ਡਾ.ਬੀ.ਆਰ. ਅੰਬੇਡਕਰ ਐੱਸ.ਸੀ. ਪੋਸਟ ਸਕਾਲਰਸ਼ਿਪ ਸਕੀਮ

10/31/2020 3:01:43 PM

ਸੰਗਰੂਰ (ਵਿਜੈ ਕੁਮਾਰ ਸਿੰਗਲਾ): ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਮਹਾਂਕਾਵਿ ਅਤੇ ਨੈਤਿਕ ਤੇ ਮਾਨਵੀ ਕਦਰਾਂ-ਕੀਮਤਾਂ ਦੇ ਮਹਾਨ ਗ੍ਰੰਥ 'ਰਮਾਇਣ' ਦੇ ਰਚੇਤਾ ਆਦਿ ਕਵੀ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਮੌਕੇ ਸੂਬੇ ਭਰ 'ਚ ਕਰਵਾਏ ਗਏ ਸਮਾਗਮਾਂ ਦੀ ਲੜੀ 'ਚ ਸੰਗਰੂਰ ਵਿਖੇ ਸਕੂਲ ਸਿੱਖਿਆ ਅਤੇ ਲੋਕ ਨਿਰਮਾਣ ਮੰਤਰੀ ਪੰਜਾਬ ਵਿਜੇਇੰਦਰ ਸਿੰਗਲਾ ਨੇ ਮੰਦਰ ਵਿਖੇ ਨਤਮਸਤਕ ਹੋ ਕੇ ਵਾਲਮੀਕਿ ਸਮਾਜ ਨਾਲ ਮੁਬਾਰਕਬਾਦ ਸਾਂਝੀ ਕੀਤੀ।ਇਸ ਮੌਕੇ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਨੇ ਡਾ.ਬੀ.ਆਰ. ਅੰਬੈਡਕਰ ਐੱਸ.ਸੀ. ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੀ ਸੰਗਰੂਰ ਜ਼ਿਲ੍ਹੇ 'ਚ ਰਸਮੀ ਸ਼ੁਰੂਆਤ ਕੀਤੀ ਅਤੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਪੰਜ ਵਿਦਿਆਰਥੀਆਂ ਨੂੰ ਇਸ ਸਕੀਮ ਦੇ ਲਾਭ ਦੇ ਸਰਟੀਫਿਕੇਟ ਵੰਡੇ।

ਇਸ ਮੌਕੇ ਬੋਲਦਿਆਂ ਵਿਜੇਇੰਦਰ ਸਿੰਗਲਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਾਡੀ ਸਰਕਾਰ ਨੇ ਹਮੇਸ਼ਾ ਸਮਾਜ ਦੇ ਦੱਬੇ-ਕੁਚਲੇ ਵਰਗਾਂ ਨੂੰ ਅੱਗੇ ਲੈ ਕੇ ਆਉਣ ਲਈ ਸਿਰਤੋੜ ਯਤਨ ਕੀਤੇ ਹਨ। ਉਨ੍ਹਾਂ ਕਿਹਾ ਕਿ ਅੱਜ ਦਾ ਦਿਨ ਵੀ ਇਤਿਹਾਸਕ ਦਿਨ ਹੈ ਕਿਉਂਕਿ ਅੱਜ ਵੀ ਅਨੂਸਚਿਤ ਜਾਤੀਆਂ ਨਾਲ ਸਬੰਧਤ ਵਿਦਿਆਰਥੀਆਂ ਨੂੰ ਸਿੱਖਿਆ ਮੁਹੱਈਆ ਕਰਵਾਉਣ ਲਈ ਨਵੀਂ ਵਜੀਫ਼ਾ ਸਕੀਮ ਲਾਗੂ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਪੰਜਾਬ ਭਰ ਵਿਚ ਲਗਭਗ 2.5 ਲੱਖ ਵਿਦਿਆਰਥੀਆਂ ਨੂੰ ਇਸ ਸਕੀਮ ਦਾ ਲਾਭ ਮਿਲੇ ਅਤੇ ਖੁਸ਼ੀ ਦੀ ਗੱਲ ਇਹ ਹੈ ਕਿ ਹੁਣ ਤੱਕ 2 ਲੱਖ ਤੋਂ ਵਧੇਰੇ ਬੱਚਿਆਂ ਨੇ ਇਸ ਸਕੀਮ ਦਾ ਲਾਭ ਲੈਣ ਲਈ ਅਪਲਾਈ ਵੀ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਵਜੀਫ਼ਾ ਸਕੀਮ ਤਹਿਤ ਵੱਧ ਤੋਂ ਵੱਧ ਆਮਦਨ ਦੀ ਸ਼ਰਤ 2.5 ਲੱਖ ਰੁਪਏ ਤੋਂ ਵਧਾ ਕੇ 4 ਲੱਖ ਰੁਪਏ ਕਰ ਦਿੱਤੀ ਗਈ ਹੈ ਤਾਂ ਜੋ ਵੱਧ ਤੋਂ ਵੱਧ ਲੋੜਵੰਦ ਪਰਿਵਾਰਾਂ ਤੱਕ ਇਸਦਾ ਲਾਭ ਪੁੱਜਦਾ ਕੀਤਾ ਜਾ ਸਕੇ।

ਕੈਬਨਿਟ ਮੰਤਰੀ ਸਿੰਗਲਾ ਨੇ ਕਿਹਾ ਕਿ ਡਾ. ਬੀ.ਆਰ. ਅੰਬੈਡਕਰ ਐੱਸ.ਸੀ. ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਸ਼ੁਰੂ ਹੋਣ ਨਾਲ ਹੁਣ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਵਿਦਿਆਰਥੀਆਂ ਦੀ ਦਸਵੀਂ ਤੋਂ ਬਾਅਦ ਦੀ ਸਿੱਖਿਆ ਲਈ ਕੋਰਸ ਫੀਸ ਦਾ ਬੋਝ ਨਹੀਂ ਪਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਰਕਾਰੀ ਸਕੂਲਾਂ 'ਚ ਤਾਂ ਦਸਵੀਂ ਤੱਕ ਦੀ ਸਿੱਖਿਆ ਪਹਿਲਾਂ ਹੀ ਮੁਫ਼ਤ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਮੋਦੀ ਸਰਕਾਰ ਵਲੋਂ ਦਸਵੀਂ ਤੋਂ ਬਾਅਦ ਦਿੱਤੀ ਜਾਣ ਵਾਲੀ ਵਜੀਫ਼ਾ ਸਕੀਮ ਬੰਦ ਕਰਨ ਦੇ ਲਏ ਗਏ ਕਾਲੇ ਫ਼ੈਸਲੇ ਨਾਲ ਹੋਣ ਰਹੇ ਐੱਸ.ਸੀ. ਭਾਈਚਾਰੇ ਦੇ ਨੁਕਸਾਨ ਦੀ ਪੂਰਤੀ ਹੁਣ ਕਾਂਗਰਸ ਸਰਕਾਰ ਵੱਲੋਂ ਆਪਣੇ ਦਮ 'ਤੇ ਹੀ ਇਹ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਸਕੀਮ ਲਈ ਲਗਭਗ 600 ਕਰੋੜ ਰੁਪਏ ਖਰਚੇ ਜਾਣਗੇ।

ਇਸ ਮੌਕੇ ਡਿਪਟੀ ਕਮਿਸ਼ਨਰ ਰਾਮਵੀਰ, ਐੱਸ.ਡੀ.ਐੱਮ. ਬਬਨਦੀਪ ਸਿੰਘ ਵਾਲੀਆ, ਸਹਾਇਕ ਕਮਿਸ਼ਨਰ ਡਾ. ਕਰਮਜੀਤ ਸਿੰਘ, ਪੰਜਾਬ ਸਮਾਲ ਇੰਡਸਟਰੀਜ਼ ਕਾਰਪੋਰੇਸ਼ਨ ਦੇ ਵਾਇਸ ਚੇਅਰਮੈਨ ਮਹੇਸ਼ ਕੁਮਾਰ ਮੇਸ਼ੀ, ਮਾਰਕਿਟ ਕਮੇਟੀ ਚੇਅਰਮੈਨ ਅਨਿਲ ਘੀਚਾ, ਨਗਰ ਸੁਧਾਰ ਟਰੱਸਟ ਚੇਅਰਮੈਨ ਨਰੇਸ਼ ਘਾਬਾ, ਜ਼ਿਲਾ ਮਹਿਲਾ ਕਾਂਗਰਸ ਪ੍ਰਧਾਨ ਬਲਬੀਰ ਕੌਰ ਸੈਣੀ ਅਤੇ ਭਗਵਾਨ ਵਾਲਮੀਕਿ ਸਰੋਵਰ ਮੰਦਰ ਮੈਨੇਜਮੈਂਟ ਕਮੇਟੀ ਅਤੇ ਵਾਲਮੀਕਿ ਸਮਾਜ ਦੇ ਹੋਰ ਮੈਂਬਰ ਵੀ ਹਾਜ਼ਰ ਸਨ।

Shyna

This news is Content Editor Shyna