ਸਿੱਖਿਆ ਵਿਭਾਗ ਨੇ ਸਰਕਾਰੀ ਸਕੂਲਾਂ ਦਾ ਨਾਂ ਸ਼ਹੀਦਾਂ ਦੇ ਨਾਂ ''ਤੇ ਰੱਖਣ ਦੀ ਦਿੱਤੀ ਮਨਜ਼ੂਰੀ

11/21/2019 2:20:24 PM

ਮੋਹਾਲੀ (ਨਿਆਮੀਆਂ) : ਦੇਸ਼ ਅਤੇ ਕੌਮ ਦੀ ਖ਼ਾਤਿਰ ਆਪਾ ਵਾਰਨ ਵਾਲੇ ਸ਼ਹੀਦਾਂ ਦੀਆਂ ਅਦੁੱਤੀ ਕੁਰਬਾਨੀਆਂ ਨੂੰ ਮਾਣ-ਸਤਿਕਾਰ ਦੇਣਾ ਹਰ ਸਰਕਾਰ ਦਾ ਫ਼ਰਜ਼ ਹੈ। ਪੰਜਾਬ ਸਰਕਾਰ ਵਲੋਂ ਸ਼ਹੀਦਾਂ ਦੇ ਨਾਵਾਂ 'ਤੇ ਸਰਕਾਰੀ ਸੰਸਥਾਵਾਂ ਦਾ ਨਾਂ ਰੱਖਣ ਦੀ ਕਵਾਇਦ ਨੂੰ ਅੱਗੇ ਤੋਰਦਿਆਂ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਅਤੇ ਸਕੂਲ ਸਿੱਖਿਆ ਵਿਭਾਗ ਦੇ ਉਪਰਾਲਿਆਂ ਸਦਕਾ 3 ਸਰਕਾਰੀ ਸਕੂਲਾਂ ਦਾ ਨਾਂ ਉਸੇ ਪਿੰਡ ਅਤੇ ਇਲਾਕੇ ਦੇ ਸ਼ਹੀਦਾਂ ਦੇ ਨਾਂ 'ਤੇ ਰੱਖਣ ਨੂੰ ਪ੍ਰਵਾਨਗੀ ਦਿੱਤੀ ਹੈ।

ਇਸ ਸਬੰਧੀ ਸੁਖਜੀਤਪਾਲ ਸਿੰਘ ਡੀ. ਪੀ. ਆਈ. (ਸ. ਸ.) ਨੇ ਦੱਸਿਆ ਕਿ ਸਕੂਲ ਸਿੱਖਿਆ ਵਿਭਾਗ ਨੇ ਹਮੇਸ਼ਾ ਹੀ ਵੱਖ-ਵੱਖ ਪਿੰਡ ਵਾਸੀਆਂ ਵਲੋਂ ਸਕੂਲਾਂ ਦਾ ਨਾਂ ਪਿੰਡ ਦੇ ਸ਼ਹੀਦਾਂ ਅਤੇ ਮਹਾਨ ਸ਼ਖ਼ਸੀਅਤ ਦੇ ਨਾਂ 'ਤੇ ਰੱਖਣ ਦੀ ਪੇਸ਼ਕਸ਼ ਨੂੰ ਪਹਿਲ ਦੇ ਆਧਾਰ 'ਤੇ ਵਿਚਾਰਿਆ ਹੈ ਕਿਉਂਕਿ ਮਹਾਨ ਸ਼ਖ਼ਸੀਅਤਾਂ ਦਾ ਸਨਮਾਨ ਕਰਨਾ ਸਾਡਾ ਪਹਿਲਾ ਕਰਤੱਵ ਹੈ ਅਤੇ ਅਜਿਹੇ ਉਪਰਾਲੇ ਸ਼ਹੀਦਾਂ ਦੀਆਂ ਅਦੁੱਤੀ ਕੁਰਬਾਨੀਆਂ ਦੀ ਹਮੇਸ਼ਾ ਹੀ ਯਾਦ ਦਿਵਾਉਂਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਵਲੋਂ ਅਜਿਹੇ ਉਪਰਾਲੇ ਭਵਿੱਖ ਵਿਚ ਵੀ ਜਾਰੀ ਰਹਿਣਗੇ।

ਸਿੱਖਿਆ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿੱਖਿਆ ਵਿਭਾਗ ਵਲੋਂ ਜ਼ਿਲਾ ਮਾਨਸਾ, ਹੁਸ਼ਿਆਰਪੁਰ ਅਤੇ ਗੁਰਦਾਸਪੁਰ ਦੇ 3 ਪਿੰਡਾਂ ਦੇ ਸਰਕਾਰੀ ਸਕੂਲਾਂ ਦਾ ਨਾਂ ਉਥੋਂ ਦੇ ਸ਼ਹੀਦਾਂ ਦੇ ਨਾਂ 'ਤੇ ਰੱਖਣ ਲਈ ਡੀ. ਪੀ. ਆਈ. (ਸ. ਸ.) ਨੇ ਸਬੰਧਤ ਜ਼ਿਲਿਆਂ ਦੇ ਜ਼ਿਲਾ ਸਿੱਖਿਆ ਅਫ਼ਸਰਾਂ ਨੂੰ ਬਾਕਾਇਦਾ ਇਕ ਪੱਤਰ ਜਾਰੀ ਕਰ ਕੇ ਅਗਲੇਰੀ ਕਾਰਵਾਈ ਕਰਨ ਦੀ ਪ੍ਰਵਾਨਗੀ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਸਿੱਖਿਆ ਵਿਭਾਗ ਵਲੋਂ ਇਸ ਅਧੀਨ ਜ਼ਿਲਾ ਮਾਨਸਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਬਣਾਂਵਾਲਾ ਨੂੰ ਇਸ ਪਿੰਡ ਦੇ ਸ਼ਹੀਦ ਮਨਜਿੰਦਰ ਸਿੰਘ ਦੇ ਨਾਂ 'ਤੇ ਸ਼ਹੀਦ ਮਨਜਿੰਦਰ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਬਣਾਂਵਾਲਾ, ਜ਼ਿਲਾ ਹੁਸ਼ਿਆਰਪੁਰ ਦੇ ਸਰਕਾਰੀ ਐਲੀਮੈਂਟਰੀ ਸਕੂਲ ਕੁਤਬਪੁਰ ਦਾ ਨਾਂ ਉੱਥੋਂ ਦੇ ਸ਼ਹੀਦ ਜੋਗਿੰਦਰ ਸਿੰਘ ਦੇ ਨਾਂ 'ਤੇ ਸ਼ਹੀਦ ਜੋਗਿੰਦਰ ਸਿੰਘ ਸਰਕਾਰੀ ਐਲੀਮੈਂਟਰੀ ਸਕੂਲ ਕੁਤਬਪੁਰ ਅਤੇ ਜ਼ਿਲਾ ਗੁਰਦਾਸਪੁਰ ਦੇ ਸਰਕਾਰੀ ਕੰਨਿਆ ਮਿਡਲ ਸਕੂਲ ਕਲਾਨੌਰ ਦਾ ਨਾਂ ਉੱਥੋਂ ਦੇ ਸ਼ਹੀਦ ਰਜਿੰਦਰ ਸਿੰਘ ਦੇ ਨਾਂ 'ਤੇ ਸ਼ਹੀਦ ਰਜਿੰਦਰ ਸਿੰਘ ਸਰਕਾਰੀ ਕੰਨਿਆ ਮਿਡਲ ਸਕੂਲ ਕਲਾਨੌਰ ਰੱਖਣ ਦੀ ਪ੍ਰਵਾਨਗੀ ਦਿੱਤੀ ਗਈ ਹੈ।

 

Anuradha

This news is Content Editor Anuradha