ਜੰਮੂ-ਕਸ਼ਮੀਰ ਦੇ ਪੀੜਤਾਂ ਨੂੰ ਭੇਜੀ ਜਾ ਰਹੀ ਰਾਹਤ ਸਮੱਗਰੀ ''ਚ ਪੰਜਾਬੀਆਂ ਦਾ 95 ਫੀਸਦੀ ਯੋਗਦਾਨ : ਵਿਜੇ ਚੋਪੜਾ

05/02/2018 4:13:45 AM

ਲੁਧਿਆਣਾ(ਰਾਜਨ)- ਜੰਮੂ-ਕਸ਼ਮੀਰ 'ਚ ਕਈ ਦਹਾਕਿਆਂ ਤੋਂ ਭਾਰਤ ਅਤੇ ਪਾਕਿਸਤਾਨ ਦੇ ਬਾਰਡਰ ਅਤੇ ਆਸ-ਪਾਸ ਦੇ ਇਲਾਕਿਆਂ 'ਚ ਪਾਕਿਸਤਾਨ ਵੱਲੋਂ ਕੀਤੇ ਜਾ ਰਹੇ ਹਮਲਿਆਂ ਨੂੰ ਝੱਲ ਰਹੇ ਲੋਕਾਂ ਲਈ 'ਜਗ ਬਾਣੀ' ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਚੋਪੜਾ ਅਤੇ ਚੋਪੜਾ ਪਰਿਵਾਰ ਵੱਲੋਂ ਚਲਾਈ ਜਾ ਰਹੀ ਰਾਹਤ ਮੁਹਿੰਮ ਵਿਚ ਪਿਛਲੇ ਕਈ ਸਾਲਾਂ ਤੋਂ ਸਵਾਮੀ ਵਿਵੇਕਾਨੰਦ ਸਵਰਗ ਆਸ਼ਰਮ ਟਰੱਸਟ ਮਾਡਲ ਟਾਊਨ ਐਕਸਟੈਨਸ਼ਨ ਵੱਲੋਂ ਟੈਂਪੂ ਭੇਜੇ ਜਾ ਰਹੇ ਹਨ। ਇਸ ਦੇ ਤਹਿਤ ਪ੍ਰੋਗਰਾਮ ਆਯੋਜਿਤ ਕੀਤਾ ਗਿਆ, ਜਿਸ ਵਿਚ ਸ਼੍ਰੀ ਵਿਜੇ ਚੋਪੜਾ ਵਿਸ਼ੇਸ਼ ਰੂਪ ਵਿਚ ਸ਼ਾਮਲ ਹੋਏ। 
ਇਸ ਮੌਕੇ ਸ਼੍ਰੀ ਚੋਪੜਾ ਨੇ ਕਿਹਾ ਕਿ ਟਰੱਸਟ ਦੇ ਪ੍ਰਧਾਨ ਸੰਸਥਾਪਕ ਸਵ. ਰਾਮ ਪ੍ਰਕਾਸ਼ ਭਾਰਤੀ ਵਲੋਂ ਇਸ ਰਾਹਤ ਮੁਹਿੰਮ 'ਚ ਯੋਗਦਾਨ ਦੇਣਾ ਸ਼ੁਰੂ ਕੀਤਾ ਗਿਆ ਸੀ, ਜੋ ਕਿ ਹੁਣ ਉਨ੍ਹਾਂ ਦੇ ਪੁੱਤਰ ਅਨਿਲ ਭਾਰਤੀ, ਸੰਜੀਵ ਭਾਰਤੀ ਅਤੇ ਟਰੱਸਟ ਦੇ ਮਾਣਯੋਗ ਸੱਜਣ ਅੱਗੇ ਵਧਾ ਰਹੇ ਹਨ। ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਦੇ ਬਾਰਡਰ ਦੇ ਹਾਲਾਤ ਬਹੁਤ ਹੀ ਜ਼ਿਆਦਾ ਖਰਾਬ ਹਨ। ਉਥੇ ਪੀੜਤ ਪਰਿਵਾਰਾਂ ਦੀਆਂ ਜ਼ਮੀਨਾਂ ਅੱਧੀਆਂ ਪਾਕਿਸਤਾਨ ਵੱਲ ਅਤੇ ਕੁਝ ਭਾਰਤ ਵਿਚ ਹਨ ਜਿਸ ਕਾਰਨ ਉਹ ਬੇਕਸੂਰ ਲੋਕ ਕਾਫੀ ਪ੍ਰੇਸ਼ਾਨੀ ਝੱਲ ਰਹੇ ਹਨ। ਇਸ ਤੋਂ ਇਲਾਵਾ ਉਥੇ ਗੋਲੀਬਾਰੀ ਵਿਚ ਕਈ ਬੇਕਸੂਰ ਨਾਗਰਿਕ ਮਾਰੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਪਰਿਵਾਰਾਂ ਦੀ ਸਹਾਇਤਾ ਲਈ ਚਲਾਈ ਗਈ ਮੁਹਿੰਮ 'ਚ 475 ਟਰੱਕ ਰਾਹਤ ਸਮੱਗਰੀ ਦੇ ਭੇਜੇ ਜਾ ਚੁੱਕੇ ਹਨ ਅਤੇ ਇਸ ਮੁਹਿੰਮ 'ਚ 95 ਫੀਸਦੀ ਯੋਗਦਾਨ ਪੰਜਾਬੀਆਂ ਦਾ ਹੈ, ਜੋ ਕਿ ਬਹੁਤ ਹੀ ਮਾਣ ਦੀ ਗੱਲ ਹੈ। ਇਸ ਸਮੇਂ ਟਰੱਸਟ ਦੇ ਪ੍ਰਧਾਨ ਅਨਿਲ ਭਾਰਤੀ ਨੇ ਕਿਹਾ ਕਿ 'ਜਗ ਬਾਣੀ' ਅਦਾਰਾ ਇਸ ਰਾਹਤ ਮੁਹਿੰਮ ਵਿਚ ਸਵਾਮੀ ਵਿਵੇਕਾਨੰਦ ਸਵਰਗ ਆਸ਼ਰਮ ਟਰੱਸਟ ਹਮੇਸ਼ਾ ਸਹਿਯੋਗ ਕਰਦਾ ਰਹੇਗਾ।  ਇਸ ਦੌਰਾਨ ਕੌਂਸਲਰ ਮਮਤਾ ਆਸ਼ੂ, ਸੀਨੀਅਰ ਉਪ ਪ੍ਰਧਾਨ ਤਰਸੇਮ ਗੁਪਤਾ, ਉਪ ਪ੍ਰਧਾਨ ਸੰਜੀਵ ਭਾਰਤੀ, ਵੇਦ ਪ੍ਰਕਾਸ਼, ਰਜਿੰਦਰ ਸ਼ਰਮਾ, ਤਰਸੇਮ ਦੁੱਗਲ, ਰਚਨਾ ਗੁਪਤਾ, ਲਕਿਸ਼ਤਾ, ਖੁਸ਼ੀ ਅਤੇ ਹੋਰ ਮੌਜੂਦ ਸਨ। ਸ਼੍ਰੀ ਵਿਜੇ ਚੋਪੜਾ ਨੇ ਰਾਹਤ ਸਮੱਗਰੀ ਦਾ ਟੈਂਪੂ ਰਵਾਨਾ ਕੀਤਾ।