ਡੇਢ ਲੱਖ ਦੀ ਰਿਸ਼ਵਤ ਲੈਂਦਿਆਂ ਵਿਜੀਲੈਂਸ ਨੇ ਏ.ਐਸ.ਆਈ. ਕੀਤਾ ਕਾਬੂ

11/07/2017 9:37:46 PM

ਜਲੰਧਰ (ਸੋਨੂੰ)- ਪੰਜਾਬ ਪੁਲਸ ਦੇ ਜਲੰਧਰ ਵਿਜੀਲੈੰਸ ਵਿਭਾਗ ਨੇ ਹੁਸ਼ਿਆਰਪੁਰ ਦੇ ਆਰ.ਟੀ.ਏ. ਦਫਤਰ ਵਿਚ ਤਾਇਨਾਤ ਇਕ ਏ.ਐਸ.ਆਈ. ਨੂੰ ਡੇਢ ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹਥੀਂ ਫੜਿਆ ਹੈ। ਵਿਭਾਗ ਨੇ ਇਸ ਕੋਲੋਂ ਲੱਖਾਂ ਦੀ ਦੇਸੀ, ਵਿਦੇਸ਼ੀ ਕਰੰਸੀ, ਕੁਝ ਹੋਰ ਦਸਤਾਵੇਜ਼ ਸਣੇ ਇਕ ਪਿਸਟਲ ਵੀ ਬਰਾਮਦ ਕੀਤੀ ਹੈ। ਫਿਲਹਾਲ ਅਜੇ ਇਸ ਕੋਲੋਂ ਹੋਰ ਪੁੱਛਗਿਛ ਕੀਤੀ ਜਾ ਰਹੀ ਹੈ। 
ਜਲੰਧਰ ਵਿਚ ਇਕ ਪ੍ਰੈਸ ਕਾਨਫਰੰਸ ਦੌਰਾਨ ਡੀ.ਐਸ.ਪੀ. ਵਿਜੀਲੈਂਸ ਚੌਧਰੀ ਸਤਪਾਲ ਨੇ ਦੱਸਿਆ ਕਿ ਰਮੇਸ਼ ਕੁਮਾਰ ਨਾਂ ਦਾ ਇਹ ਏ.ਐਸ.ਆਈ. ਹੁਸ਼ਿਆਰਪੁਰ ਵਿਚ ਆਰ.ਟੀ.ਏ. ਦਫਤਰ ਵਿਚ ਤਾਇਨਾਤ ਸੀ ਜੋ ਖੰਨਾ ਦੇ ਇਕ ਟਰਾਂਸਪੋਰਟਰ ਸੁਖਜਿੰਦਰ ਸਿੰਘ ਨੂੰ ਉਸ ਦੇ ਟਰੱਕਾਂ ਦੇ ਚਲਾਨ ਨਾ ਕਰਨ ਦੇ ਏਵਜ ਵਿਚ 50 ਹਜ਼ਾਰ ਰੁਪਏ ਮਹੀਨੇ ਦੀ ਮੰਗ ਕਰਦਾ ਸੀ ਅਤੇ ਅਜਿਹਾ ਨਾ ਕਰਨ ਉੱਤੇ ਟਰਾਂਸਪੋਰਟਰ ਦੇ ਟਰੱਕਾਂ ਦਾ ਨਾਜਾਇਜ਼ ਚਲਾ ਕਰਨ ਦੀ ਧਮਕੀ ਦਿੰਦਾ ਸੀ। ਜਿਸ ਤੋਂ ਬਾਅਦ ਸੁਖਜਿੰਦਰ ਸਿੰਘ ਨੇ ਵਿਜੀਲੈਂਸ ਵਿਭਾਗ ਨੂੰ ਸੂਚਿਤ ਕੀਤਾ ਅਤੇ ਏ.ਐਸ.ਆਈ. ਤੋਂ ਡੇਢ ਲੱਖ ਰੁਪਏ ਵਿਚ ਸੌਦਾ ਕੀਤਾ ਜਿਸ ਵਿਚ 50 ਹਜ਼ਾਰ ਦੇ ਹਿਸਾਬ ਨਾਲ ਦੋ ਮਹੀਨੇ ਪਹਿਲਾਂ ਅਤੇ ਇਕ ਮਹੀਨੇ ਦਾ ਐਡਵਾਂਸ ਸ਼ਾਮਲ ਸੀ। ਵਿਜੀਲੈਂਸ ਵਿਭਾਗ ਨੇ ਜਲੰਧਰ-ਹੁਸ਼ਿਆਰਪੁਰ ਰੋਡ ਉੱਤੇ ਟ੍ਰੈਪ ਲਗਾ ਕੇ ਸੁਖਜਿੰਦਰ ਨੂੰ ਏ.ਐਸ.ਆਈ. ਰਮੇਸ਼ ਨੂੰ ਪੈਸੇ ਦੇਣ ਲਈ ਭੇਜਿਆ। ਉਥੇ ਜਿਵੇਂ ਹੀ ਸੁਖਜਿੰਦਰ ਨੇ ਰਮੇਸ਼ ਨੂੰ ਪੈਸੇ ਦਿੱਤੇ। ਵਿਜੀਲੈਂਸ ਵਿਭਾਗ ਨੇ ਉਸ ਨੂੰ ਰੰਗੇ ਹਥੀਂ ਗ੍ਰਿਫਤਾਰ ਕਰ ਲਿਆ। ਡੀ.ਐਸ.ਪੀ. ਵਿਜੀਲੈਂਸ ਮੁਤਾਬਕ ਏ.ਐਸ.ਆਈ. ਰਮੇਸ਼ ਕੁਮਾਰ ਦੇ ਘਰ ਦੀ ਤਲਾਸ਼ੀ ਲੈਣ ਉੱਤੇ ਉਥੋਂ 6 ਲੱਖ 50 ਹਜ਼ਾਰ ਰੁਪਏ, 2 ਹਜ਼ਾਰ ਅਮਰੀਕਨ ਡਾਲਰ, ਕੁਝ ਹੋਰ ਡਾਲਰ ਦੇ ਨਾਲ ਇਕ ਪਿਸਟਲ ਅਤੇ ਕੁਝ ਹੋਰ ਦਸਤਾਵੇਜ਼ ਵੀ ਬਰਾਮਦ ਕੀਤੇ ਹਨ। ਉਨ੍ਹਾਂ ਮੁਤਾਬਕ ਫਿਲਹਾਲ ਅਜੇ ਇਸ ਕੋਲੋਂ ਹੋਰ ਪੁੱਛਗਿਛ ਕੀਤੀ ਜਾ ਰਹੀ ਹੈ।