ਵਿਜੀਲੈਂਸ ਬਿਊਰੋ ਵੱਲੋਂ ਬਹੁਤ ਮੱਠੀ ਰਫ਼ਤਾਰ ਨਾਲ ਕੀਤੀ ਜਾ ਰਹੀ ਜਲੰਧਰ ਸਮਾਰਟ ਸਿਟੀ ਦੇ ਘਪਲਿਆਂ ਦੀ ਜਾਂਚ

10/31/2022 2:59:04 PM

ਜਲੰਧਰ (ਖੁਰਾਣਾ)– ਪੰਜਾਬ ਸਰਕਾਰ ਨੇ ਅੱਜ ਤੋਂ ਲਗਭਗ 3 ਮਹੀਨੇ ਪਹਿਲਾਂ ਜਲੰਧਰ ਸਮਾਰਟ ਸਿਟੀ ਤਹਿਤ ਹੋਏ ਕਰੋੜਾਂ ਰੁਪਏ ਦੇ ਕੰਮਾਂ ਦੀ ਜਾਂਚ ਦਾ ਜ਼ਿੰਮਾ ਵਿਜੀਲੈਂਸ ਬਿਊਰੋ ਨੂੰ ਸੌਂਪਿਆ ਸੀ ਪਰ ਅਜੇ ਤਕ ਇਸ ਮਾਮਲੇ ’ਚ ਜਲੰਧਰ ਵਿਜੀਲੈਂਸ ਬਿਊਰੋ ਨੇ ਕੋਈ ਖ਼ਾਸ ਤਰੱਕੀ ਨਹੀਂ ਕੀਤੀ ਅਤੇ ਇਹ ਜਾਂਚ ਬਹੁਤ ਹੀ ਮੱਠੀ ਰਫ਼ਤਾਰ ਨਾਲ ਚੱਲ ਰਹੀ ਹੈ। ਇਹੀ ਕਾਰਨ ਹੈ ਕਿ ਪਿਛਲੇ ਸਮੇਂ ਦੌਰਾਨ ਸਮਾਰਟ ਸਿਟੀ ਦੇ ਜਿਹੜੇ ਠੇਕੇਦਾਰਾਂ ਨੇ ਘਟੀਆ ਕੰਮ ਕੀਤੇ ਜਾਂ ਲਾਪ੍ਰਵਾਹੀ ਵਰਤੀ, ਉਨ੍ਹਾਂ ਨੂੰ ਹੁਣ ਭਰਪੂਰ ਸਮਾਂ ਮਿਲ ਰਿਹਾ ਹੈ ਅਤੇ ਵਧੇਰੇ ਠੇਕੇਦਾਰਾਂ ਨੇ ਆਪਣੇ-ਆਪਣੇ ਕੰਮਾਂ ਨੂੰ ਠੀਕ ਕਰਨਾ ਵੀ ਸ਼ੁਰੂ ਕੀਤਾ ਹੈ, ਜਿਸ ਕਾਰਨ ਕਈ ਮਾਮਲਿਆਂ ’ਚ ਵਿਜੀਲੈਂਸ ਜਾਂਚ ਹੁਣ ਬੇਮਾਨੀ ਵੀ ਸਾਬਿਤ ਹੋ ਸਕਦੀ ਹੈ।

ਜ਼ਿਕਰਯੋਗ ਹੈ ਕਿ ਜਲੰਧਰ ਸਮਾਰਟ ਸਿਟੀ ਦੇ ਲਗਭਗ ਸਾਰੇ ਪ੍ਰਾਜੈਕਟਾਂ ਦੀ ਜਾਂਚ ਵਿਜੀਲੈਂਸ ਬਿਊਰੋ ਨੂੰ ਸੌਂਪੀ ਗਈ ਸੀ ਪਰ ਪਤਾ ਲੱਗਾ ਹੈ ਕਿ ਜਲੰਧਰ ਬਿਊਰੋ ਦੇ ਅਧਿਕਾਰੀਆਂ ਨੇ ਸਿਰਫ਼ ਕੁਝ ਪ੍ਰਾਜੈਕਟਾਂ ਦਾ ਰਿਕਾਰਡ ਹੀ ਸਮਾਰਟ ਸਿਟੀ ਤੋਂ ਤਲਬ ਕੀਤਾ ਹੈ। ਕੁਝ ਸਮਾਂ ਪਹਿਲਾਂ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਬਿਆਨ ਆਦਿ ਦੇਣ ਲਈ ਬੁਲਾਇਆ ਗਿਆ ਸੀ ਪਰ ਇਸ ਤੋਂ ਵੱਧ ਤਰੱਕੀ ਅਜੇ ਨਹੀਂ ਹੋਈ ਅਤੇ ਨਾ ਹੀ ਵਿਜੀਲੈਂਸ ਦੀ ਟੀਮ ਨੇ ਸਾਈਟ ’ਤੇ ਜਾ ਕੇ ਕੋਈ ਜਾਂਚ ਆਦਿ ਹੀ ਕੀਤੀ ਹੈ। ਸਮਾਰਟ ਸਿਟੀ ਵੱਲੋਂ 21 ਕਰੋੜ ਦੀ ਲਾਗਤ ਨਾਲ 11 ਚੌਕਾਂ ਨੂੰ ਸੁੰਦਰ ਬਣਾਉਣ ਸਬੰਧੀ ਜਿਹੜਾ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਸੀ, ਉਹ ਬਹੁਤ ਵਿਵਾਦਾਂ ’ਚ ਰਿਹਾ ਅਤੇ ਹੁਣ ਉਸ ਪ੍ਰਾਜੈਕਟ ਤਹਿਤ ਹੋਇਆ ਵਧੇਰੇ ਕੰਮ ਖਰਾਬ ਹੋ ਚੁੱਕਾ ਹੈ ਪਰ ਵਿਜੀਲੈਂਸ ਜਾਂਚ ’ਚ ਦੇਰੀ ਕਾਰਨ ਹੁਣ ਠੇਕੇਦਾਰ ਨੇ ਉਸ ਕੰਮ ਦੀ ਰਿਪੇਅਰ ਕਰਨੀ ਸ਼ੁਰੂ ਕੀਤੀ ਹੈ। ਸਮਾਰਟ ਸਿਟੀ ਤਹਿਤ ਨਹਿਰ ਦੇ ਸੁੰਦਰੀਕਰਨ ਸਬੰਧੀ ਕੰਮ ਨੂੰ ਵੀ ਪਿਛਲੇ ਦਿਨੀਂ ਰਿਪੇਅਰ ਆਦਿ ਕੀਤਾ ਗਿਆ ਅਤੇ ਕਮੀਆਂ ਨੂੰ ਦੂਰ ਕਰ ਲਿਆ ਗਿਆ।

ਇਹ ਵੀ ਪੜ੍ਹੋ: ਭ੍ਰਿਸ਼ਟਾਚਾਰੀਆਂ ਦੇ ਘਰੋਂ ਨੋਟ ਗਿਣਨ ਵਾਲੀਆਂ ਮਸ਼ੀਨਾਂ ਮਿਲੀਆਂ, ਰਿਸ਼ਵਤਖੋਰਾਂ ਨੂੰ ਮੁਆਫ਼ ਨਹੀਂ ਕਰਾਂਗੇ: ਭਗਵੰਤ ਮਾਨ

‘ਆਪ’ ਵਿਧਾਇਕ ਵੀ ਜਾਂਚ ’ਚ ਤੇਜ਼ੀ ਨਹੀਂ ਲਿਆ ਸਕੇ

ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੀਤਲ ਅੰਗੁਰਾਲ ਨੇ 120 ਫੁੱਟੀ ਰੋਡ ’ਤੇ ਸਟਾਰਮ ਵਾਟਰ ਸੀਵਰ ਪ੍ਰਾਜੈਕਟ ’ਚ ਭਾਰੀ ਘਪਲੇਬਾਜ਼ੀ ਦੇ ਦੋਸ਼ ਲਾਏ ਸਨ ਪਰ 6 ਮਹੀਨੇ ਬੀਤ ਜਾਣ ਤੋਂ ਬਾਅਦ ਵੀ ਇਸ ਪ੍ਰਾਜੈਕਟ ਦੀ ਵਿਜੀਲੈਂਸ ਜਾਂਚ ਸ਼ੁਰੂ ਨਹੀਂ ਹੋਈ ਹੈ। ਇਸ ਦੌਰਾਨ ‘ਆਪ’ ਦੇ ਵਿਧਾਇਕ ਲਗਭਗ 6 ਵਾਰ 120 ਫੁੱਟੀ ਰੋਡ ’ਤੇ ਜਾ ਕੇ ਪ੍ਰਾਜੈਕਟ ਦੀਆਂ ਕਮੀਆਂ ਗਿਣਾ ਚੁੱਕੇ ਹਨ ਪਰ ਉਨ੍ਹਾਂ ਦੀ ਸ਼ਿਕਾਇਤ ਦੇ ਆਧਾਰ ’ਤੇ ਵੀ ਪੰਜਾਬ ਸਰਕਾਰ ਨੇ ਅਜੇ ਤਕ ਕੋਈ ਐਕਸ਼ਨ ਨਹੀਂ ਲਿਆ।

ਸਾਧਵੀ ਨਿਰੰਜਨ ਜੋਤੀ ਵੀ ਦਿੱਲੀ ਜਾ ਕੇ ਚੁੱਪਚਾਪ ਬੈਠ ਗਈ

ਜੁਲਾਈ ਦੇ ਪਹਿਲੇ ਹਫਤੇ ਕੇਂਦਰੀ ਮੰਤਰੀ ਸਾਧਵੀ ਨਿਰੰਜਨ ਜੋਤੀ ਨੇ ਜਲੰਧਰ ਆ ਕੇ ਕੇਂਦਰ ਸਰਕਾਰ ਦੇ ਪੈਸਿਆਂ ਨਾਲ ਸਮਾਰਟ ਸਿਟੀ ਅਤੇ ਹੋਰ ਪ੍ਰਾਜੈਕਟਾਂ ਨੂੰ ਰੀਵਿਊ ਕੀਤਾ ਸੀ ਅਤੇ ਜਲੰਧਰ ਸਮਾਰਟ ਸਿਟੀ ’ਚ ਕਰੋੜਾਂ ਰੁਪਏ ਦੇ ਘਪਲਿਆਂ ਦੀ ਜਾਂਚ ਦਾ ਵਾਅਦਾ ਕੀਤਾ ਸੀ। ਉਦੋਂ ਪ੍ਰੈੱਸ ਕਾਨਫ਼ਰੰਸ ਦੌਰਾਨ ਉਨ੍ਹਾਂ ਸਾਫ ਸ਼ਬਦਾਂ ’ਚ ਕਿਹਾ ਸੀ ਕਿ ਉਹ ਜਲਦ ਜਲੰਧਰ ਆ ਕੇ ਸਮਾਰਟ ਸਿਟੀ ਦੇ ਕੰਮਾਂ ਬਾਰੇ ਸਰਕਾਰ ਅਤੇ ਸੰਬੰਧਤ ਅਧਿਕਾਰੀਆਂ ਦੀ ਜਵਾਬਤਲਬੀ ਕਰਨਗੇ ਪਰ ਸਾਧਵੀ ਨਿਰੰਜਨ ਜੋਤੀ ਨੂੰ ਦਿੱਲੀ ਗਿਆਂ ਵੀ 3 ਮਹੀਨੇ ਤੋਂ ਵੱਧ ਸਮਾਂ ਹੋ ਚੁੱਕਾ ਹੈ। ਇਸ ਦੌਰਾਨ ਉਨ੍ਹਾਂ ਨੇ ਨਾ ਤਾਂ ਜਲੰਧਰ ਸਮਾਰਟ ਸਿਟੀ ਦੇ ਘਪਲਿਆਂ ਸਬੰਧੀ ਜਾਂਚ ਦੇ ਕੋਈ ਹੁਕਮ ਦਿੱਤੇ ਹਨ, ਨਾ ਕਿਸੇ ਅਧਿਕਾਰੀ ਦੀ ਜਵਾਬਤਲਬੀ ਕੀਤੀ ਹੈ ਅਤੇ ਨਾ ਹੀ ਉਨ੍ਹਾਂ ਦਾ ਕੋਈ ਦੌਰਾ ਜਲੰਧਰ ’ਚ ਹੋਇਆ ਹੈ। ਇਸੇ ਕਾਰਨ ਸ਼ਹਿਰ ਦੇ ਉਹ ਭਾਜਪਾਈ ਵੀ ਨਿਰਾਸ਼ ਦਿਸ ਰਹੇ ਹਨ, ਜੋ ਸਾਧਵੀ ਦੇ ਦੌਰਿਆਂ ਤੋਂ ਬਾਅਦ ਕਾਫ਼ੀ ਹਮਲਾਵਰ ਨਜ਼ਰ ਆਉਣ ਲੱਗੇ ਸਨ।

ਇਹ ਵੀ ਪੜ੍ਹੋ: ਕਪੂਰਥਲਾ ’ਚ ਵਾਪਰੇ ਭਿਆਨਕ ਸੜਕ ਹਾਦਸੇ ਨੇ ਦੋ ਘਰਾਂ ’ਚ ਵਿਛਾਏ ਸੱਥਰ, ਦੋ ਦੋਸਤਾਂ ਦੀ ਦਰਦਨਾਕ ਮੌਤ

ਹੁਣ ਨਿਗਮ ਅਧਿਕਾਰੀਆਂ ਦੇ ਸਿਰ ਮੜ੍ਹ ਦਿੱਤੇ ਗਏ ਹਨ ਸਮਰਾਟ ਸਿਟੀ ਦੇ ਸਕੈਂਡਲ

ਪਿਛਲੇ ਲਗਭਗ 3 ਸਾਲਾਂ ਦੌਰਾਨ ਜਲੰਧਰ ਸਮਾਰਟ ਸਿਟੀ ’ਚ ਕਰੋੜਾਂ ਰੁਪਏ ਦੇ ਜੋ ਪ੍ਰਾਜੈਕਟ ਬਣਾਏ ਅਤੇ ਚਲਾਏ ਗਏ, ਉਨ੍ਹਾਂ ’ਚ ਸਭ ਤੋਂ ਵੱਧ ਭ੍ਰਿਸ਼ਟਾਚਾਰ ਅਤੇ ਕਮੀਸ਼ਨਖੋਰੀ ਦੇ ਦੋਸ਼ ਲੱਗੇ ਪਰ ਹੁਣ ਉਸ ਸਮੇਂ ਦੇ ਸਾਰੇ ‘ਸਮਾਰਟ’ ਅਧਿਕਾਰੀ ਸਮਾਰਟ ਸਿਟੀ ਨੂੰ ਛੱਡ ਕੇ ਜਾ ਚੁੱਕੇ ਹਨ। ਕਈਆਂ ਦਾ ਤਬਾਦਲਾ ਹੋ ਗਿਆ ਹੈ, ਕਈਆਂ ਨੂੰ ਸਮਾਰਟ ਸਿਟੀ ਦੇ ਸੀ. ਈ. ਓ. ਨੇ ਕੱਢ ਦਿੱਤਾ ਅਤੇ ਕਈਆਂ ਨੇ ਖ਼ੁਦ ਹੀ ਸਮਾਰਟ ਸਿਟੀ ਤੋਂ ਪੱਲਾ ਝਾੜ ਲਿਆ। ਚਾਹੀਦਾ ਤਾਂ ਇਹ ਸੀ ਕਿ ਜਿਸ ਅਧਿਕਾਰੀ ਦੇ ਕਾਰਜਕਾਲ ’ਚ ਘਪਲੇ ਹੋਏ, ਉਸ ਦੀ ਜਵਾਲਤਲਬੀ ਕੀਤੀ ਜਾਂਦੀ ਪਰ ਹੁਣ ਜਲੰਧਰ ਨਿਗਮ ਦੇ ਮੌਜੂਦਾ ਅਧਿਕਾਰੀਆਂ ਦੇ ਸਿਰ ਸਮਾਰਟ ਸਿਟੀ ਦੇ ਸਾਰੇ ਸਕੈਂਡਲ ਪਾ ਦਿੱਤੇ ਗਏ ਹਨ ਅਤੇ ਹੁਣ ਉਨ੍ਹਾਂ ਨੂੰ ਵਿਜੀਲੈਂਸ ਕੋਲ ਜਾ ਕੇ ਫਾਈਲਾਂ ਦਿਖਾਉਣੀਆਂ ਹੋਣਗੀਆਂ।

ਮੇਅਰ ਅਤੇ ਕੌਂਸਲਰ ਹਾਊਸ ਦੀ ਵੀ ਕੋਈ ਵੈਲਿਊ ਨਹੀਂ ਸਮਝੀ ਗਈ

ਮੇਅਰ ਜਗਦੀਸ਼ ਰਾਜਾ ਨੇ ਜਲੰਧਰ ਸਮਾਰਟ ਸਿਟੀ ਦੇ ਕਈ ਪ੍ਰਾਜੈਕਟਾਂ ’ਚ ਭ੍ਰਿਸ਼ਟਾਚਾਰ ਦਾ ਮੁੱਦਾ ਉਠਾਇਆ ਅਤੇ ਸਰਕਾਰ ਨੂੰ ਚਿੱਠੀ ਤਕ ਲਿਖੀ। ਇਸ ਤੋਂ ਇਲਾਵਾ ਜਲੰਧਰ ਨਿਗਮ ਦਾ ਕੌਂਸਲਰ ਹਾਊਸ, ਜਿਸ ਨੂੰ ਸੁਪਰੀਮ ਮੰਨਿਆ ਜਾਂਦਾ ਹੈ, ਨੇ ਵੀ ਐੱਲ. ਈ. ਡੀ. ਪ੍ਰਾਜੈਕਟ ’ਚ ਭਾਰੀ ਗੜਬੜੀ ਦੀ ਪੁਸ਼ਟੀ ਕੀਤੀ ਅਤੇ ਕੌਂਸਲਰਾਂ ਦੀ ਕਮੇਟੀ ਤਕ ਬਣਾ ਕੇ ਸਕੈਂਡਲ ਨੂੰ ਸਾਬਿਤ ਕੀਤਾ ਪਰ ਇਸ ਦੇ ਬਾਵਜੂਦ ਪੰਜਾਬ ਸਰਕਾਰ ਜਾਂ ਵਿਜੀਲੈਂਸ ਬਿਊਰੋ ਨੇ ਨਾ ਮੇਅਰ ਅਤੇ ਨਾ ਹੀ ਕੌਂਸਲਰ ਹਾਊਸ ਦੀ ਕੋਈ ਵੈਲਿਊ ਸਮਝੀ। ਇੰਨਾ ਕੁਝ ਹੋਣ ਦੇ ਬਾਵਜੂਦ ਅੱਜ ਵੀ ਲਗਭਗ 60 ਕਰੋੜ ਦੇ ਐੱਲ. ਈ. ਡੀ. ਸਟ੍ਰੀਟ ਲਾਈਟ ਸਕੈਂਡਲ ਦੀ ਜਾਂਚ ਤਕ ਨਹੀਂ ਹੋਈ।

ਇਹ ਵੀ ਪੜ੍ਹੋ: ਜਲੰਧਰ: 6 ਮਹੀਨਿਆਂ ਦੀ ਬੱਚੀ ਦੇ ਕਤਲ ਮਾਮਲੇ 'ਚ ਨਵਾਂ ਖ਼ੁਲਾਸਾ, ਪਿਓ ਨੇ ਰੇਪ ਕਰ ਦਿੱਤੀ ਸੀ ਬੇਰਹਿਮ ਮੌਤ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri