ਐੱਫ. ਆਈ. ਆਰ. ਦਰਜ ਹੁੰਦੇ ਹੀ ਸੀਟਾਂ ਤੋਂ ਗਾਇਬ ਹੋਏ ਰੈਵੇਨਿਊ ਅਧਿਕਾਰੀ

07/07/2017 1:14:23 PM

ਲੁਧਿਆਣਾ (ਜ.ਬ.)-ਚੰਡੀਗੜ੍ਹ ਵਿਚ ਵਿਜੀਲੈਂਸ ਵਿਭਾਗ ਵੱਲੋਂ ਫੋਕਲ ਪੁਆਇੰਟ ਹਿੱਤ ਐਕਵਾਇਰ ਹੋਈ ਜ਼ਮੀਨ ਦਾ ਮੁਆਵਜ਼ਾ ਲੈਣ ਦੇ ਬਾਵਜੂਦ ਰੈਵੇਨਿਊ ਅਧਿਕਾਰੀਆਂ ਦੇ ਨਾਲ ਮਿਲ ਕੇ ਐਕਵਾਇਰ ਜ਼ਮੀਨ ਅੱਗੇ ਵੇਚਣ ਦੇ ਦੋਸ਼ ਵਿਚ ਪਰਿਵਾਰ ਸਮੇਤ ਤਿੰਨ ਪਟਵਾਰੀਆਂ ਅਤੇ ਕਾਨੂੰਨਗੋ ਖਿਲਾਫ ਮਾਮਲਾ ਦਰਜ ਕਰਨ ਦੀ ਖ਼ਬਰ ਨੇ
ਵਿਭਾਗ ਵਿਚ ਹਫੜਾ-ਦਫੜੀ ਮਚਾ ਦਿੱਤੀ ਹੈ। ਕੇਸ ਦਰਜ ਹੋਣ ਦੀ ਸੂਚਨਾ ਮਿਲਦੇ ਹੀ ਨਾਮਜ਼ਦ ਕਰਮਚਾਰੀ ਸੀਟਾਂ ਤੋਂ ਗਾਇਬ ਹੋ ਗਏ।
ਅਸਲ ਵਿਚ ਵਿਜੀਲੈਂਸ ਵਿਭਾਗ ਨੂੰ ਸਬੰਧਤ ਵਿਭਾਗ ਵੱਲੋਂ ਸ਼ਿਕਾਇਤ ਭੇਜੀ ਗਈ ਸੀ ਕਿ ਲੁਧਿਆਣਾ ਦੇ ਮੁੰਡੀਆਂ ਕਲਾਂ ਵਿਚ 1100 ਵਰਗ ਗਜ਼ ਦਾ ਇਕ ਪਲਾਟ ਜਿਸ ਨੂੰ ਇੰਡਸਟਰੀ ਵਿਭਾਗ ਵੱਲੋਂ ਫੋਕਲ ਪੁਆਇੰਟ ਸਥਾਪਿਤ ਕਰਨ ਲਈ ਐਕਵਾਇਰ ਕੀਤਾ ਗਿਆ ਸੀ ਅਤੇ ਇਸ ਸਬੰਧੀ ਪਰਿਵਾਰ ਨੂੰ ਸਰਕਾਰ ਵੱਲੋਂ ਨਿਸ਼ਚਿਤ ਮੁਆਵਜ਼ਾ ਵੀ ਦੇ ਦਿੱਤਾ ਗਿਆ। ਬਾਵਜੂਦ ਇਸ ਦੇ ਲਾਭਪਾਤਰ ਪਰਿਵਾਰ ਨੇ ਕਾਨੂੰਨਗੋ ਪਰਮਜੀਤ ਸਿੰਘ, ਪਟਵਾਰੀ ਜਸਕਰਨ ਸਿੰਘ, ਗੁਰਪ੍ਰੀਤ ਸਿੰਘ ਅਤੇ ਅਨਿਲ ਕੁਮਾਰ ਦੇ ਨਾਲ ਗੰਢਤੁਪ ਕਰ ਕੇ ਉਕਤ ਪਲਾਟ ਨੂੰ ਅੱਗੇ ਵੱਖ-ਵੱਖ ਵਿਅਕਤੀਆਂ ਨੂੰ ਵੇਚ ਦਿੱਤਾ। ਵਿਜੀਲੈਂਸ ਨੇ ਚਾਰੇ ਰੈਵੇਨਿਊ ਅਧਿਕਾਰੀਆਂ ਦੇ ਨਾਲ ਅਮਰੀਕ ਸਿੰਘ ਦੇ ਪਰਿਵਾਰ ਖਿਲਾਫ ਪਰਚਾ ਦਰਜ ਕਰ ਦਿੱਤਾ।
ਉਧਰ, ਕੇਸ ਦੀ ਭਿਣਕ ਪੈਂਦੇ ਹੀ ਜਿੱਥੇ ਦੋਸ਼ੀ ਰੂਪੋਸ਼ ਹੋ ਗਏ, ਉਥੇ ਵਿਭਾਗ ਵਿਚ ਹਫੜਾ-ਦਫੜੀ ਮਚ ਗਈ। ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ ਦੇ ਲੱਖ ਯਤਨਾਂ ਦੇ ਬਾਵਜੂਦ ਵਿਭਾਗ ਦੇ ਅਧਿਕਾਰੀ ਸੁਧਰਦੇ ਦਿਖਾਈ ਨਹੀਂ ਦੇ ਰਹੇ ਹਨ। ਪਿਛਲੇ ਮਹੀਨਿਆਂ ਦੌਰਾਨ ਜਿੱਥੇ ਵਿਜੀਲੈਂਸ ਵਿਭਾਗ ਨੇ ਦੋ ਪਟਵਾਰੀਆਂ ਨੂੰ ਰਿਸ਼ਵਤ ਲੈਂਦੇ ਦਬੋਚਿਆ, ਉਥੇ ਇਕ ਪਟਵਾਰੀ ਦੇ ਕਰਿੰਦੇ ਵੱਲੋਂ ਵਸੂਲੀ ਰਿਸ਼ਵਤ ਪਟਵਾਰੀ ਦੀ ਜੇਬ ਤੋਂ ਮਿਲਣ ਸਬੰਧੀ ਸਥਾਨਕ ਵਿਧਾਇਕ ਵੱਲੋਂ ਬਣਾਈ ਵੀਡੀਓ ਦਾ ਮਾਮਲਾ ਵੀ ਖਾਸਾ ਚਰਚਾ ਵਿਚ ਰਿਹਾ ਸੀ।